ਸ੍ਰੀ ਮੁਕਤਸਰ ਸਾਹਿਬ:(BTTNEWS)- ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿੱਚ,ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੀ ਪ੍ਰਿੰਸੀਪਲ ਡਾ.ਜਯੋਤਸਨਾ ਸਿੰਗਲਾ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਦਾ ਬਿਨਾਂ ਕਿਸੇ ਕਾਰਨ ਤੋਂ ਦਾਖਲਾ ਰੋਕਣ ਦੇ ਵਿਰੋਧ ਵਿੱਚ ਰੈਲੀ ਕਰਕੇ ਗੇਟ ਅੱਗੇ ਰਾਜਿੰਦਰਾ ਕਾਲਜ ਬਠਿੰਡਾ ਦੀ ਪ੍ਰਿੰਸੀਪਲ ਦਾ ਪੁਤਲਾ ਫ਼ੂਕਿਆ ਗਿਆਸੰਬੋਧਨ ਕਰਦਿਆਂ ਜਿਲ੍ਹਾ ਕਨਵੀਨਰ ਸੁਖਪ੍ਰੀਤ ਕੌਰ ਨੇ ਦੱਸਿਆ ਕਿ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਦੀ ਪ੍ਰਿੰਸੀਪਲ ਡਾ. ਜਯੋਤਸਨਾ ਸਿੰਗਲਾ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਰਜਿੰਦਰ ਸਿੰਘ,ਜੋ ਕਿ ਦਲਿਤ ਵਰਗ ਨਾਲ ਸਬੰਧਤ ਹੈ,ਨੂੰ ਬਿਨਾਂ ਕਿਸੇ ਕਾਰਨ ਦੇ ਕਾਲਜ ਵਿੱਚ ਦਾਖਲਾ ਦੇਣ ਤੋਂ ਇਨਕਾਰ ਕਰ ਦਿੱਤਾ ਜਦਕਿ ਉਸ ਵਿਦਿਆਰਥੀ ਆਗੂ ਦਾ ਮੈਰਿਟ ਸੂਚੀ ਵਿੱਚ ਨਾਮ ਆਇਆ ਹੋਇਆ ਹੈ,ਸਾਰੇ ਡਾਕੂਮੈਂਟ ਪੂਰੇ ਹਨ lਪ੍ਰਿੰਸੀਪਲ ਵੱਲੋਂ ਆਗੂ ਨੂੰ ਸ਼ਰੇਆਮ ਧਮਕੀ ਦਿੱਤੀ ਗਈ ਹੈ ਕਿ ਤੁਹਾਨੂੰ ਕਿਸੇ ਵੀ ਹਾਲ ਤੇ ਕਾਲਜ ਵਿੱਚ ਦਾਖਲਾ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਬੀਤੀ 14 ਅਪ੍ਰੈਲ ਨੂੰ ਕਾਲਜ ਦੇ ਆਡੀਟੋਰੀਅਮ ਵਿੱਚ ਅੰਬੇਦਕਰ ਜੈਯੰਤੀ ਮਨਾਉਣ ਲਈ ਵਿਦਿਆਰਥੀਆਂ ਨੇ ਪ੍ਰਿੰਸੀਪਲ ਡਾ. ਜਯੋਤਸਨਾ ਸਿੰਗਲਾ ਤੋਂ ਅਨੁਮਤੀ ਮੰਗੀ ਸੀ ਪਰੰਤੂ ਉਨ੍ਹਾਂ ਨੇ ਪ੍ਰੋਗਰਾਮ ਦੀ ਆਗਿਆ ਨਹੀਂ ਦਿੱਤੀ ਪਰ ਉਸੇ ਦਿਨ ਹੀ ਪ੍ਰਾਈਵੇਟ ਯੂਨੀਵਰਸਿਟੀ ਚਿਤਕਾਰਾ ਦਾ ਪ੍ਰੋਗਰਾਮ ਪ੍ਰਿੰਸੀਪਲ ਵੱਲੋਂ ਖੁਦ ਆਯੋਜਿਤ ਕਰਵਾਇਆ ਗਿਆ। ਜਿਸਤੋਂ ਬਾਅਦ ਵਿਦਿਆਰਥੀਆਂ ਨੇ ਐਲਾਨ ਕਰਕੇ ਧੱਕੇ ਨਾਲ ਅੰਬੇਡਕਰ ਜੈਯੰਤੀ ਮਨਾਈ ਸੀ। ਓਦੋਂ ਰਜਿੰਦਰ ਸਿੰਘ ਨੇ ਹੀ ਇਸ ਪ੍ਰੋਗਰਾਮ ਦੀ ਅਗਵਾਈ ਕੀਤੀ ਸੀ ਜਿਸ ਨੂੰ ਪ੍ਰਿੰਸੀਪਲ ਆਪਣੀ ਹੇਠੀ ਸਮਝਦੇ ਹੋਏ ਸਬੰਧਤ ਵਿਦਿਆਰਥੀ ਆਗੂ ਪ੍ਰਤੀ ਖਾਰ ਰੱਖਦੀ ਆ ਰਹੀ ਹੈ। ਇਸੇ ਰੰਜਿਸ਼ ਤਹਿਤ ਹੀ ਵਿਦਿਆਰਥੀ ਆਗੂ ਦਾ ਦਾਖ਼ਲਾ ਰੋਕਿਆ ਜਾ ਰਿਹਾ ਹੈ।
ਜਿਲ੍ਹਾ ਕੋ - ਕਨਵੀਨਰ ਨੌਨਿਹਾਲ ਸਿੰਘ ਅਤੇ ਜਿਲ੍ਹਾ ਆਗੂ ਮਮਤਾ ਅਜ਼ਾਦ ਨੇ ਦੱਸਿਆ ਕਿ ਸਿੱਖਿਆ ਹਾਸਿਲ ਕਰਨਾ ਹਰੇਕ ਵਿਦਿਆਰਥੀ ਦਾ ਮੁੱਢਲਾ ਅਧਿਕਾਰ ਹੈ ਤੇ ਪ੍ਰਿੰਸੀਪਲ ਜਯੋਤਸਨਾ ਦਾ ਇਹ ਤਾਨਾਸ਼ਾਹੀ ਫੁਰਮਾਨ ਦਲਿਤ ਵਿਰੋਧੀ ਸਮਝ ਦਾ ਪ੍ਰਗਟਾਵਾ ਹੈ ਅਤੇ ਦਲਿਤ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਤੋਂ ਬਾਹਰ ਕੱਢਣ ਵਾਲਾ ਵਿਦਿਆਰਥੀ ਵਿਰੋਧੀ ਫੈਸਲਾ ਹੈ।
ਇਸ ਕਰਕੇ ਦਲਿਤ ਵਿਰੋਧੀ ਫ਼ੈਸਲੇ ਕਾਰਨ ਆਗੂਆਂ ਨੇ ਮੰਗ ਕੀਤੀ ਕਿ ਪ੍ਰਿੰਸੀਪਲ ਡਾ.ਜਯੋਤਸਨਾ ਸਿੰਗਲਾ ਤੇ SC/ST ਤਹਿਤ ਪਰਚਾ ਦਰਜ ਹੋਣਾ ਚਾਹੀਦਾ ਹੈ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਵਿਦਿਆਰਥੀ ਆਗੂ ਨੂੰ ਦਾਖ਼ਲਾ ਨਾ ਦਿੱਤਾ ਗਿਆ ਤਾਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਇਸਦੇ ਖਿਲਾਫ਼ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਵਿਦਿਆਰਥੀ ਆਗੂ ਲਵਪ੍ਰੀਤ ਕੌਰ,ਪੂਜਾ, ਗੁਰਪ੍ਰੀਤ ਸਿੰਘ, ਅਜੇਪਾਲ ਸਿੰਘ,ਮਾਇਆ ਰਾਣੀ,ਜਸਪ੍ਰੀਤ ਸਿੰਘ,ਅਮਿਤ ਕੁਮਾਰ, ਏਕਮ,ਹਰਮਨ ਸਿੰਘ,ਗੀਤਾ ਰਾਣੀ ਆਦਿ ਵਿਦਿਆਰਥੀ ਸ਼ਾਮਿਲ ਸਨ