ਕਣਕ ਦੇ ਸਟਾਕ ‘ਚ ਹੇਰਾਫੇਰੀ, DFSC ਦੇ 2 ਇੰਸਪੈਕਟਰ 'ਤੇ 3 ਆੜਤੀਆਂ ਖ਼ਿਲਾਫ਼ ਕੇਸ ਦਰਜ

BTTNEWS
0

 ਤਿੰਨ ਗੋਦਾਮਾਂ ‘ਚੋਂ 10,716  ਬੋਰੀਆਂ ਘੱਟ ਮਿਲੀਆਂ, ਮੌਜੂਦ ਬੋਰੀਆਂ ਦਾ ਘੱਟ ਵਜ਼ਨ ਘੱਟ ਪਾਇਆ ਗਿਆ

ਪਨਗ੍ਰੇਨ ਮੁਲਾਜ਼ਮਾਂ ਦੀ ਆੜਤੀਆਂ ਨਾਲ ਮਿਲੀਭੁਗਤ ਕਰਕੇ ਸਰਕਾਰੀ ਖਜ਼ਾਨੇ ਨੂੰ ਹੋਇਆ ਵੱਡਾ ਵਿੱਤੀ ਨੁਕਸਾਨ


ਚੰਡੀਗੜ੍ਹ, 27 ਸਤੰਬਰ (BTTNEWS)- ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਤਹਿਤ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਪੈਂਦੇ ਚਾਰ ਗੋਦਾਮਾਂ ਵਿਖੇ ਸਾਲ 2018-19 ਦੇ ਖਰੀਦ ਸੀਜ਼ਨ ਦੌਰਾਨ ਕਣਕ ਦੇ ਸਟਾਕ ‘ਚ ਹੇਰਾਫੇਰੀ ਲਈ ਤੱਤਕਾਲੀ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ (ਡੀ.ਐਫ.ਐਸ.ਸੀ.), ਪਨਗ੍ਰੇਨ ਦੇ ਦੋ ਇੰਸਪੈਕਟਰਾਂ ਅਤੇ ਤਿੰਨ ਕਮਿਸ਼ਨ ਏਜੰਟਾਂ (ਆੜਤੀਆਂ) ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਕਣਕ ਦੇ ਸਟਾਕ ‘ਚ ਹੇਰਾਫੇਰੀ, DFSC ਦੇ 2 ਇੰਸਪੈਕਟਰ 'ਤੇ 3 ਆੜਤੀਆਂ ਖ਼ਿਲਾਫ਼ ਕੇਸ ਦਰਜ

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਿੰਨ੍ਹਾਂ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਉਨ੍ਹਾਂ ਵਿੱਚ ਡੀ.ਐਫ.ਐਸ.ਸੀ. ਫਿਰੋਜ਼ਪੁਰ ਬਲਰਾਜ ਸਿੰਘ (ਹੁਣ ਸੇਵਾਮੁਕਤ), ਇੰਸਪੈਕਟਰ ਪਨਗ੍ਰੇਨ ਸੁਰੇਸ਼ ਕੁਮਾਰ ਇੰਚਾਰਜ ਖਰੀਦ ਕੇਂਦਰ ਫਿਰੋਜ਼ਸ਼ਾਹ, ਇੰਸਪੈਕਟਰ ਬਲਰਾਜ ਸਿੰਘ ਗੋਦਾਮ ਇੰਚਾਰਜ ਪਿੰਡ ਲੱਲੇ, ਹਰਾਜ ਅਤੇ ਤਲਵੰਡੀ ਭਾਈ, ਹੈਪੀ ਕਮਿਸ਼ਨ ਏਜੰਟਸ ਦੇ ਮਾਲਕ ਹਰਦੇਵ ਸਿੰਘ, ਧਾਲੀਵਾਲ ਟਰੇਡਿੰਗ ਕੰਪਨੀ ਦੇ ਮਾਲਕ ਪਵਨ ਕੁਮਾਰ ਅਤੇ ਗਿੱਲ ਟਰੇਡਿੰਗ ਕੰਪਨੀ ਦੇ ਮਾਲਕ ਇਕਬਾਲ ਸਿੰਘ ਸ਼ਾਮਲ ਹਨ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 13 (1) (ਏ) ਤੇ 13 (2) ਅਤੇ ਆਈ.ਪੀ.ਸੀ. ਦੀ ਧਾਰਾ 409, 420, 467, 468, 471, 120-ਬੀ ਤਹਿਤ ਐਫ.ਆਈ.ਆਰ. ਨੰਬਰ 25 ਮਿਤੀ 26-09-2023 ਤਹਿਤ ਮੁਕੱਦਮਾ ਦਰਜ ਕੀਤਾ ਹੈ। 

ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਖਰੀਦ ਏਜੰਸੀ 'ਪਨਗ੍ਰੇਨ' ਵੱਲੋਂ ਸਾਲ 2018-19 ਦੇ ਖਰੀਦ ਸੀਜ਼ਨ ਦੌਰਾਨ ਤਲਵੰਡੀ ਭਾਈ, ਵਾੜਾ ਭਾਈ ਕਾ ਅਤੇ ਘੱਲ ਖੁਰਦ ਜ਼ਿਲਾ ਫਿਰੋਜ਼ਪੁਰ ਦੇ ਖਰੀਦ ਕੇਂਦਰਾਂ ਤੋਂ ਕਣਕ ਖਰੀਦ ਕੇ ਪਿੰਡ ਲੱਲੇ, ਹਰਾਜ ਅਤੇ ਤਲਵੰਡੀ ਭਾਈ ਸਥਿਤ ਪਨਗ੍ਰੇਨ ਦੇ ਗੋਦਾਮਾਂ ਵਿਖੇ ਸਟੋਰ ਕੀਤੀ ਗਈ ਸੀ, ਜਿੱਥੇ ਇਸਦੀ ਦੇਖ-ਰੇਖ ਦਾ ਜ਼ਿੰਮਾ ਇੰਸਪੈਕਟਰ ਬਲਰਾਜ ਸਿੰਘ ਕੋਲ ਸੀ।

ਮਿਤੀ 30-05-2018 ਅਤੇ 31-05-2018 ਨੂੰ ਕੀਤੇ ਗਏ ਅਚਨਚੇਤ ਸਾਂਝੇ ਨਿਰੀਖਣਾਂ ਦੌਰਾਨ ਇਹ ਪਾਇਆ ਗਿਆ ਕਿ ਉੱਥੇ ਰਜਿਸਟਰਡ ਸਟਾਕ ਵਿੱਚੋਂ 50 ਕਿਲੋ ਵਜ਼ਨ ਵਾਲੀਆਂ 10,716 ਬੋਰੀਆਂ ਗਾਇਬ ਸਨ ਜਦਕਿ  30 ਕਿਲੋ ਵਜ਼ਨ ਵਾਲੀਆਂ 60 ਬੋਰੀਆਂ ਉਥੇ ਪਾਈਆਂ ਗਈਆਂ। ਇਸ ਤੋਂ ਇਲਾਵਾ ਗੋਦਾਮ ਵਿੱਚ ਕਣਕ ਦੀਆਂ ਬਹੁਤੀਆਂ ਬੋਰੀਆਂ ਦਾ ਵਜ਼ਨ ਨਿਰਧਾਰਤ ਮਾਤਰਾ ਤੋਂ ਘੱਟ ਪਾਇਆ ਗਿਆ।

ਇਸੇ ਤਰਾਂ ਸਾਂਝੀ ਜਾਂਚ ਦੌਰਾਨ ਪਿੰਡ ਫ਼ਿਰੋਜ਼ਸ਼ਾਹ ਦੇ ਇੱਕ ਗੋਦਾਮ ਵਿੱਚ ਪਾਇਆ ਗਿਆ ਕਿ ਹੈਪੀ ਕਮਿਸ਼ਨ ਏਜੰਟ, ਧਾਲੀਵਾਲ ਟਰੇਡਿੰਗ ਕੰਪਨੀ ਅਤੇ ਗਿੱਲ ਟਰੇਡਿੰਗ ਕੰਪਨੀ ਦੇ ਮਾਲਕਾਂ ਨੇ ਪਿੰਡ ਲੱਲੇ ਵਿਖੇ ਸ਼ਿਵਮ ਇੰਟਰਪ੍ਰਾਈਜ਼ ਫਰਮ ਵਿਖੇ ਪਨਗ੍ਰੇਨ ਦੇ ਗੋਦਾਮ ਦੇ ਨਿਗਰਾਨ ਇੰਸਪੈਕਟਰ ਬਲਰਾਜ ਸਿੰਘ ਨਾਲ ਮਿਲੀਭੁਗਤ ਕਰਕੇ ਕਣਕ ਦੀਆਂ 13,134 ਬੋਰੀਆਂ ਦੀ ਖਰੀਦ ਬਾਰੇ ਝੂਠੀ ਰਿਪੋਰਟ ਤਿਆਰ ਕੀਤੀ।

ਇਸ ਫਰਜ਼ੀ ਖਰੀਦ ਨਾਲ ਸਬੰਧਤ ਅਦਾਇਗੀਆਂ ਉਪਰੋਕਤ ਆੜਤੀਆਂ ਦੇ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੀਆਂ। ਇਸ ਤੋਂ ਬਾਅਦ ਜਿਵੇਂ ਹੀ ਇਹ ਘੁਟਾਲਾ ਸਾਹਮਣੇ ਆਇਆ ਤਾਂ ਧਾਲੀਵਾਲ ਟਰੇਡਿੰਗ ਕੰਪਨੀ ਨੇ ਬਿਨਾਂ ਕਿਸੇ ਗੇਟ ਪਾਸ ਦੇ 25 ਤੋਂ 27 ਮਈ, 2018 ਦਰਮਿਆਨ ਕਣਕ ਦੀਆਂ 2,200 ਬੋਰੀਆਂ ਉਕਤ ਸ਼ਿਵਮ ਇੰਟਰਪ੍ਰਾਈਜਿਜ਼ ਵਿਖੇ ਬਣਾਏ ਗੋਦਾਮ ਵਿੱਚ ਜਮ੍ਹਾਂ ਕਰਵਾ ਦਿੱਤੀਆਂ।

ਬੁਲਾਰੇ ਨੇ ਇਹ ਵੀ ਦੱਸਿਆ ਕਿ ਇਸ ਤੋਂ ਚਾਰ ਦਿਨ ਪਹਿਲਾਂ ਜਦੋਂ ਮਿਤੀ 21-05-2018 ਨੂੰ ਸਹਾਇਕ ਖੁਰਾਕ ਤੇ ਸਪਲਾਈ ਅਫਸਰ ਨੇ ਪਿੰਡ ਫਿਰੋਜ਼ਸ਼ਾਹ ਦੀ ਅਨਾਜ ਮੰਡੀ ਦਾ ਨਿਰੀਖਣ ਕੀਤਾ ਸੀ ਤਾਂ ਉਸ ਸਮੇਂ ਉਸ ਮੰਡੀ ਵਿੱਚ ਕਣਕ ਦੀ ਕੋਈ ਬੋਰੀ ਹੀ ਨਹੀਂ ਸੀ।

ਇਸ ਜਾਂਚ ਤੋਂ ਪਤਾ ਲੱਗਾ ਹੈ ਕਿ ਫਿਰੋਜ਼ਸ਼ਾਹ ਸਥਿਤ ਖਰੀਦ ਕੇਂਦਰ ਦੇ ਇੰਚਾਰਜ ਇੰਸਪੈਕਟਰ ਸੁਰੇਸ਼ ਕੁਮਾਰ ਨੇ ਹੈਪੀ ਕਮਿਸ਼ਨ ਏਜੰਟਸ, ਧਾਲੀਵਾਲ ਟਰੇਡਿੰਗ ਕੰਪਨੀ ਅਤੇ ਗਿੱਲ ਟਰੇਡਿੰਗ ਕੰਪਨੀ ਨਾਲ ਮਿਲ ਕੇ ਕਣਕ ਦੀਆਂ 13,134 ਬੋਰੀਆਂ, ਜਿਨ੍ਹਾਂ ਦੀ ਕੀਮਤ 1,13,93,745 ਰੁਪਏ ਬਣਦੀ ਸੀ, ਦੀ ਖਰੀਦ ਬਾਰੇ ਝੂਠੀ ਰਿਪੋਰਟ ਤਿਆਰ ਕਰਨ ਦੀ ਸਾਜ਼ਿਸ਼ ਰਚੀ ਸੀ। ਇਸ ਗਲਤ ਕਾਰਵਾਈ ਦੇ ਨਤੀਜੇ ਵਜੋਂ ਸਰਕਾਰੀ ਖਜ਼ਾਨੇ ਨੂੰ ਵੱਡਾ ਵਿੱਤੀ ਨੁਕਸਾਨ ਹੋਇਆ ਕਿਉਂਕਿ ਇਹ ਭੁਗਤਾਨ ਸਿੱਧੇ ਉਕਤ ਆੜਤੀਆਂ ਨੂੰ ਕੀਤਾ ਗਿਆ ਸੀ।

ਇਸਦੇ ਨਾਲ ਹੀ ਤੱਤਕਾਲੀ ਡੀ.ਐਫ.ਐਸ.ਸੀ. ਬਲਰਾਜ ਸਿੰਘ ਨੂੰ ਘੁਟਾਲੇ ਬਾਰੇ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਉਨ੍ਹਾਂ ਨੇ ਇੰਚਾਰਜ ਇੰਸਪੈਕਟਰ ਬਲਰਾਜ ਸਿੰਘ ਅਤੇ ਉਕਤ ਆੜਤੀਆਂ ਵਿਰੁੱਧ ਅਪਰਾਧਿਕ ਕਾਰਵਾਈ ਸ਼ੁਰੂ ਨਹੀਂ ਕੀਤੀ ਸਗੋਂ ਉਕਤ ਕਸੂਰਵਾਰ ਇੰਸਪੈਕਟਰ ਤੇ ਆੜਤੀਆਂ ਨਾਲ ਮਿਲੀਭੁਗਤ ਕਰਦਿਆਂ ਕਣਕ ਦੀਆਂ ਕੁੱਲ ਬੋਰੀਆਂ ਤੇ ਉਨ੍ਹਾਂ ਦੀ ਬਣਦੀ ਰਕਮ ਵਾਪਸ ਵਸੂਲ ਲਈ। ਇਸ ਦੇ ਸਿੱਟੇ ਵਜੋਂ ਉਕਤ ਸਰਕਾਰੀ ਮੁਲਾਜ਼ਮਾਂ ਨੇ ਇਸ ਖਰੀਦ ਨਾਲ ਸਬੰਧਤ ਲਾਜ਼ਮੀ 3 ਪ੍ਰਤੀਸ਼ਤ ਮਾਰਕੀਟ ਫੀਸ ਅਤੇ 3 ਪ੍ਰਤੀਸ਼ਤ ਪੇਂਡੂ ਵਿਕਾਸ ਫੰਡ ਇਕੱਤਰ ਨਹੀਂ ਕੀਤਾ, ਜੋ ਕਿ ਸਰਕਾਰੀ ਖਜ਼ਾਨੇ ਵਿੱਚ ਜਮ੍ਹਾ ਹੋਣਾ ਸੀ, ਜਿਸ ਨਾਲ ਸੂਬਾ ਸਰਕਾਰ ਨੂੰ ਸਿੱਧੇ ਤੌਰ ‘ਤੇ ਵਿੱਤੀ ਨੁਕਸਾਨ ਹੋਇਆ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਖੁਲਾਸਿਆਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Post a Comment

0Comments

Post a Comment (0)