ਅਮ੍ਰਿਤ ਭਾਰਤ ਰੇਲਵੇ ਸਟੇਸ਼ਨਾਂ ਦਾ ਕਰਨਗੇ ਉਦਘਾਟਨ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਸ੍ਰੀ ਮੁਕਤਸਰ ਸਾਹਿਬ ਦੇ ਅਮ੍ਰਿਤ ਭਾਰਤ ਰੇਲਵੇ ਸਟੇਸ਼ਨ ਦੇ ਮਾਡਲ ਦੀ ਫੋਟੋ । |
ਸ੍ਰੀ ਮੁਕਤਸਰ ਸਾਹਿਬ (BTTNEWS)- ਅਮ੍ਰਿਤ ਭਾਰਤ ਰੇਲਵੇ ਸਟੇਸ਼ਨਾਂ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 6 ਅਗਸਤ ਨੂੰ ਡਿਜੀਟਲ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਅਮ੍ਰਿਤ ਭਾਰਤ ਸਟੇਸ਼ਨ ਯੋਜਨਾ ਅਧੀਨ ਰੇਲਵੇ ਮੰਡਲ ਫਿਰੋਜ਼ਪੁਰ ਦੇ 14 ਸਟੇਸ਼ਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਜਿਸ ਵਿਚ ਕੋਟਕਪੂਰਾ, ਫਿਰੋਜ਼ਪੁਰ, ਫਾਜ਼ਿਲਕਾ, ਪਠਾਨਕੋਟ, ਗੁਰਦਾਸਪੁਰ, ਮੋਗਾ, ਫਗਵਾੜਾ, ਕਪੂਰਥਲਾ, ਢੰਡਾਰੀ ਕਲਾਂ, ਸ੍ਰੀ ਮੁਕਤਸਰ ਸਾਹਿਬ, ਜਲੰਧਰ, ਉਦਮਪੁਰ, ਲੁਧਿਆਣਾ, ਜੰਮੂ ਤਵੀ ਦੇ ਨਾਮ ਸ਼ਾਮਲ ਹਨ । ਜਿਸ ਦੇ ਤਹਿਤ ਸਾਰੇ ਸਟੇਸ਼ਨਾਂ ਨੂੰ ਆਧੁਨਿਕ ਸਹੂਲਤਾਂ ਦੇ ਨਾਲ ਨਾਲ ਨਵੀਨੀਕਰਨ ਕਰਕੇ ਨਵਾਂ ਰੂਪ ਦਿੱਤਾ ਜਾਵੇਗਾ। ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਨੂੰ ਵੀ ਅਮ੍ਰਿਤ ਭਾਰਤ ਸਟੇਸ਼ਨ ਅਧੀਨ ਲਿਆ ਕੇ ਇਸ ਨੂੰ ਮਾਡਲ ਸਟੇਸ਼ਨ ਦਾ ਰੂਪ ਦਿੱਤਾ ਜਾ ਰਿਹਾ ਹੈ। ਜਿਸ ਦੀ ਉਸਾਰੀ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਹੋ ਗਈ ਹੈ। ਦੂਜੇ ਸਟੇਸ਼ਨਾਂ ਦੇ ਨਾਲ ਨਾਲ 6 ਅਗਸਤ ਨੂੰ ਸ੍ਰੀ ਮੁਕਤਸਰ ਸਾਹਿਬ ਰੇਲਵੇ ਸਟੇਸ਼ਨ ਤੇ ਇੱਕ ਵੱਡਾ ਸਮਾਗਮ ਕੀਤਾ ਜਾ ਰਿਹਾ ਹੈ। ਜਿਸ ਵਿਚ ਹਲਕੇ ਦੇ ਐਮ.ਪੀ. ਸਾਹਿਬ, ਸ਼ਹਿਰ ਦੇ ਐਮ.ਐਲ.ਏ., ਫਿਰੋਜ਼ਪੁਰ ਰੇਲਵੇ ਮੰਡਲ ਦੇ ਉਚ ਅਧਿਕਾਰੀ ਵੀ ਸ਼ਾਮਲ ਹੋ ਰਹੇ ਹਨ। ਰੇਲਵੇ ਦੇ ਅਫ਼ਸਰ ਸਾਹਿਬਾਨ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਬਾਰੇ ਸਾਰੀ ਜਾਣਕਾਰੀ ਦੇਣਗੇ। ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ ਤੇ ਕਰੀਬ 15 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਜਿਸ ਨਾਲ ਮੁੱਖ ਤੌਰ ’ਤੇ 600 ਮੀਟਰ ਲੰਬਾ ਯਾਤਰੀ ਪਲੇਟ ਫਾਰਮ,, 150 ਮੀਟਰ ਲੰਬਾ ਨਵਾਂ ਯਾਤਰੀ ਸ਼ੈਡ ਤੇ ਸਟੇਸ਼ਨ ਦੇ ਸਾਹਮਣੇ ਨਵਾਂ ਪਾਰਕ ਤਿਆਰ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਨਵਾਂ ਏ.ਸੀ. ਵੇਟਿੰਗ ਹਾਲ, ਪਖਾਨੇ, ਡਬਲ ਐਂਟਰੀ ਗੇਟ, ਗਾਂਧੀ ਨਗਰ ਪਾਸੇ ਤੋਂ ਐਂਟਰੀ ਗੇਟ ਤਿਆਰ ਹੋਵੇਗਾ। ਇਸ ਤੋਂ ਇਲਾਵਾ ਹੋਰ ਵੀ ਕਾਫ਼ੀ ਸਹੂਲਤਾਂ ਮਿਲਣੀਆਂ ਹਨ। ਇਸ ਦੀ ਜਾਣਕਾਰੀ ਫਿਰੋਜ਼ਪੁਰ ਰੇਲਵੇ ਮੰਡਲ ਯੂਜਰ ਖਪਤਕਾਰ ਕਮੇਟੀ ਦੇ ਸਲਾਹਕਾਰ ਮੈਂਬਰ ਸ਼ਾਮ ਲਾਲ ਗੋਇਲ ਵੱਲੋਂ ਦਿੱਤੀ ਗਈ ਹੈ। ਅਮ੍ਰਿਤ ਭਾਰਤ ਰੇਲਵੇ ਸਟੇਸ਼ਨ ਦੇ ਇਸ ਸਮਾਗਮ ਵਿਚ ਰੇਲਵੇ ਸੰਮਤੀ ਦੇ ਮੈਂਬਰਜ ਅਤੇ ਸ਼ਹਿਰ ਵਾਸੀਆਂ ਨੂੰ ਇਸ ਸਮਾਗਮ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ।