ਮੁਹਿੰਮ ਦਾ ਮੰਤਵ 5 ਸਾਲ ਤੱਕ ਦੇ ਬੱਚੇ ਤੇ ਗਰਭਵਤੀ ਮਾਵਾਂ ਦਾ ਸੌ ਫੀਸਦੀ ਟੀਕਾਕਾਰਨ ਯਕੀਨੀ ਬਣਾਉਣਾ - ਡਾ. ਕੁਲਤਾਰ ਸਿੰਘ
ਸ੍ਰੀ ਮੁਕਤਸਰ ਸਾਹਿਬ : 11 ਸਤੰਬਰ (BTTNEWS)- ਸਿਹਤ ਵਿਭਾਗ ਅਤੇ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾ. ਰੀਟਾ ਬਾਲਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀ.ਐਚ.ਸੀ ਚੱਕ ਸ਼ੇਰੇ ਵਾਲਾ ਦੇ ਸੀਨੀਅਰ ਮੈਡੀਕਲ ਅਫਸਰ ਡਾ. ਕੁਲਤਾਰ ਸਿੰਘ ਦੀ ਅਗਵਾਈ ਤਹਿਤ ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ 5.0 ਤਹਿਤ ਬਲਾਕ ਅਧੀਨ ਵਿਸ਼ੇਸ਼ ਟੀਕਾਕਰਨ ਕੈਂਪ ਲਗਾਏ ਗਏ। ਡਾ. ਕੁਲਤਾਰ ਸਿੰਘ ਨੇ ਦੱਸਿਆ ਕਿ ਮਿਸ਼ਨ ਇੰਦਰਧਨੁਸ਼ ਦਾ ਮੁੱਖ ਮਕਸਦ ਕਿਸੇ ਕਾਰਨ ਕਰਕੇ ਜੋ ਬੱਚੇ ਅਤੇ ਗਰਭਵਤੀ ਮਾਵਾਂ ਵੈਕਸੀਨੇਸ਼ਨ ਤੋਂ ਵਾਂਝੇ ਰਹਿ ਗਏ ਜਾਂ ਜਿਹਨਾਂ ਦਾ ਟੀਕਾਕਰਨ ਅਧੂਰਾ ਹੈ, ਉਨ੍ਹਾਂ ਨੂੰ ਇਸ ਮਿਸ਼ਨ ਅਧੀਨ ਕਵਰ ਕਰਨਾ ਹੈ। ਉਹਨਾਂ ਕਿਹਾ ਕਿ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਿਸ਼ਨ ਇੰਦਰਧਨੁਸ਼ ਦਾ ਪਹਿਲਾਂ ਰਾਉਂਡ 11 ਸਤੰਬਰ ਤੋਂ 16 ਸਤੰਬਰ, ਦੂਸਰਾ ਰਾਊਡ 9 ਅਕਤੂਬਰ ਤੋਂ 14 ਅਕਤੂਬਰ ਅਤੇ ਤੀਸਰਾ ਰਾਊਡ 20 ਨਵੰਬਰ ਤੋਂ 25 ਨਵੰਬਰ ਤੱਕ ਚਲਾਇਆ ਜਾਵੇਗਾ।
ਮੈਡੀਕਲ ਅਫਸਰ ਅਤੇ ਨੋਡਲ ਅਫਸਰ ਡਾ. ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਮਿਸ਼ਨ ਇੰਦਰਧਨੁਸ਼ ਤਹਿਤ ਵੱਖ ਵੱਖ ਥਾਂਵਾਂ ਤੇ ਸੈਸ਼ਨ (ਕੈਂਪ) ਲਗਾਏ ਜਾ ਰਹੇ ਹਨ, ਜਿੰਨ੍ਹਾ ਵਿਚੋਂ ਕੁੱਝ ਕੈਂਪ ਹਾਈ ਰਿਸਕ ਥਾਵਾਂ ਵਿੱਚ ਲਗਾਏ ਜਾਣੇ ਹਨ, ਜਿੰਨ੍ਹਾਂ ਵਿੱਚ ਬੱਚਿਆਂ ਅਤੇ ਗਰਭਵਤੀ ਮਾਵਾਂ ਨੂੰ ਵੈਕਸੀਨੇਸ਼ਨ ਲਗਾਉਣ ਦਾ ਟੀਚਾ ਹੈ।
ਬੀ.ਈ.ਈ ਮਨਬੀਰ ਸਿੰਘ ਨੇ ਦੱਸਿਆ ਕਿ ਬਲਾਕ ਅਧੀਨ 58 ਕੈੰਪ ਲਗਾਏ ਜਾਣਗੇ ਜਿਨ੍ਹਾਂ ਵਿਚ 2 ਮੋਬਾਈਲ ਟੀਮਾਂ ਵੀ ਸ਼ਾਮਲ ਹਨ। ਉਹਨਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਮਿਸ਼ਨ ਇੰਦਰਧਨੁਸ਼ ਤਹਿਤ ਦਸੰਬਰ 2023 ਤੱਕ ਐਮ.ਆਰ.ਦਾ ਟੀਚਾ ਪੂਰਾ ਕਰਨ ਦਾ ਉਦੇਸ਼ ਰੱਖਿਆ ਗਿਆ ਹੈ, ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪਰਿਵਾਰ ਜਾਂ ਆਲੇ-ਦੁਆਲੇ 5 ਸਾਲ ਤੋਂ ਘੱਟ ਜਿਹੜੇ ਬੱਚੇ ਐਮ.ਆਰ ਦੀ ਪਹਿਲੀ ਅਤੇ ਦੂਸਰੀ ਖੁਰਾਕ ਤੋਂ ਵਾਂਝੇ ਹਨ, ਉਹਨਾਂ ਦਾ ਟੀਕਾਕਰਨ ਜਰੂਰ ਕਰਵਾਇਆ ਜਾਵੇ। ਇਸ ਮੌਕੇ ਐਸ.ਆਈ ਪਰਮਜੀਤ ਸਿੰਘ, ਬੀ.ਐੱਸ.ਏ. ਅਰੁਣ ਕੁਮਾਰ, ਵੱਖ-ਵੱਖ ਸਿਹਤ ਕੇਂਦਰਾਂ ਦਾ ਸਟਾਫ, ਮ.ਪ.ਹ.ਸ (ਮੇਲ ਤੇ ਫੀਮੇਲ), ਮ.ਪ.ਹ.ਵ (ਮੇਲ ਤੇ ਫੀਮੇਲ), ਸੀ.ਐਚ.ਓ, ਆਸ਼ਾ ਸੁਪਰਵਾਈਜ਼ਰ ਤੇ ਆਸ਼ਾ ਵਰਕਰ ਅਤੇ ਪਿੰਡ ਵਾਸੀ ਆਦਿ ਮੌਜੂਦ ਸਨ।