- ਰਜਿਸਟਰਾਰ ਨਾਲ ਕੀਤੀ ਮੁਲਾਕਾਤ -
ਫਰੀਦਕੋਟ : 23 ਅਗਸਤ (BTTNEWS)- ਪਿਛਲੇ ਤਿੰਨ ਦਹਾਕਿਆਂ ਤੋਂ ਆਪਣੇ ਸੰਸਥਾਪਕ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਕਰਮਚਾਰੀ ਅਤੇ ਆਮ ਲੋਕਾਂ ਦੇ ਹੱਕਾਂ ਲਈ ਸੰਘਰਸ਼ਸ਼ੀਲ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਦੇ ਉੱਚ ਪੱਧਰੀ ਵਫ਼ਦ ਨੇ ਕੱਲ ਸਥਾਨਕ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਐਸ.ਪੀ. ਸਿੰਘ ਨਾਲ ਮੁਲਾਕਾਤ ਕੀਤੀ। ਵਫ਼ਦ ਵਿੱਚ ਸ੍ਰੀ ਢੋਸੀਵਾਲ ਤੋਂ ਇਲਾਵਾ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਜਗਦੀਸ਼ ਰਾਜ ਭਾਰਤੀ ਅਤੇ ਮੁੱਖ ਸਲਾਹਕਾਰ ਪ੍ਰਿੰ. ਕ੍ਰਿਸ਼ਨ ਲਾਲ ਸ਼ਾਮਲ ਸਨ। ਮੁਲਾਕਾਤ ਦੌਰਾਨ ਟਰੱਸਟ ਵੱਲੋਂ ਯੂਨੀਵਰਸਿਟੀ ਅੰਦਰ ਦਰਜਾ ਚਾਰ ਤੋਂ ਕਲਰਕ/ਡਾਟਾ ਐਂਟਰੀ ਉਪਰੇਟਰ ਵਜੋਂ ਪ੍ਰਮੋਸ਼ਨ ਮਾਮਲਾ ਗੰਭੀਰਤਾ ਨਾਲ ਵਿਚਾਰਿਆ ਗਿਆ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਵਿਚ ਕਲਰਕਾਂ ਦੀਆਂ ਕਾਫੀ ਪੋਸਟਾਂ ਖਾਲ਼ੀ ਪਈਆਂ ਹਨ ਅਤੇ ਯੋਗ ਦਰਜਾ ਚਾਰ ਕਰਮਚਾਰੀ ਤਰੱਕੀਆਂ ਦੀ ਉਡੀਕ ਲਾਈ ਬੈਠੇ ਹਨ। ਰਜਿਸਟਰਾਰ ਨੇ ਮਾਮਲੇ ਨੂੰ ਗੰਭੀਰਤਾ ਅਤੇ ਹਮਦਰਦੀ ਨਾਲ ਸੁਣਦੇ ਹੋਇਆ ਵਿਸ਼ਵਾਸ ਦਿਵਾਇਆ ਕਿ ਤਰੱਕੀਆਂ ਸਬੰਧੀ ਇਹ ਮਾਮਲਾ ਮਾਨਯੋਗ ਵਾਇਸ ਚਾਂਸਲਰ ਦੇ ਧਿਆਨ ਵਿਚ ਲਿਆ ਕੇ ਉਹਨਾਂ ਦੀਆਂ ਹਿਦਾਇਤਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਦਿੰਦੇ ਹੋਏ ਢੋਸੀਵਾਲ ਨੇ ਟਰੱਸਟ ਵੱਲੋਂ ਯੂਨੀਵਰਸਿਟੀ ਦੁਆਰਾ ਕਰੀਬ ਦੋ ਸਾਲ ਪਹਿਲਾਂ ਹੈਲਪਰਾਂ ਤੋਂ ਡਾਟਾ ਐਂਟਰੀ ਅਪਰੇਟਰਾਂ ਵਜੋਂ ਪ੍ਰਮੋਟ ਕੀਤੇ ਗਏ ਚਾਰ ਕਰਮਚਾਰੀਆਂ ਦਾ ਅਜੇ ਤੱਕ ਪ੍ਰੋਬੇਸ਼ਨ ਪੀਰੀਅਡ ਕਲੀਅਰ ਨਾ ਕਰਨ ਅਤੇ ਉਹਨਾਂ ਦੀ ਸਾਲਾਨਾ ਤਰੱਕੀ ਨਾ ਲਾਉਣ ਦਾ ਮਾਮਲਾ ਵੀ ਰਜਿਸਟਰਾਰ ਨਾਲ ਵਿਚਾਰਿਆ ਗਿਆ ਤਾਂ ਉਹਨਾਂ ਨੇ ਜਲਦੀ ਹੀ ਇਹਨਾਂ ਚਾਰੇ ਕੇਸਾਂ ਦੀ ਘੋਖ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੇ ਜਾਣ ਦਾ ਵਿਸ਼ਵਾਸ ਦਿਵਾਇਆ। ਟਰੱਸਟ ਵੱਲੋਂ ਰਜਿਸਟਰਾਰ ਨਾਲ ਹੋਈ ਮੁਲਾਕਾਤ ਦੌਰਾਨ ਹੋਈ ਗੱਲਬਾਤ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਦਰਜਾ ਚਾਰ ਕਰਮਚਾਰੀਆਂ ਦੀਆਂ ਤਰੱਕੀਆਂ ਅਤੇ ਸੰਬੰਧਤ ਕਰਮਚਾਰੀਆਂ ਦੇ ਪ੍ਰੋਬੇਸ਼ਨ ਪੀਰੀਅਡ ਜਲਦੀ ਕਲੀਅਰ ਕੀਤੇ ਜਾਣ ਦੀ ਉਮੀਦ ਜਾਹਰ ਕੀਤੀ ਹੈ। ਵਫ਼ਦ ਵੱਲੋਂ ਉਕਤ ਮੰਗਾਂ ਸਬੰਧੀ ਰਜਿਸਟਰਾਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਢੋਸੀਵਾਲ ਨੇ ਅੱਗੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਕਤ ਦੋਹਾਂ ਮਾਮਲਿਆਂ ਦਾ ਸਟੇਟਸ ਜਾਣਨ ਲਈ ਉਹਨਾਂ ਦੀ ਸੰਸਥਾ ਵੱਲੋਂ ਪੰਦਰਾਂ ਦਿਨ ਬਾਅਦ ਯੂਨੀਵਰਸਿਟੀ ਅਧਿਕਾਰੀਆਂ ਨਾਲ ਫਾਲੋ ਅੱਪ ਮੀਟਿੰਗ ਕੀਤੀ ਜਾਵੇਗੀ।
ਟਰੱਸਟ ਆਗੂ ਰਜਿਸਟਰਾਰ ਡਾ. ਐਸ.ਪੀ. ਸਿੰਘ ਨੂੰ ਮੰਗ ਪੱਤਰ ਸੌਂਪਦੇ ਹੋਏ। |