ਪੰਜਾਬ ਪੁਲਿਸ ਦੀ ਏਜੀਟੀਐਫ ਵੱਲੋਂ ਸੋਨੂੰ ਖੱਤਰੀ ਗੈਂਗ ਦਾ ਇੱਕ ਹੋਰ ਮੈਂਬਰ ਗ੍ਰਿਫਤਾਰ

BTTNEWS
0

ਮੁਲਜ਼ਮ ਸਾਜਨ ਗਿੱਲ ਉਰਫ ਗੱਬਰ ਜ਼ੀਰਕਪੁਰ ਵਿਖੇ ਹਾਲ ਹੀ ਵਿੱਚ ਵਾਪਰੀ ਮੈਟਰੋ ਪਲਾਜ਼ਾ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਸੀ: ਡੀਜੀਪੀ ਗੌਰਵ ਯਾਦਵ

 ਚੰਡੀਗੜ੍ਹ, 12 ਸਤੰਬਰ (BTTNEWS)- ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਨੇ ਗੈਂਗਸਟਰ ਸੋਨੂੰ ਖੱਤਰੀ ਗਿਰੋਹ ਦੇ ਇੱਕ ਹੋਰ ਮੈਂਬਰ ਨੂੰ ਜਲੰਧਰ ਤੋਂ ਗ੍ਰਿਫਤਾਰ ਕਰ ਲਿਆ। 

ਪੰਜਾਬ ਪੁਲਿਸ ਦੀ ਏਜੀਟੀਐਫ ਵੱਲੋਂ ਸੋਨੂੰ ਖੱਤਰੀ ਗੈਂਗ ਦਾ ਇੱਕ ਹੋਰ ਮੈਂਬਰ ਗ੍ਰਿਫਤਾਰ


ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੱਸਿਆ ਕਿ ਫੜੇ ਗਏ ਮੁਲਜ਼ਮ ਦੀ ਪਛਾਣ ਸਾਜਨ ਗਿੱਲ ਉਰਫ ਗੱਬਰ ਵਾਸੀ ਫਤਿਹ ਨੰਗਲ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ, ਜੋ ਮੌਜੂਦਾ ਸਮੇਂ ਜਲੰਧਰ ਦੀ ਖਾਂਬਰਾ ਕਲੋਨੀ ਵਿੱਚ ਰਹਿੰਦਾ ਹੈ।


ਇਹ ਕਾਰਵਾਈ ਏਜੀਟੀਐਫ ਵੱਲੋਂ ਪੈਨ ਇੰਡੀਆ ਆਪਰੇਸ਼ਨ ਤਹਿਤ ਗੈਂਗਸਟਰ ਸੋਨੂੰ ਖੱਤਰੀ ਗੈਂਗ ਦੇ ਤਿੰਨ ਮੁੱਖ ਸ਼ੂਟਰਾਂ ਨੂੰ ਵਿਦੇਸ਼ੀ .32 ਬੋਰ ਦੇ ਤਿੰਨ ਅਤਿ-ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦੇ ਚਾਰ ਦਿਨਾਂ ਬਾਅਦ ਕੀਤੀ ਗਈ ਹੈ। ਦੋਸ਼ੀ ਸੁਖਮਨ ਬਰਾੜ ਨੂੰ ਭਾਰਤ-ਨੇਪਾਲ ਬਾਰਡਰ ਤੋਂ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ, ਜਦੋਂ ਉਹ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਦਕਿ ਬਾਕੀ ਦੋ ਦੋਸ਼ੀਆਂ ਜਸਕਰਨ ਸਿੰਘ ਉਰਫ ਜੱਸੀ ਅਤੇ ਜੋਗਰਾਜ ਸਿੰਘ ਉਰਫ ਜੋਗਾ ਨੂੰ ਗੁਰੂਗ੍ਰਾਮ ਤੋਂ ਗ੍ਰਿਫ਼ਤਾਰ ਕੀਤਾ ਗਿਆ। ਗੈਂਗਸਟਰ ਸੋਨੂੰ ਖੱਤਰੀ ਅੱਤਵਾਦੀ ਹਰਵਿੰਦਰ ਰਿੰਦਾ ਦਾ ਕਰੀਬੀ ਸਾਥੀ ਹੈ।


ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਿੰਨ ਸ਼ੂਟਰਾਂ ਤੋਂ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਸਾਜਨ ਗਿੱਲ ਉਰਫ ਗੱਬਰ ਹਾਲ ਹੀ ਵਿੱਚ ਜ਼ੀਰਕਪੁਰ ਵਿਖੇ ਵਾਪਰੇ ਮੈਟਰੋ ਪਲਾਜ਼ਾ ਗੋਲੀ ਕਾਂਡ ਵਿੱਚ ਸ਼ਾਮਲ ਸੀ, ਕਿਉਂਕਿ ਉਸ ਨੇ ਵਿਦੇਸ਼ ਅਧਾਰਤ ਹੈਂਡਲਰ ਸੋਨੂੰ ਖੱਤਰੀ ਦੇ ਨਿਰਦੇਸ਼ਾਂ ‘ਤੇ ਇਸ ਮਾਮਲੇ ਵਿੱਚ ਤਕਨੀਕੀ ਅਤੇ ਲਾਜਿਸਟਿਕ ਸਹਾਇਤਾ ਮੁਹੱਈਆ ਕਰਵਾਈ ਸੀ। 


ਉਨ੍ਹਾਂ ਦੱਸਿਆ ਕਿ ਸੂਹ ਮਿਲਣ 'ਤੇ ਏਡੀਜੀਪੀ ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਏਜੀਟੀਐਫ ਦੀਆਂ ਪੁਲਿਸ ਟੀਮਾਂ ਨੇ ਸਾਜਨ ਨੂੰ ਜਲੰਧਰ ਤੋਂ ਗ੍ਰਿਫ਼ਤਾਰ ਕਰ ਲਿਆ। ਇਸ ਆਪਰੇਸ਼ਨ ਦੀ ਅਗਵਾਈ ਕਰ ਰਹੇ ਏਆਈਜੀ ਸੰਦੀਪ ਗੋਇਲ ਨੇ ਹੋਰ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ।



ਇਸ ਸਬੰਧੀ ਥਾਣਾ ਜ਼ੀਰਕਪੁਰ ਵਿਖੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 307, 506, 34, 427 ਅਤੇ 120-ਬੀ ਅਤੇ ਅਸਲਾ ਐਕਟ ਦੀ ਧਾਰਾ 25  ਤਹਿਤ ਐਫ.ਆਈ.ਆਰ. ਨੰਬਰ 210  ਮਿਤੀ 21/07/2023 ਪਹਿਲਾਂ ਹੀ ਦਰਜ ਹੈ।

Post a Comment

0Comments

Post a Comment (0)