ਮੁਕਤਸਰ ਵਿਕਾਸ ਮਿਸ਼ਨ ਨੇ ਜੀਵਨ ਰਾਖਿਆਂ ਨੂੰ ਕੀਤਾ ਸਨਮਾਨਿਤ

BTTNEWS
0

 - ਡੁਬਦਿਆਂ ਦੀਆਂ ਬਚਾਉਂਦੇ ਹਨ ਜਾਨਾਂ -

ਸ੍ਰੀ ਮੁਕਤਸਰ ਸਾਹਿਬ, 26 ਸਤੰਬਰ (BTTNEWS)- ਕੁਝ ਵਿਅਕਤੀ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਦੂਸਰਿਆਂ ਦੀਆਂ ਜਾਨਾਂ ਬਚਾਉਣ ਲਈ ਸਦਾ ਤਿਆਰ ਰਹਿੰਦੇ ਹਨ। ਅਜਿਹੇ ਲੋਕ ਹੀ ਅਸਲ ਵਿਚ ਮਾਨਵਤਾ ਦੀ ਸੇਵਾ ਕਰਨ ਵਾਲੇ ਵਧੀਆ ਵਿਅਕਤੀ ਹੁੰਦੇ ਹਨ। ਇਹਨਾਂ ਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਓਨੀ ਹੀ ਘੱਟ ਹੈ। ਪਿਛਲੇ ਦਿਨੀਂ ਇਥੋਂ ਥੋੜ੍ਹੀ ਦੂਰ ਸਥਿਤ ਪਿੰਡ ਝਬੇਲਵਾਲੀ ਕੋਲੋਂ ਲੰਘਦੀ ਨਹਿਰ ਵਿਚ ਇੱਕ ਨਿੱਜੀ ਕੰਪਨੀ ਦੀ ਬੱਸ ਡਿੱਗ ਪਈ ਸੀ। ਨੌ ਦੇ ਕਰੀਬ ਸਵਾਰੀਆਂ ਪਾਣੀ ਦੇ ਤੇਜ਼ ਵਹਾ ਵਿਚ ਰੁੜ ਗਈਆਂ ਅਤੇ ਆਪਣੀ ਜਾਨ ਤੋਂ ਹੱਥ ਧੋ ਬੈਠੀਆਂ।

ਮੁਕਤਸਰ ਵਿਕਾਸ ਮਿਸ਼ਨ ਨੇ ਜੀਵਨ ਰਾਖਿਆਂ ਨੂੰ ਕੀਤਾ ਸਨਮਾਨਿਤ
ਧਰਮ ਸਿੰਘ ਅਤੇ ਦੂਸਰੇ ਸਨਮਾਨਿਤ ਹੋਣ ਉਪਰੰਤ ਪ੍ਰਧਾਨ ਢੋਸੀਵਾਲ ਅਤੇ ਹੋਰਨਾਂ ਮੈਂਬਰਾਂ ਨਾਲ।

 ਨਹਿਰਾਂ ਦੇ ਇਸ ਪੁਲ ਕੋਲ ਬਣੀ ਨਵੀਂ ਬਸਤੀ ਵਿਚ ਵੜਿੰਗ ਅਤੇ ਝਬੇਲਵਾਲੀ ਦੇ ਕੁਝ ਮਜਦੂਰ ਪਰਿਵਾਰ ਪਿਛਲੇ ਲੰਬੇ ਸਮੇਂ ਤੋਂ ਰਹਿ ਰਹੇ ਹਨ। ਨਹਿਰ ਵਿਚ ਕੋਈ ਵੀ ਹਾਦਸਾ ਵਾਪਰਨ ਸਮੇਂ ਇਹਨਾਂ ਪਰਿਵਾਰਾਂ ਨੂੰ ਹੀ ਸਭ ਤੋਂ ਪਹਿਲਾਂ ਪਤਾ ਲੱਗਦਾ ਹੈ। ਇਹਨਾਂ ਪਰਿਵਾਰਾਂ ਵਿਚ ਹੀ ਰਹਿਣ ਵਾਲੇ ਪਿੰਡ ਵੜਿੰਗ ਦੇ ਮਜਦੂਰ ਧਰਮ ਸਿੰਘ, ਹਰਪ੍ਰੀਤ ਸਿੰਘ, ਗੁਰਸੇਵਕ ਸਿੰਘ ਅਤੇ ਗੁਰਭੇਜ ਸਿੰਘ ਜੋ ਕਿ ਤੈਰਾਕ ਵੀ ਹਨ, ਆਪਣੀਆਂ ਜਾਨਾ ਦੀ ਪ੍ਰਵਾਹ ਨਾ ਕਰਦੇ ਹੋਏ ਤੁਰੰਤ ਹੀ ਨਹਿਰਾਂ ਵਿਚ ਛਲਾਂਗ ਲਗਾ ਕੇ ਡੁਬਦਿਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕਰਦੇ ਹਨ। ਉਕਤ ਮੰਦਭਾਗੀ ਬੱਸ ਦੀਆਂ ਸਵਾਰੀਆਂ ਨੂੰ ਬਚਾਉਣ ਵਿਚ ਇਹਨਾਂ ਚਾਰੇ ਨੌਜਵਾਨਾਂ ਨੇ ਮਹੱਤਵ ਪੂਰਨ ਭੂਮਿਕਾ ਨਿਭਾਈ। ਕਈਆਂ ਦੀ ਜਾਨ ਬਚਾਈ। ਬਦਕਿਸਮਤੀ ਨਾਲ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਕੱਢਣ ਵਿਚ ਇਨ੍ਹਾਂ ਨੇ ਮੋਹਰੀ ਭੂਮਿਕਾ ਅਦਾ ਕੀਤੀ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਵੱਲੋਂ ਉਕਤ ਚਾਰੇ ਜੀਵਨ ਰਾਖਿਆਂ ਨੂੰ ਸਨਮਾਨਿਤ ਕੀਤਾ। ਇਸ ਸਬੰਧੀ ਵਿਸ਼ੇਸ਼ ਮੀਟਿੰਗ ਸਥਾਨਕ ਸਿਟੀ ਹੋਟਲ ਵਿਖੇ ਰੱਖੀ ਗਈ। ਮਿਸ਼ਨ ਮੁਖੀ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿਚ ਮੌਜੂਦਾ ਕੌਂਸਲਰ ਇੰਦਰਜੀਤ ਕੌਰ, ਉਨ੍ਹਾਂ ਦੇ ਪਤੀ ਜਗਮੀਤ ਜੱਗਾ ਅਤੇ ਬੇਟੀ ਤਹਜੀਨ ਤੋਂ ਇਲਾਵਾ ਮਿਸ਼ਨ ਦੇ ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਮੁੱਖ ਸਲਾਹਕਾਰ ਜਗਦੀਸ਼ ਧਵਾਲ, ਜਨਰਲ ਸਕੱਤਰ ਡਾ. ਜਸਵਿੰਦਰ ਸਿੰਘ, ਕੈਸ਼ੀਅਰ ਡਾ. ਸੰਜੀਵ ਮਿੱਡਾ, ਉਪ ਪ੍ਰਧਾਨ ਡਾ. ਸੁਰਿੰਦਰ ਗਿਰਧਰ, ਚੌ. ਬਲਬੀਰ ਸਿੰਘ, ਸਾਹਿਲ ਕੁਮਾਰ ਹੈਪੀ, ਵਿਜੇ ਸਿਡਾਨਾ, ਬਨਰੇਕ ਸਿੰਘ ਦਿਓਲ, ਮਨਹੋਰ ਲਾਲ ਹਕਲਾ, ਰਾਜੇਸ਼ ਗਿਰਧਰ, ਲੋਕ ਗਾਇਕ ਇੰਦਰਜੀਤ ਮੁਕਤਸਰੀ, ਗੁਰਮੁੱਖ ਸਿੰਘ ਦਿਓਲ, ਲਾਡੀ ਬੱਤਰਾ ਅਤੇ ਅਰਸ਼ ਬੱਤਰਾ ਆਦਿ ਮੌਜੂਦ ਸਨ। ਮੀਟਿੰਗ ਦੌਰਾਨ ਮਿਸ਼ਨ ਵੱਲੋਂ ਇਹਨਾਂ ਜੀਵਨ ਰਾਖਿਆਂ ਦੀ ਪੁਰਜੋਰ ਪ੍ਰਸ਼ੰਸਾ ਕੀਤੀ ਅਤੇ ਇਹਨਾਂ ਨੂੰ ਸ਼ਾਨਦਾਰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਧਾਨ ਢੋਸੀਵਾਲ ਨੇ ਕਿਹਾ ਕਿ ਇਹ ਜੀਵਨ ਰਾਖੇ ਸਮੁੱਚੇ ਸਮਾਜ ਦਾ ਮਾਣ ਹਨ। ਉਨ੍ਹਾਂ ਨੇ ਜਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਕਿ ਹਾਦਸੇ ਦੇ ਸ਼ਿਕਾਰ ਡੁੱਬ ਰਹੇ ਵਿਅਕਤੀਆਂ ਨੂੰ ਬਚਾਉਣ ਲਈ ਇਹਨਾਂ ਜੀਵਨ ਰਾਖਿਆਂ ਦੀ ਸਹਾਇਤਾ ਕੀਤੀ ਜਾਵੇ ਅਤੇ ਲੋੜੀਂਦਾ ਸਮਾਨ ਜਿਵੇਂ ਰੱਸੇ, ਟੋਚਣ, ਮੋਟਰ ਬੋਟ ਅਤੇ ਹੋਰ ਤਰ੍ਹਾਂ ਦਾ ਸਮਾਨ ਮੁਹੱਈਆ ਕਰਵਾਇਆ ਜਾਵੇ ਤਾਂ ਇਹ ਇਸੇ ਤਰ੍ਹਾਂ ਹੀ ਸਮਾਜ ਸੇਵਾ ਦਾ ਕਾਰਜ ਕਰਦੇ ਰਹਿਣ। ਆਪਣੇ ਸੰਬੋਧਨ ਦੌਰਾਨ ਕੌਂਸਲਰ ਇੰਦਰਜੀਤ ਕੌਰ ਨੇ ਇਹਨਾਂ ਜੀਵਨ ਰਾਖਿਆਂ ਦੇ ਹੌਂਸਲੇ ਅਤੇ ਦਲੇਰੀ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਦੇ ਉੱਜਲੇ ਭਵਿੱਖ ਦੀ ਕਾਮਨਾ ਕੀਤੀ। ਸਨਮਾਨਿਤ ਹੋਣ ਉਪਰੰਤ ਇਹਨਾਂ ਜੀਵਨ ਰਾਖਿਆਂ ਨੇ ਸਮੁੱਚੇ ਵਿਕਾਸ ਮਿਸ਼ਨ ਦਾ ਧੰਨਵਾਦ ਕੀਤਾ, ਉਨ੍ਹਾਂ ਨੇ ਦੱਸਿਆ ਕਿ ਉਹ ਹੁਣ ਤੱਕ ਦੋ ਦਰਜਨ ਦੇ ਕਰੀਬ ਡੁੱਬਦੇ ਵਿਅਕਤੀਆਂ ਦੀ ਜਾਨਾਂ ਬਚਾ ਚੁੱਕੇ ਹਨ ਅਤੇ ਕਈ ਲੋਕਾਂ ਦੀਆਂ ਲਾਸ਼ਾਂ ਵੀ ਨਹਿਰ ਵਿਚੋਂ ਕੱਢ ਚੁੱਕੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਹ ਆਪਣੇ ਇਸ ਕਿੱਤੇ ਨੂੰ ਮਨੁੱਖਤਾ ਦੀ ਸੇਵਾ ਦੇ ਨਾਤੇ ਕਰਦੇ ਹਨ ਅਤੇ ਮਿਹਨਤ ਮਜਦੂਰੀ ਕਰਕੇ ਆਪਣਾ ਗੁਜਾਰਾ ਕਰਦੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਉਹ ਭਵਿੱਖ ਵਿਚ ਵੀ ਇਸੇ ਤਰ੍ਹਾਂ ਦੇ ਸੇਵਾ ਕਾਰਜ ਜਾਰੀ ਰੱਖਣਗੇ।

Post a Comment

0Comments

Post a Comment (0)