ਸ੍ਰੀ ਮੁਕਤਸਰ ਸਾਹਿਬ : 12 ਸਤੰਬਰ (BTTNEWS)- ਸਥਾਨਕ ਬੁੱਧ ਵਿਹਾਰ ਨਿਵਾਸੀ ਲਾਰਡ ਬੁੱਧਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਫਗਵਾੜਾ ਦੇ ਹਦੀਆਬਾਦ ਸਥਿਤ ਡਾ. ਅੰਬੇਡਕਰ ਪਾਰਕ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਧਰਮ ਪਤਨੀ ਸੇਵਾ ਮੁਕਤ ਮੁੱਖ ਅਧਿਆਪਕਾ ਬਿਮਲਾ ਢੋਸੀਵਾਲ ਅਤੇ ਸਾਲਾ ਸਾਹਿਬ ਗੋਪਾਲ ਕ੍ਰਿਸ਼ਨ ਬੇਦੀ ਵੀ ਮੌਜੂਦ ਸਨ। ਜਿਕਰਯੋਗ ਹੈ ਕਿ ਪਾਰਕ ਵਿੱਚ ਅਹਿੰਸਾ ਅਤੇ ਮਾਨਵਤਾ ਦੇ ਅਲੰਬਰਦਾਰ ਮਹਾਤਮਾ ਬੁੱਧ ਅਤੇ ਸਮਰਾਟ ਅਸ਼ੋਕ ਸਮੇਤ ਸਮੁੱਚੇ ਸਮਾਜ ਦੇ ਮਸੀਹਾ ਡਾ. ਭੀਮ ਰਾਓ ਅੰਬੇਡਕਰ, ਪਹਿਲੀ ਦਲਿਤ ਅਧਿਆਪਕ ਜੋੜੀ ਪਤੀ-ਪਤਨੀ ਮਹਾਤਮਾ ਜੋਤੀ ਰਾਓ ਫੂਲੇ ਅਤੇ ਮਾਤਾ ਸਵਿਤਰੀ ਬਾਈ ਫੂਲੇ ਸਮੇਤ ਮਾਤਾ ਫਾਤਿਮਾ ਸੇਖ, ਛਤਰਪਤੀ ਸ਼ਾਹੂ ਜੀ ਮਹਾਰਾਜ ਅਤੇ ਮੌਜੂਦਾ ਸਮੇਂ ਵਿਚ ਅੰਬੇਡਕਰਵਾਦ ਨੂੰ ਘਰ ਘਰ ਪਹੁੰਚਾਉਣ ਵਾਲੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਸ੍ਰੀ ਕਾਂਸ਼ੀ ਰਾਮ ਦੇ ਆਦਮ ਕੱਦ ਬੁੱਤ ਸਥਾਪਤ ਹਨ। ਪਾਰਕ ਵਿਚ ਅਸ਼ੋਕ ਸਤੰਭ ਵੀ ਸਥਾਪਤ ਹੈ। ਇਸੇ ਪਾਰਕ ਅੰਦਰ ਡਾ. ਅੰਬੇਡਕਰ ਲਾਇਬ੍ਰੇਰੀ ਵੀ ਹੈ। ਇਸ ਤੋਂ ਇਲਾਵਾ ਮੁਫ਼ਤ ਕੰਪਿਊਟਰ ਸਿਖਲਾਈ ਸੈਂਟਰ ਅਤੇ ਆਈਲਿਟਸ ਸੈਂਟਰ ਵੀ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅੰਬੇਡਕਰ ਕਮਿਊਨਿਟੀ ਸੈਂਟਰ ਦੀ ਉਸਾਰੀ ਵੀ ਚੱਲ ਰਹੀ ਹੈ। ਜਾਣਕਾਰੀ ਦਿੰਦੇ ਹੋਏ ਢੋਸੀਵਾਲ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਦੌਰੇ ਸਮੇਂ ਪਾਰਕ ਦੀ ਉਸਾਰੀ ਵਿਚ ਅਹਿਮ ਰੋਲ ਅਦਾ ਕਰਨ ਵਾਲੇ ਮੌਜੂਦਾ ਕੌਂਸਲਰ ਸਤੀਸ਼ ਕੌਲ ਅਤੇ ਉਹਨਾਂ ਦੀ ਧਰਮ ਪਤਨੀ ਸਾਬਕਾ ਨਗਰ ਕੌਂਸਲ ਉਪ ਪ੍ਰਧਾਨ ਸੀਤਾ ਕੌਲ ਨੇ ਢੋਸੀਵਾਲ ਪਤੀ ਪਤਨੀ ਨਾਲ ਉਚੇਚੇ ਤੌਰ ’ਤੇ ਮੁਲਾਕਾਤ ਕੀਤੀ। ਸ੍ਰੀ ਕੌਲ ਨੇ ਪਾਰਕ ਦੀ ਸਥਾਪਨਾ ਅਤੇ ਬਾਕੀ ਸਾਰੇ ਪ੍ਰਬੰਧਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਪਾਰਕ ਦੀ ਸਥਾਪਨਾ ਅਤੇ ਦੇਖ ਭਾਲ ਲਈ ਸਮਾਜ ਦੇ ਐਨ.ਆਰ.ਆਈ. ਸੱਜਣਾਂ ਦਾ ਬਹੁਤ ਵੱਡਾ ਸਹਿਯੋਗ ਹੈ। ਪ੍ਰਧਾਨ ਢੋਸੀਵਾਲ ਪਾਰਕ ਦੀ ਸੁੰਦਰਤਾ ਅਤੇ ਵਧੀਆ ਸਾਂਭ ਸੰਭਾਲ ਨੂੰ ਦੇਖ ਕੇ ਬੇਹੱਦ ਪ੍ਰਭਾਵਤ ਹੋਏ ਅਤੇ ਇਸ ਲਈ ਪਾਰਕ ਦੀ ਸਮੁੱਚੀ ਪ੍ਰਬੰਧਕੀ ਕਮੇਟੀ ਨੂੰ ਵਧਾਈ ਦਿੱਤੀ। ਢੋਸੀਵਾਲ ਨੇ ਸ੍ਰੀ ਕੌਲ ਅਤੇ ਉਹਨਾਂ ਦੀ ਧਰਮ ਪਤਨੀ ਨਾਲ ਯਾਦਗਾਰੀ ਫੋਟੋਆਂ ਵੀ ਖਿਚਵਾਈਆਂ। ਬਾਅਦ ਵਿਚ ਪ੍ਰਧਾਨ ਢੋਸੀਵਾਲ ਨੇ ਸ੍ਰੀ ਕੌਲ ਦੇ ਬੁਲਾਵੇ ਅਨੁਸਾਰ ਪਰਿਵਾਰ ਸਮੇਤ ਉਨ੍ਹਾਂ ਦੇ ਗ੍ਰਹਿ ਵਿਖੇ ਜਾ ਕੇ ਚਾਹ ਦਾ ਪਿਆਲਾ ਸਾਂਝਾ ਕੀਤਾ। ਜਿਕਰਯੋਗ ਹੈ ਕਿ ਕੌਲ ਪਰਿਵਾਰ ਪੂਰੀ ਤਰ੍ਹਾਂ ਡਾ. ਅੰਬੇਡਕਰ ਦੀ ਵਿਚਾਰ ਧਾਰਾ ਨਾਲ ਜੁੜਿਆ ਹੋਇਆ ਹੈ ਅਤੇ ਪਿਛਲੇ ਕਈ ਦਹਾਕਿਆਂ ਤੋਂ ਅੰਬੇਡਕਰਵਾਦ ਨੂੰ ਘਰ ਘਰ ਪਹੁੰਚਾਉਣ ਲਈ ਯਤਨਸ਼ੀਲ ਹੈ।
ਢੋਸੀਵਾਲ ਨੇ ਪਤਨੀ ਸਮੇਤ ਕੀਤਾ ਅੰਬੇਡਕਰ ਪਾਰਕ ਦਾ ਦੌਰਾ
September 12, 2023
0