- ਸਾਰੇ ਪੰਜਾਬ ’ਚ ਕਰਵਾਇਆ ਜਾਵੇਗਾ ਲਾਗੂ -
ਸ੍ਰੀ ਮੁਕਤਸਰ ਸਾਹਿਬ, 08 ਅਗਸਤ (BTTNEWS)- ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਨੇ ਆਪਣੇ ਠੇਕਾ ਆਧਾਰਿਤ ਕਰਮਚਾਰੀਆਂ ਨੂੰ ਨਿਯੁਕਤੀ ਦੀ ਮਿਤੀ ਤੋਂ ਤਨਖਾਹ ਵਾਧਾ ਅਤੇ ਸਾਰਾ ਏਰੀਅਰ ਦੇਣ ਦਾ ਮੁਲਾਜ਼ਮ ਪੱਖੀ ਇਤਿਹਾਸਕ ਫੈਸਲਾ ਲਾਗੂ ਕਰ ਦਿੱਤਾ ਹੈ। ਇਹ ਫੈਸਲਾ ਲਾਗੂ ਹੋਣ ਨਾਲ ਯੂਨੀਵਰਸਿਟੀ ਦੇ ਠੇਕਾ ਆਧਾਰਿਤ ਕਰਮਚਾਰੀਆਂ ਦੇ ਨਾਲ-ਨਾਲ ਸਮੁੱਚੇ ਪੰਜਾਬ ਭਰ ਦੇ ਠੇਕਾ ਆਧਾਰਿਤ ਕਰਮਚਾਰੀ ਵਰਗ ਵਿੱਚ ਭਾਰੀ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਹਨਾਂ ਨੂੰ ਆਪਣੇ ਸੁਨਿਹਰੇ ਭਵਿੱਖ ਦੀ ਕਿਰਨ ਨਜ਼ਰ ਆ ਰਹੀ ਹੈ। ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਯੂਨੀਵਰਸਿਟੀ ਦੀ ਰਜਿਸਟਰਾਰ ਡਾ. ਨਿਰਮਲ ਔਸਾਪਚਨ ਅਮਲਾ ਬ੍ਰਾਂਚ ਦੀ ਇੰਚਾਰਜ ਡਾ. ਸਰਿਤਾ, ਫਾਇਨੈਂਸ ਅਫਸਰ ਸੀਤਾ ਰਾਮ ਗੋਇਲ ਅਤੇ ਪ੍ਰਚੇਜ਼ ਕਮੇਟੀ ਦੇ ਇੰਚਾਰਜ ਡਾ. ਰੋਹਿਤ ਚੋਪੜਾ ’ਤੇ ਆਧਾਰਿਤ ਉੱਚ ਪੱਧਰੀ ਕਮੇਟੀ ਨੇ ਸਰਬ ਸੰਮਤੀ ਨਾਲ ਕੀਤੇ ਆਪਣੇ ਫੈਸਲੇ ਅਨੁਸਾਰ ਉਕਤ ਕਰਮਚਾਰੀਆਂ ਨੂੰ ਬਣਦਾ ਬਕਾਇਆ ਚਾਰ ਕਿਸ਼ਤਾਂ ਵਿੱਚ ਦੇਣ ਦਾ ਫੈਸਲਾ ਕੀਤਾ ਹੈ। ਇਸੇ ਫੈਸਲੇ ਦੀ ਰੋਸ਼ਨੀ ਵਿੱਚ ਕੁਝ ਠੇਕਾ ਆਧਾਰਿਤ ਕਰਮਚਾਰੀਆਂ ਨੂੰ ਏਰੀਅਰ ਦੀ ਬਣਦੀ ਰਕਮ ਦੇ ਦਿੱਤੀ ਗਈ ਹੈ ਅਤੇ ਬਾਕੀਆਂ ਨੂੰ ਪ੍ਰਕਿਰਿਆ ਜਾਰੀ ਹੈ। ਪ੍ਰਧਾਨ ਢੋਸੀਵਾਲ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ, ਚੀਫ਼ ਸੈਕਟਰੀ ਅਤੇ ਫਾਇਨੈਂਸ ਸੈਕਟਰੀ ਤੋਂ ਮੰਗ ਕੀਤੀ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਆਪਣੇ ਠੇਕਾ ਆਧਾਰਿਤ ਕਰਮਚਾਰੀਆਂ ਨੂੰ ਹਾਜ਼ਰ ਹੋਣ ਦੀ ਮਿਤੀ ਤੋਂ ਤਨਖਾਹ ਵਾਧਾ ਅਤੇ ਏਰੀਅਰ ਦਿੱਤੇ ਜਾਣ ਦੇ ਬੇਹੱਦ ਵਧੀਆ ਫੈਸਲੇ ਦੀ ਤਰਜ਼ ’ਤੇ ਰਾਜ ਦੇ ਸਾਰੇ ਠੇਕਾ ਆਧਾਰਿਤ ਕਰਮਚਾਰੀਆਂ ਨੂੰ ਤਨਖਾਹ ਵਾਧਾ ਅਤੇ ਏਰੀਅਰ ਦਿੱਤਾ ਜਾਵੇ। ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਪੰਜਾਬ ਭਰ ਤੋਂ ਉਹਨਾਂ ਨੂੰ ਹਰ ਰੋਜ਼ ਸੈਂਕੜਿਆਂ ਦੀ ਗਿਣਤੀ ਵਿੱਚ ਫੋਨ ਆ ਰਹੇ ਹਨ। ਢੋਸੀਵਾਲ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਵੱਲੋਂ ਇਸ ਵਧੀਆ ਫੈਸਲੇ ਦੀ ਜਾਣਕਾਰੀ ਲੈਣ ਲਈ ਵਾਇਸ ਚਾਂਸਲਰ ਡਾ. ਰਾਜੀਵ ਸੂਦ ਨਾਲ ਮਿਤੀ 09 ਅਗਸਤ ਬੁੱਧਵਾਰ ਨੂੰ ਮੁਲਾਕਾਤ ਕੀਤੀ ਜਾਵੇਗੀ। ਇਸ ਸਬੰਧੀ ਉਹਨਾਂ ਨੇ ਵਾਇਸ ਚਾਂਸਲਰ ਨਾਲ ਗੱਲ ਕਰਕੇ ਮੁਲਾਕਾਤ ਲਈ ਅਗਾਊਂ ਪ੍ਰਵਾਨਗੀ ਲੈ ਲਈ ਹੈ।
ਜਗਦੀਸ਼ ਰਾਏ ਢੋਸੀਵਾਲ। |