- ਭੋਗ ਅਤੇ ਅੰਤਿਮ ਅਰਦਾਸ 12 ਨੂੰ -
ਸ੍ਰੀ ਮੁਕਤਸਰ ਸਾਹਿਬ : 09 ਅਗਸਤ (BTTNEWS)- ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ ਦੇ ਛੋਟੇ ਭਰਾ ਏ.ਐੱਸ.ਆਈ. ਸ਼ਾਮ ਲਾਲ ਭਾਰਤੀ (57) ਕੱਲ੍ਹ ਅਕਾਲ ਚਲਾਣਾ ਕਰ ਗਏ ਹਨ। ਉਹ ਆਪਣੇ ਪਿੱਛੇ ਪਤਨੀ, ਦੋ ਸ਼ਾਦੀ ਸ਼ੁਦਾ ਪੁੱਤਰ ਅਤੇ ਵਿਦੇਸ਼ ਪੜਦੀ ਪੁੱਤਰੀ ਛੱਡ ਗਏ ਹਨ। ਸਵ. ਸ਼ਾਮ ਲਾਲ ਭਾਰਤੀ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ। ਕਰੀਬ 57 ਕੁ ਸਾਲ ਪਹਿਲਾਂ ਉਸ ਵੇਲੇ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਤਲਵੰਡੀ ਭਾਈ ਵਿਖੇ ਪਿਤਾ ਰਾਮ ਸਰੂਪ ਦੇ ਗ੍ਰਹਿ ਵਿਖੇ ਮਾਤਾ ਸ਼ਾਂਤੀ ਦੇਵੀ ਦੀ ਕੁੱਖੋਂ ਜਨਮੇ ਸ੍ਰੀ ਭਾਰਤੀ ਆਪਣੇ ਪੰਜ ਭਰਾਵਾਂ ਅਤੇ ਚਾਰ ਭੈਣਾਂ ਵਿਚੋਂ ਸਭ ਤੋਂ ਛੋਟੇ ਸਨ। ਸਥਾਨਕ ਜ਼ਿਲਾ ਪੁਲਿਸ ਵਿੱਚ ਬਤੌਰ ਏ.ਐੱਸ.ਆਈ. ਵਜੋਂ ਸੇਵਾ ਨਿਭਾ ਰਹੇ, ਬੁੱਧ ਵਿਹਾਰ ਨਿਵਾਸੀ ਸ੍ਰੀ ਭਾਰਤੀ ਆਪਣੇ ਮਹਿਕਮੇਂ ਵਿੱਚ ਬੇਹੱਦ ਸ਼ਰੀਫ਼ ਅਤੇ ਡਿਊਟੀ ਪ੍ਰਸਤ ਕਰਮਚਾਰੀ ਵਜੋਂ ਜਾਣੇ ਜਾਂਦੇ ਹਨ। ਮੁਹੱਲੇ ਦੀਆਂ ਸਮਾਜ ਸੇਵੀ ਗਤੀਵਿਧੀਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਂਦੇ ਸਨ। ਕੱਲ ਉਹਨਾਂ ਦੇ ਅੰਤਿਮ ਸੰਸਕਾਰ ਸਮੇਂ ਪੁਲਿਸ ਵੱਲੋਂ ਹਥਿਆਰ ਉਲਟੇ ਕਰਕੇ ਆਖਰੀ ਸਲਾਮੀ ਦਿੱਤੀ ਗਈ। ਅੰਤਮ ਸੰਸਕਾਰ ਮੌਕੇ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਸਮੇਤ ਚੀਫ਼ ਪੈਟਰਨ ਇੰਸਪੈਕਟਰ ਜਗਸੀਰ ਸਿੰਘ, ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਡਾ. ਸੁਰਿੰਦਰ ਗਿਰਧਰ, ਜਗਦੀਸ਼ ਚੰਦਰ ਧਵਾਲ, ਬਰਨੇਕ ਸਿੰਘ, ਪ੍ਰਦੀਪ ਧੂੜੀਆ ਸਮੇਤ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਸੱਜਣ ਮਿੱਤਰ ਅਤੇ ਪੁਲਿਸ ਵਿਭਾਗ ਦੇ ਕਰਮਚਾਰੀ ਮੌਜੂਦ ਸਨ। ਸਵ. ਸ਼ਾਮ ਲਾਲ ਭਾਰਤੀ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਆਉਂਦੀ 12 ਅਗਸਤ ਸ਼ਨੀਵਾਰ ਨੂੰ ਦੁਪਹਿਰ ਦੇ 12:00 ਤੋਂ 1:00 ਵਜੇ ਤੱਕ ਸਥਾਨਕ ਬਠਿੰਡ ਰੋਡ ਸਥਿਤ ਸ਼ਾਂਤੀ ਭਵਨ ਵਿਖੇ ਪਾਇਆ ਜਾਵੇਗਾ।
ਸਵ: ਸ਼ਾਮ ਲਾਲ ਭਾਰਤੀ ਦੀ ਫਾਇਲ ਫੋਟੋ। |