ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਫ਼ਤਰ ਨੂੰ ਪਾਇਆ ਘੇਰਾ

BTTNEWS
0

 - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਕੀਤਾ ਸੂਬਾ ਪੱਧਰੀ ਰੋਸ ਪ੍ਰਦਰਸ਼ਨ -

 ਚੰਡੀਗੜ੍ਹ/ਸ੍ਰੀ ਮੁਕਤਸਰ ਸਾਹਿਬ, 15 ਸਤੰਬਰ (ਸੁਖਪਾਲ ਸਿੰਘ ਢਿੱਲੋਂ)- ਪੰਜਾਬ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਅਤੇ ਮਸਲਿਆਂ ਨੂੰ ਲੈ ਕੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਚੰਡੀਗੜ੍ਹ ਵਿਖੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਫ਼ਤਰ ਨੂੰ ਘੇਰਾ ਪਾਇਆ ਅਤੇ ਦਫ਼ਤਰ ਅੱਗੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਕੀਤਾ ਗਿਆ । ਜਿਸ ਦੌਰਾਨ ਵੱਡੀ ਗਿਣਤੀ ਵਿੱਚ ਵੱਖ ਵੱਖ ਬਲਾਕਾਂ ਤੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਕਾਲੀਆਂ ਚੁੰਨੀਆਂ ਲੈ ਕੇ ਪੁੱਜੀਆਂ ਤੇ ਉਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ।

     

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਫ਼ਤਰ ਨੂੰ ਪਾਇਆ ਘੇਰਾ

    ਰੋਸ ਪ੍ਰਦਰਸ਼ਨ ਦੌਰਾਨ ਸਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਜਥੇਬੰਦੀ ਵੱਲੋਂ ਅਸੀਂ ਵਾਰ ਵਾਰ ਮਹਿਕਮੇ ਦੇ ਧਿਆਨ ਵਿੱਚ ਲਿਆ ਚੁੱਕੇ ਹਾਂ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਸਲੇ ਹੱਲ ਕੀਤੇ ਜਾਣ । ਪਰ ਇਸ ਦੇ ਬਾਵਜੂਦ ਵੀ ਕੋਈ ਹੱਲ ਨਹੀਂ ਕੀਤਾ ਜਾ ਗਿਆ । ਉਹਨਾਂ ਕਿਹਾ ਕਿ ਜਥੇਬੰਦੀ ਨੇ ਪਹਿਲਾਂ  31 ਜੁਲਾਈ 2023 ਨੂੰ ਨੋਟਿਸ ਦਿੱਤਾ ਸੀ ਜਦੋਂ ਕਿ ਦੂਸਰੀ ਵਾਰ 5 ਸਤੰਬਰ 2023 ਨੂੰ ਨੋਟਿਸ ਭੇਜ ਕੇ ਦੋ ਦਿਨ ਦਾ ਸਮਾਂ ਦਿੱਤਾ ਗਿਆ ਸੀ । ਪਰ 10 -11 ਦਿਨ ਬੀਤਣ ਦੇ ਬਾਵਜੂਦ ਵੀ ਸਾਡੀ ਕਿਸੇ ਮੰਗ ਤੇ ਸੁਣਵਾਈ ਨਹੀਂ ਹੋਈ । ਜਿਸ ਕਰਕੇ ਅੱਜ ਸਾਨੂੰ ਮਜਬੂਰਨ ਦਫ਼ਤਰ ਦੇ ਸਾਹਮਣੇ ਧਰਨਾ ਲਗਾਉਣਾ ਪੈ ਰਿਹਾ ਹੈ । ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਣਿਆ ਡੇਢ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ। ਪਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਸਰਕਾਰ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ । ਉਹਨਾਂ ਕਿਹਾ ਕਿ ਸਰਕਾਰ ਬਨਣ ਤੋਂ ਪਹਿਲਾਂ ਵਾਅਦਾ ਤਾਂ ਇਹ ਕੀਤਾ ਸੀ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕੀਤਾ ਜਾਵੇਗਾ । ਪਰ ਦੁੱਗਣਾ ਤਾਂ ਕੀ ਕਰਨਾ ਸੀ ਉਲਟਾ ਜਿਹੜਾ ਪਹਿਲਾਂ ਮਿਲਦਾ ਸੀ ਉਹ ਵੀ ਨਹੀਂ ਦਿੱਤਾ ਜਾ ਰਿਹਾ । 

        ਉਹਨਾਂ ਕਿਹਾ ਕਿ ਵਿਭਾਗ ਦੇ ਮੁੱਖ ਦਫਤਰ ਵਾਲਿਆਂ ਨੂੰ 10 ਦਿਨ ਦਾ ਸਮਾਂ ਦਿੱਤਾ ਗਿਆ ਹੈ । ਜੇਕਰ ਉਹਨਾਂ ਦਾ ਮਸਲਾ ਹੱਲ ਨਾ ਹੋਇਆ ਤਾਂ ਉਹ ਦੁਬਾਰਾ ਆ ਕੇ ਦਫ਼ਤਰ ਦਾ ਘਿਰਾਓ ਕਰਨਗੀਆਂ ਤੇ ਉੱਚ ਅਧਿਕਾਰੀਆਂ ਨੂੰ ਅੰਦਰ ਨਹੀਂ ਜਾਣ ਦੇਣਗੀਆਂ । ਉਹਨਾਂ ਕਿਹਾ ਕਿ ਉਹ ਸਰਕਾਰ ਦੀ ਘੁਰਕੀ ਤੋਂ ਨਹੀਂ ਡਰਦੀਆਂ ਤੇ ਜੇਲਾਂ ਥਾਣੇ ਵੇਖੇ ਹੋਏ ਹਨ । ਹਰਗੋਬਿੰਦ ਕੌਰ ਨੇ ਵਰਕਰਾਂ ਤੇ ਹੈਲਪਰਾਂ ਨੂੰ ਸੁਚੇਤ ਕੀਤਾ ਕਿ ਤੁਸੀਂ ਤਿਆਰ ਰਹੋ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਵਿਖੇ ਵੀ ਧਰਨਾ ਲਗਾਉਣਾ ਹੀ ਪੈਣਾ ਹੈ । ਉਹਨਾਂ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਨੂੰ ਵੀ ਚਿਤਾਵਨੀ ਦਿੱਤੀ ਕਿ ਜੇਕਰ ਜਥੇਬੰਦੀ ਆਪਣੀ ਆਈ ਤੇ ਆ ਗਈ ਤਾਂ ਉਹਨਾਂ ਨੂੰ ਮਲੋਟ ਵਿਖੇ ਵੜਨ ਨਹੀਂ ਦਿੱਤਾ ਜਾਵੇਗਾ ।

         ਹਰਗੋਬਿੰਦ ਕੌਰ ਨੇ ਕਿਹਾ ਕਿ  ਐਨ ਜੀ ਓ ਬਲਾਕਾਂ ਵਿੱਚ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ (ਖਾਸ ਕਰਕੇ ਬਾਲ ਭਲਾਈ ਕੌਂਸਲ) ਦੀਆਂ 11 ਮਹੀਨਿਆਂ ਦਾ ਮਾਣ ਭੱਤਾ ਬਕਾਇਆ ਖੜਾ ਹੈ । ਜਿਸ ਵਿਚੋਂ ਚਾਰ ਮਹੀਨੇ ਦਾ ਸੈਂਟਰ ਫੰਡ ਮੁੱਖ ਮੰਤਰੀ ਵੱਲੋਂ ਕਿਹਾ ਗਿਆ ਕਿ ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਪਹਿਲਾਂ ਦਿੱਤਾ ਜਾਵੇਗਾ । ਐਲਾਨ ਹੋਏ ਨੂੰ 15 ਦਿਨ ਬੀਤ ਚੁੱਕੇ ਹਨ , ਰੱਖ਼ੜੀ ਦਾ ਤਿਉਹਾਰ ਵੀ ਲੰਘ ਗਿਆ ਹੈ । ਪਰ ਅਜੇ ਤੱਕ ਵੀ ਇਹਨਾਂ ਵਰਕਰਾਂ ਤੇ ਹੈਲਪਰਾਂ ਨੂੰ ਮਾਣ ਭੱਤਾ ਨਹੀਂ ਮਿਲਿਆ ਤੇ ਉਹ ਰੁਲ ਰਹੀਆਂ ਹਨ । ਤੁਸੀਂ ਖੁਦ ਹੀ ਸੋਚ ਕੇ ਵੇਖੋ ਕਿ 11 ਮਹੀਨੇ ਤਨਖਾਹਾਂ ਤੋਂ ਬਿਨਾਂ ਕਿਸੇ ਦਾ ਘਰ ਕਿਵੇਂ ਚੱਲ ਸਕਦਾ ਹੈ ।

ਪਿਛਲੇਂ ਸਮੇਂ ਦੀਆਂ ਸਾਰੀਆਂ ਤਨਖਾਹਾਂ ਮਾਣ ਭੱਤੇ ਤੁਰੰਤ ਕਲੀਅਰ ਕੀਤੇ ਜਾਣ । ਪੰਜਾਬ ਵਿੱਚ ਕੰਮ ਕਰਦੀਆਂ ਸਾਰੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇਂ ਚਾਰ ਮਹੀਨਿਆਂ ਦਾ ਸੈਂਟਰ ਫੰਡ ਨਹੀਂ ਦਿੱਤਾ ਗਿਆ । ਇਹ ਸੈਂਟਰ ਫੰਡ ਤੁਰੰਤ ਦਿੱਤਾ ਜਾਵੇ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਣ ਭੱਤਾ ਦੇ ਸੈਂਟਰ ਅਤੇ ਸਟੇਟ ਦੇ ਬਿੱਲ ਇਕੋ ਵਾਰ ਕਲੀਅਰ ਕਰਵਾ ਕੇ ਇਕੱਠਾ ਦਿੱਤਾ ਜਾਵੇ ਅਤੇ ਇਸ ਦੀ ਅਦਾਇਗੀ ਹਰ ਮਹੀਨੇ ਦੀ 3 ਤਰੀਕ ਤੱਕ ਹੋ ਜਾਣੀ ਚਾਹੀਦੀ ਹੈ । ਆਂਗਣਵਾੜੀ ਕੇਂਦਰਾਂ ਦੇ ਕਿਰਾਏ ਦਾ ਭੁਗਤਾਨ ਤੁਰੰਤ ਕੀਤਾ ਜਾਵੇ ਤੇ ਹਰ ਮਹੀਨੇ ਕਿਰਾਇਆ ਦੇਣਾ ਯਕੀਨੀ ਬਣਾਇਆ ਜਾਵੇ । ਪਿਛਲੇਂ ਸਾਲ ਦਾ ਵਰਦੀ ਭੱਤਾ ਰਲੀਜ਼ ਕੀਤਾ ਜਾਵੇ । ਪੀ ਐਮ ਐਮ ਵੀ ਵਾਈ ਅਤੇ ਸੀ ਬੀ ਈ ,ਦੇ ਪੈਸੇ ਹਰ ਮਹੀਨੇ ਦਿੱਤੇ ਜਾਣ ਅਤੇ ਰਹਿੰਦੇ ਹੋਏ ਪੈਸਿਆਂ ਦਾ ਤੁਰੰਤ ਭੁਗਤਾਨ ਕੀਤਾ ਜਾਵੇ ।ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਮੈਡੀਕਲ ਛੁੱਟੀ ਇਕ ਮਹੀਨੇ ਦੀ ਜਿਸ ਤਰ੍ਹਾਂ ਪਹਿਲਾਂ ਦਿੱਤੀ ਜਾਂਦੀ ਸੀ ਉਸੇ ਤਰ੍ਹਾਂ ਹੀ ਦਿੱਤੀ ਜਾਵੇ । ਕਿਉਂਕਿ ਇਸ ਵੇਲੇ ਬਹੁਤ ਸਾਰੀਆਂ ਆਂਗਣਵਾੜੀ ਵਰਕਰਾਂ ਜਿੰਨਾ ਦੇ ਐਕਸੀਡੈਂਟ ਕੇਸ ਹਨ ਜਾਂ ਵੱਡੇ ਆਪਰੇਸ਼ਨ ਹੋਏ ਹਨ ਉਹ ਬੈਡ ਤੇ ਪਈਆਂ ਹਨ ਪਰ ਮਹਿਕਮੇ ਵੱਲੋਂ ਮੈਡੀਕਲ ਛੁੱਟੀ ਨਹੀਂ ਦਿੱਤੀ ਜਾ ਰਹੀ । ਆਂਗਣਵਾੜੀ ਸੈਂਟਰਾਂ ਦੇ ਖੋਹੇ ਗਏ ਬੱਚੇ ਵਾਪਸ ਆਂਗਣਵਾੜੀ ਸੈਂਟਰਾਂ ਵਿੱਚ ਭੇਜੇ ਜਾਣ ਤੇ ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਆਂਗਣਵਾੜੀ ਵਰਕਰਾਂ ਦਾ ਮਾਣ ਭੱਤਾ ਦੁੱਗਣਾ ਕੀਤਾ ਜਾਵੇ।   ਮਿੰਨੀ ਆਂਗਣਵਾੜੀ ਕੇਂਦਰਾਂ ਨੂੰ ਪੂਰੇ ਵਿੱਚ ਤਬਦੀਲ ਕੀਤਾ ਜਾਵੇ ।

ਜਿੰਨਾ ਆਂਗਣਵਾੜੀ ਸੈਂਟਰਾਂ ਵਿੱਚ ਅਜੇ ਤੱਕ ਰਾਸ਼ਨ ਬਣਾਉਣ ਲਈ ਗੈਸ ਸਿਲੰਡਰ , ਬਰਤਨ ਤੇ ਬੱਚਿਆਂ ਦੇ ਬੈਠਣ ਲਈ ਦਰੀਆਂ ਆਦਿ ਨਹੀਂ ਦਿੱਤੀਆਂ ਗਈਆਂ ਉਹਨਾਂ ਨੂੰ ਤੁਰੰਤ ਇਹ ਸਮਾਨ ਮੁਹੱਈਆ ਕਰਵਾਇਆ ਜਾਵੇ । ਆਂਗਣਵਾੜੀ ਸੈਂਟਰਾਂ ਦੀਆਂ ਇਮਾਰਤਾਂ ਬਣਾਈਆਂ ਜਾਣ ।

        ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਗਿਆ 

          ਇਸ ਮੌਕੇ ਛਿੰਦਰਪਾਲ ਕੌਰ ਥਾਂਦੇਵਾਲਾ , ਦਲਜਿੰਦਰ ਕੌਰ ਉਦੋਨੰਗਲ , ਗੁਰਮੀਤ ਕੌਰ ਗੋਨੇਆਣਾ , ਬਲਵੀਰ ਕੌਰ ਮਾਨਸਾ , ਛਿੰਦਰਪਾਲ ਕੌਰ ਭਗਤਾ, ਗੁਰਮੀਤ ਕੌਰ ਦਬੜੀਖਾਨਾ , ਗੁਰ ਅੰਮ੍ਰਿਤ ਕੌਰ ਸਿੱਧਵਾਂ ਬੇਟ , ਜਸਵੀਰ ਕੌਰ ਦਸੂਹਾ , ਰੇਸ਼ਮਾ ਰਾਣੀ ਫਾਜ਼ਿਲਕਾ , ਰੀਮਾ ਰਾਣੀ ਰੋਪੜ , ਬਲਜੀਤ ਕੌਰ ਕੁਰਾਲੀ , ਜਸਵਿੰਦਰ ਕੌਰ ਬੱਬੂ ਦੋਦਾ , ਜਸਵੰਤ ਕੌਰ ਭਿੱਖੀ , ਸਤਵੰਤ ਕੌਰ ਤਲਵੰਡੀ ਸਾਬੋ , ਸ਼ੀਲਾ ਦੇਵੀ ਫਾਜ਼ਿਲਕਾ , ਲਾਭ ਕੌਰ ਸੰਗਤ , ਸਰਬਜੀਤ ਕੌਰ ਮਹਿਰਾਜ , ਸੁਰਜੀਤ ਕੌਰ ਲੋਹਾਰਾ ਤੇ ਵੱਡੀ ਗਿਣਤੀ ਵਿੱਚ ਆਗੂ ਮੌਜੂਦ ਸਨ । 

Post a Comment

0Comments

Post a Comment (0)