ਸ੍ਰੀ ਮੁਕਤਸਰ ਸਾਹਿਬ, 08 ਸਤੰਬਰ (BTTNEWS)- ਸਿਵਲ ਸਰਜਨ ਡਾ. ਰੀਟਾ ਬਾਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਤਾਰ ਸਿੰਘ ਦੀ ਅਗਵਾਈ ਹੇਠ ਬਲਾਕ ਚੱਕ ਸ਼ੇਰੇ ਵਾਲਾ ਵਿਖੇ ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ ਮੁਹਿੰਮ ਸਬੰਧੀ ਗਤੀਵਿਧੀਆਂ ਕੀਤੀ ਗਈਆਂ। ਡਾ. ਕੁਲਤਾਰ ਸਿੰਘ ਅਤੇ ਬੀ.ਈ.ਈ ਮਨਬੀਰ ਸਿੰਘ ਨੇ ਦੱਸਿਆ ਕਿ ਹਰੇਕ ਸ਼ੁਕਰਵਾਰ ਨੂੰ ਵਿਸ਼ੇਸ਼ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ, ਸਕੂਲਾਂ, ਸਰਕਾਰੀ ਦਫਤਰਾਂ ਅਤੇ ਹੋਰ ਥਾਵਾਂ ਤੇ ਜਾਗਰੂਕਤਾ ਗਤੀਵਿਧੀਆਂ ਕੀਤੀ ਜਾ ਰਹੀਆਂ ਹਨ। ਇਸ ਲੜੀ ਵਿਚ ਅੱਜ ਸਿਹਤ ਕਰਮੀਆਂ ਵਲੋਂ ਸਕੂਲਾਂ, ਨਰੇਗਾ ਕਾਮਿਆਂ, ਘਰ-ਘਰ ਸਰਵੇ, ਬੂਟਿਆਂ ਦੀਆਂ ਨਰਸਰੀਆਂ ਵਿੱਚ ਡੇਂਗੂ ਦੀ ਰੋਕਥਾਮ ਲਈ ਮੱਛਰਾਂ ਦੇ ਲਾਰਵੇ ਦੀ ਜਾਂਚ ਤੇ ਸਰਵੇ ਕਰਨ ਅਤੇ ਬੱਚਿਆਂ ਤੇ ਲੋਕਾਂ ਨੂੰ ਡੇਂਗੂ ਦੀ ਰੋਕਥਾਮ ਸਬੰਧੀ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਗਈ। ਇਸ ਦੌਰਾਨ ਸਿਹਤ ਕਰਮੀਆਂ ਵੱਲੋਂ ਸਰਵੇ ਕਰਨ ਦੇ ਨਾਲ ਹੀ ਡੇਂਗੂ ਮਲੇਰੀਆ ਦੇ ਲੱਛਣਾਂ ਤੇ ਬਚਾਅ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਆਪਣੇ ਆਲੇ ਦੁਆਲੇ ਸਾਫ਼ ਸਫ਼ਾਈ ਦਾ ਖਾਸ ਖਿਆਲ ਰੱਖਿਆ ਜਾਵੇ ਜਿਵੇਂ ਗਮਲਿਆਂ, ਫਰਿਜਾਂ ਦੀਆਂ ਟੇ੍ਆਂ, ਕੂਲਰਾਂ, ਪੁਰਾਣੇ ਟਾਇਰਾਂ, ਛੱਤਾਂ 'ਤੇ ਪਏ ਪੁਰਾਣੇ ਨਾ ਵਰਤਣ ਯੋਗ ਸਮਾਨ ਆਦਿ 'ਚ ਪਾਣੀ ਨਾ ਜਮ੍ਹਾਂ ਹੋਣ ਦਿੱਤਾ ਜਾਵੇ। ਹਫ਼ਤੇ 'ਚ ਇਕ ਦਿਨ ਹਰੇਕ ਸ਼ੁੱਕਰਵਾਰ ਡਰਾਈ-ਡੇ ਵਜੋ ਮਨਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਬੁਖਾਰ ਮਾਦਾ ਏਡੀਜ ਅਜਿਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਸ ਦੇ ਆਮ ਲੱਛਣ ਸਿਰ ਦਰਦ, ਮਸੂੜਿਆਂ 'ਚੋਂ ਖੂਨ ਆਉਣਾ, ਉਲਟੀਆਂ ਆਉਣਾ ਆਦਿ ਹੋ ਸਕਦੇ ਹਨ। ਇਸ ਤੋਂ ਬਚਾਅ ਲਈ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖਣਾ ਚਾਹੀਦਾ ਹੈ, ਰਾਤ ਨੂੰ ਸੋਣ ਸਮੇਂ ਮੱਛਰਦਾਨੀ ਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸਿਹਤ ਕਰਮੀਆਂ ਨੇ ਦੱਸਿਆ ਕਿ ਡੇਂਗੂ ਬੁਖਾਰ ਦਾ ਟੈਸਟ ਅਤੇ ਇਲਾਜ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ 'ਚ ਫਰੀ ਕੀਤਾ ਜਾਂਦਾ ਹੈ ਜੇ ਕਿਸੇ ਨੂੰ ਸਿਹਤ ਸਬੰਧੀ ਕੋਈ ਮੁਸ਼ਕਲ ਆਵੇ ਤਾਂ ਨੇੜੇ ਦੇ ਸਿਹਤ ਕੇਂਦਰ ਨਾਲ ਸਪੰਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇ ਵੱਖ-ਵੱਖ ਸਿਹਤ ਕੇਂਦਰਾਂ ਦਾ ਸਟਾਫ, ਮ.ਪ.ਹ.ਸ (ਮੇਲ ਤੇ ਫੀਮੇਲ), ਮ.ਪ.ਹ.ਵ (ਮੇਲ ਤੇ ਫੀਮੇਲ), ਸੀ.ਐਚ.ਓ, ਆਸ਼ਾ ਸੁਪਰਵਾਈਜ਼ਰ ਤੇ ਆਸ਼ਾ ਵਰਕਰ ਅਤੇ ਪਿੰਡ ਵਾਸੀ ਆਦਿ ਮੌਜੂਦ ਸਨ।
'ਹਰ ਸ਼ੁਕਰਵਾਰ ਡੇਂਗੂ ਤੇ ਵਾਰ' ਮੁਹਿੰਮ ਤਹਿਤ ਸਕੂਲੀ ਬੱਚਿਆਂ 'ਤੇ ਨਰੇਗਾ ਕਾਮਿਆਂ ਨੂੰ ਦਿੱਤੀ ਡੇਂਗੂ ਤੋਂ ਬਚਾਅ ਬਾਰੇ ਜਾਣਕਾਰੀ
September 08, 2023
0