- ਅਗਾਊਂ ਪੱਤਰ ਤੇ ਏਜੰਡਾ ਭੇਜ ਦਿੱਤਾ ਹੈ -
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (BTTNEWS)- ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਕਰੀਬ ਪਿਛਲੇ ਤਿੰਨ ਦਹਾਕਿਆਂ ਤੋਂ ਆਪਣੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਮੁਲਾਜ਼ਮਾਂ ਅਤੇ ਆਮ ਲੋਕਾਂ ਦੇ ਹੱਕਾਂ ਲਈ ਯਤਨਸ਼ੀਲ ਹੈ। ਸਰਕਾਰੀ ਅਧਿਕਾਰੀਆਂ ਕੋਲ ਜਾ ਕੇ ਅਜਿਹੇ ਮਾਮਲੇ ਉਠਾਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਹੱਲ ਕਰਵਾਇਆ ਜਾਂਦਾ ਹੈ। ਇਲਾਕੇ ਦੀ ਇਕੋ ਇਕ ਮੈਡੀਕਲ ਯੂਨੀਵਰਸਿਟੀ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫਰੀਦਕੋਟ ਦੇ ਕਈ ਕਰਮਚਾਰੀਆਂ ਵੱਲੋਂ ਆਪਣੀਆਂ ਮੁਸ਼ਕਲਾਂ ਅਤੇ ਬਣਦੇ ਹੱਕ ਨਾ ਦਿੱਤੇ ਜਾਣ ਦੇ ਮਾਮਲੇ ਮੰਚ ਦੇ ਧਿਆਨ ਵਿੱਚ ਲਿਆਂਦੇ ਹਨ। ਇਹਨਾਂ ਸਾਰੇ ਮਾਮਲਿਆਂ ਸਬੰਧੀ ਏਕਤਾ ਭਲਾਈ ਮੰਚ ਦੇ ਵਫ਼ਦ ਵੱਲੋਂ ਆਉਂਦੀ 04 ਅਕਤੂਬਰ ਬੁੱਧਵਾਰ ਨੂੰ ਬਾਦ ਦੁਪਹਿਰ 3:00 ਵਜੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਨਾਲ ਮੁਲਾਕਾਤ ਕੀਤੀ ਜਾਵੇਗੀ। ਸਥਾਨਕ ਬੁੱਧ ਵਿਹਾਰ ਕਲੋਨੀ ਸਥਿਤ ਮੰਚ ਦੇ ਮੁੱਖ ਦਫਤਰ ਤੋਂ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਮੁਲਾਕਾਤ ਲਈ ਅਗਾਊਂ ਸੂਚਨਾ ਪੱਤਰ ਅਤੇ ਏਜੰਡਾ ਵਾਇਸ ਚਾਂਸਲਰ ਨੂੰ ਭੇਜ ਦਿੱਤਾ ਗਿਆ ਹੈ। ਏਜੰਡੇ ਅਨੁਸਾਰ ਯੂਨੀਵਰਸਿਟੀ ਵੱਲੋਂ ਨਰਸਿੰਗ ਫੈਕਲਟੀ ਸਬਜੈਕਟ ਵਾਈਜ ਜਾਰੀ ਕੀਤੀ ਸੀਨੀਆਰਤਾ ਸੂਚੀ ਅਤੇ ਸਬਜੈਕਟ ਵਾਈਜ ਨਿਰਧਾਰਤ ਫੈਕਲਟੀ ਆਸਾਮੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਯੂਨੀਵਰਸਿਟੀ ਦੇ ਸਾਰੇ ਮੌਜੂਦਾ ਅਤੇ ਨੌਕਰੀ ਛੱਡ ਚੁੱਕੇ ਠੇਕਾ ਆਧਾਰਿਤ ਕਰਮਚਾਰੀਆਂ ਨੂੰ ਨਿਯੁਕਤੀ ਦੀ ਮਿਤੀ ਤੋਂ ਤਨਖਾਹ ਵਾਧਾ ਅਤੇ ਸਾਰਾ ਏਰੀਅਰ ਦੀਵਾਲੀ ਤੋਂ ਪਹਿਲਾਂ ਦੇਣ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ। ਢੋਸੀਵਾਲ ਨੇ ਅੱਗੇ ਦੱਸਿਆ ਹੈ ਕਿ ਏਜੰਡਾ ਮੁਤਾਬਿਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਿਜ ਅਤੇ ਰੇਡੀਓਲਾਜੀ ਦੇ ਲੈਕਚਰਾਰ ਨੂੰ ਏ.ਸੀ.ਪੀ. ਦਾ ਲਾਭ ਦੇਣ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾਵੇਗੀ ਤਾਂ ਜੋ ਨਰਸਿੰਗ ਫੈਕਲਟੀ ਨੂੰ ਵੀ ਇਹ ਲਾਭ ਮਿਲ ਸਕੇ। ਇਸ ਤੋਂ ਇਲਾਵਾ ਦਰਜਾ ਚਾਰ ਕਰਮਚਾਰੀਆਂ ਤੋਂ ਕਲਰਕ ਪ੍ਰਮੋਟ ਕਰਨ ਲਈ ਵੀ ਗੱਲਬਾਤ ਦਾ ਮਾਮਲਾ ਏਜੰਡੇ ਵਿਚ ਸ਼ਾਮਲ ਹੈ। ਯੂਨੀਵਰਸਿਟੀ ਦੇ ਲੋਕ ਸੂਚਨਾ ਦਫਤਰ ਵੱਲੋਂ ਆਰ.ਟੀ.ਆਈ. ਐਕਟ ਅਧੀਨ ਮੰਗੀਆਂ ਜਾਣਕਾਰੀਆਂ ਤੱਥਾਂ ਤੋਂ ਪਰੇ ਅਤੇ ਗੁੰਮਰਾਹ ਤਰੀਕੇ ਨਾਲ ਦੇਣ ਦੇ ਮਾਮਲੇ ਵਿਚਾਰਨਾ ਵੀ ਏਜੰਡੇ ਵਿਚ ਸਾਮਲ ਹੈ। ਪ੍ਰਧਾਨ ਢੋਸੀਵਾਲ ਨੇ ਅੱਗੇ ਕਿਹਾ ਹੈ ਕਿ ਉਹਨਾਂ ਦੀ ਸੰਸਥਾ ਭਵਿੱਖ ਵਿਚ ਵੀ ਇਸੇ ਤਰ੍ਹਾਂ ਹੀ ਮੁਲਾਜ਼ਮਾਂ ਅਤੇ ਆਮ ਲੋਕਾਂ ਦੇ ਮਸਲੇ ਹੱਲ ਕਰਵਾਉਣ ਲਈ ਯਤਨਸ਼ੀਲ ਰਹੇਗੀ।
ਪ੍ਰਧਾਨ ਢੋਸੀਵਾਲ ਵਾਇਸ ਚਾਂਸਲਰ ਨੂੰ ਭੇਜੇ ਪੱਤਰ ਦੀ ਨਕਲ ਦਿਖਾਉਂਦੇ ਹੋਏ। |