-ਸੰਧਵਾਂ ਨੇ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ
ਚੰਡੀਗੜ੍ਹ, 2 ਸਤੰਬਰ (BTTNEWS)- ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਸ਼ਨੀਵਾਰ ਨੂੰ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਇੱਕ ਵਿਸ਼ੇਸ਼ ਮੁਹਿੰਮ ‘ਨਸ਼ੇ ਭਜਾਈਏ, ਜਵਾਨੀ ਬਚਾਈਏ’ ਦਾ ਆਗਾਜ਼ ਕੀਤਾ। ਇੱਕ ਦਰਜਨ ਦੇ ਕਰੀਬ ਪਿੰਡਾਂ ਦਾ ਦੌਰਾ ਕਰਕੇ ਉਨ੍ਹਾਂ ਨੇ ਲੋਕਾਂ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਅ ਕਰਨ ਅਤੇ ਜੀਵਨ ਨੂੰ ਸਹੀ ਦਿਸ਼ਾ ਵੱਲ ਤੋਰਨ ਦੀ ਪ੍ਰੇਰਨਾ ਦਿੱਤੀ।
ਸ. ਸੰਧਵਾਂ ਨੇ ਕਿਹਾ ਕਿ ਅਜੋਕੇ ਦੌਰ ‘ਚ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ਿਆਂ ਦੀ ਗ੍ਰਿਫ਼ਤ ‘ਚ ਆ ਚੁੱਕੇ ਨੌਜਵਾਨਾਂ ਨੂੰ ਇਸ ਗੁਲਾਮੀ ‘ਚੋਂ ਬਾਹਰ ਕੱਢਣ ਲਈ ਪ੍ਰੇਰਿਤ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ‘ਚ ਅਥਾਹ ਸਮਰੱਥਾ ਹੈ ਅਤੇ ਦੁਨੀਆਂ ਭਰ ‘ਚ ਪੰਜਾਬੀ ਨੌਜਵਾਨ ਆਪਣੀ ਸਮਰੱਥਾ ਦਾ ਲੋਹਾ ਮਨਵਾ ਵੀ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਇਸ ਸਬੰਧੀ ਪ੍ਰੇਰਿਤ ਕਰਨਾ ਹਰ ਪੰਜਾਬ ਹਿਤੈਸ਼ੀ ਦਾ ਫਰਜ ਬਣਦਾ ਹੈ।
ਸ. ਸੰਧਵਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਫ਼ਰੀਦਕੋਟ ਦੇ ਸਹਿਯੋਗ ਨਾਲ ਇਸ ਮੁਹਿੰਮ ਦੀ ਸ਼ੁਰੂਆਤ ਆਪਣੇ ਪਿੰਡ ਸੰਧਵਾਂ ਤੋਂ ਕੀਤੀ। ਇਸ ਉਪਰੰਤ ਉਨ੍ਹਾਂ ਨੇ ਕੋਠੇ ਚਹਿਲ, ਚਹਿਲ, ਟਹਿਣਾ, ਪੱਕਾ, ਮੋਰਾਂਵਾਲੀ, ਕਲੇਰ, ਮਿਸ਼ਰੀਵਾਲਾ, ਘੁਮਿਆਰਾ ਅਤੇ ਚੰਦਬਾਜਾ ਆਦਿ ਪਿੰਡਾਂ ‘ਚ ਵਿਸ਼ੇਸ਼ ਆਯੋਜਿਤ ਪ੍ਰੋਗਰਾਮਾਂ ‘ਚ ਸ਼ਮੂਲੀਅਤ ਕੀਤੀ ਅਤੇ ਵਿਚਾਰ-ਚਰਚਾਵਾਂ ‘ਚ ਭਾਗ ਲਿਆ।
ਸ. ਸੰਧਵਾਂ ਨੇ ਕਿਹਾ ਕਿ ਜੇਕਰ ਕਿਸੇ ਕਾਰਨ ਕੋਈ ਨੌਜਵਾਨ ਨਸ਼ਿਆਂ ਦੀ ਗ੍ਰਿਫਤ ਵਿੱਚ ਆ ਵੀ ਚੁੱਕਿਆ ਹੈ ਤਾਂ ਇੱਕ ਸਹੀ ਇਲਾਜ ਦੀ ਵਿਧੀ ਆਪਣਾ ਕੇ ਨਸ਼ਿਆਂ ਦੀ ਗ੍ਰਿਫਤ ਵਿੱਚੋਂ ਨਿਕਲਿਆ ਵੀ ਜਾ ਸਕਦਾ ਹੈ, ਜਿਸਦੀਆਂ ਅਨੇਕਾਂ ਉਦਾਹਰਨਾਂ ਸਾਡੇ ਸਮਾਜ ਵਿੱਚ ਮੌਜੂਦ ਹਨ। ਉਨ੍ਹਾਂ ਨੇ ਵੱਖ-ਵੱਖ ਪਿੰਡਾਂ ਦੀ ਆਪਣੀ ਫੇਰੀ ਦੌਰਾਨ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੂੰ ਵੀ ਲੋਕਾਂ ਦੇ ਰੂਬਰੂ ਕੀਤਾ ਅਤੇ ਜਿਨ੍ਹਾਂ ਨੇ ਨਸ਼ੇ ਤਿਆਗਣ ਤੋਂ ਬਾਅਦ ਆਪਣੇ ਸਫ਼ਲ ਜੀਵਨ ਦੇ ਤਜਰਬੇ ਵੀ ਲੋਕਾਂ ਨਾਲ ਸਾਂਝੇ ਕੀਤੇ।