ਤਨਖਾਹ ਵਾਧਾ ਅਤੇ ਏਰੀਅਰ ਕੇਸ ਦੀ ਸਪੈਸ਼ਲ ਪ੍ਰਵਾਨਗੀ ਲਈ ਜਾਵੇ

BTTNEWS
0

 - ਠੇਕਾ ਕਰਮਚਾਰੀਆਂ ਦੀ ਸ਼ੰਕਾ ਹੋਵੇ ਦੂਰ -

ਸ੍ਰੀ ਮੁਕਤਸਰ ਸਾਹਿਬ : 19 ਅਗਸਤ (BTTNEWS)- ਯੂਰਾਲੋਜੀ ਦੇ ਮਾਹਰ ਡਾਕਟਰ ਅਤੇ ਸਫਲ ਪ੍ਰਬੰਧਕ ਵਜੋਂ ਜਾਣੇ ਜਾਂਦੇ ਡਾ. ਰਾਜੀਵ ਸੂਦ ਨੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਦੇ ਵਾਈਸ ਚਾਂਸਲਰ ਦਾ ਅਹੁਦਾ ਸੰਭਾਲਦਿਆਂ ਹੀ ਸਿਹਤ ਸੇਵਾਵਾਂ ਦੀ ਬੇਹਤਰੀ ਅਤੇ ਪ੍ਰਬੰਧਕੀ ਸੁਧਾਰਾਂ ਬਾਰੇ ਉਚੇਚੇ ਤੌਰ ’ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਯੂਰਾਲੋਜੀ ਦੀ ਓ.ਪੀ.ਡੀ. ਅਤੇ ਅਪ੍ਰੇਸ਼ਨ ਸ਼ੁਰੂ ਕਰਨ ਦਾ ਪ੍ਰਸ਼ੰਸਾ ਯੋਗ ਕਾਰਜ ਕੀਤਾ ਹੈ। ਡਾ. ਸੂਦ ਦੀ ਦੂਰਅੰਦੇਸ਼ੀ ਅਤੇ ਪ੍ਰਬੰਧਕੀ ਮਜਬੂਤ ਪਕੜ ਨੇ ਥੋੜ੍ਹੇ ਸਮੇਂ ਵਿਚ ਹੀ ਯੂਨੀਵਰਸਿਟੀ ਕਰਮਚਾਰੀਆਂ ਵਿਚ ਆਸ ਦੀ ਨਵੀਂ ਕਿਰਨ ਜਗਾ ਦਿੱਤੀ ਹੈ। ਆਲ ਇੰਡੀਆ ਐਸ.ਸੀ./ ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਇਸ ਵਧੀਆ ਕਾਰਜ ਲਈ ਡਾ. ਸੂਦ ਨੂੰ ਵਧਾਈ ਦਿੱਤੀ ਹੈ। ਅੱਜ ਸਥਾਨਕ ਬੁੱਧ ਵਿਹਾਰ ਵਿਖੇ ਮੰਚ ਦੇ ਮੁੱਖ ਦਫਤਰ ਤੋਂ ਉਕਤ ਜਾਣਕਾਰੀ ਦਿੰਦੇ ਹੋਏ ਢੋਸੀਵਾਲ ਨੇ ਦੱਸਿਆ ਹੈ ਕਿ ਯੂਨੀਵਰਸਿਟੀ ਅਧੀਨ ਕੰਮ ਕਰਦੇ ਠੇਕਾ ਆਧਾਰਿਤ ਕਰਮਚਾਰੀਆਂ ਦੀ ਤਨਖਾਹ ਵਧਾਉਣ ਅਤੇ ਏਰੀਅਰ ਸਬੰਧੀ ਰਜਿਸਟਰਾਰ ਡਾ. ਨਿਰਮਲ ਓਸਾਪਚਨ, ਅਮਲਾ ਸ਼ਾਖਾ ਦੀ ਇੰਚਾਰਜ ਡਾ. ਸਰਿਤਾ, ਪ੍ਰਚੇਜ ਕਮੇਟੀ ਦੇ ਇੰਚਾਰਜ ਡਾ. ਰੋਹਿਤ ਚੋਪੜਾ ਅਤੇ ਫਾਇਨਾਂਸ ਅਫਸਰ ਸੀਤਾ ਰਾਮ ਗੋਇਲ ’ਤੇ ਅਧਾਰਿਤ ਕਮੇਟੀ ਨੇ ਬੀਤੀ 22 ਮਈ ਨੂੰ ਮੀਟਿੰਗ ਕੀਤੀ। ਸਰਕਾਰੀ ਨਿਯਮਾਂ, ਠੇਕਾ ਆਧਾਰਿਤ ਕਰਮਚਾਰੀਆਂ ਲਈ ਸਰਕਾਰ ਵੱਲੋਂ ਬੀਤੀ 16 ਮਈ ਨੂੰ ਬਣਾਈ ਗਈ ਨੀਤੀ ਅਤੇ ਬੋਰਡ ਆਫ਼ ਮੈਨੇਜਮੈਂਟ ਦੀਆਂ ਗਾਈਡ ਲਾਈਨਜ਼ ਦੀ ਪੂਰੀ ਜਾਣਕਾਰੀ ਨਾ ਹੋਣ ਕਾਰਣ, ਬੋਰਡ ਅਤੇ ਵਿੱਤ ਵਿਭਾਗ ਤੋਂ ਪੂਰਵ ਪ੍ਰਵਾਨਗੀ ਲੈਣ ਤੋਂ ਬਿਨਾਂ ਹੀ ਜਲਦਬਾਜ਼ੀ ਵਿਚ ਇਸ ਕਮੇਟੀ ਨੇ ਠੇਕਾ ਆਧਾਰਿਤ ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਵਾਧਾ ਕਰਕੇ 6,41,14,592/- ਰੁਪਏ ਦਾ ਬਕਾਇਆ ਚਾਰ ਕਿਸ਼ਤਾਂ ਵਿਚ ਜਾਰੀ ਕਰਨ ਦਾ ਫੈਸਲਾ ਕਰ ਦਿਤਾ। ਇਸ ਬਕਾਏ ਦੀ ਪਹਿਲੀ ਕਿਸ਼ਤ ਸਬੰਧਤ ਠੇਕਾ ਕਰਮਚਾਰੀਆਂ ਨੂੰ ਅਦਾ ਵੀ ਕੀਤੀ ਜਾ ਚੁੱਕੀ ਹੈ। ਕਮੇਟੀ ਵੱਲੋਂ ਤਨਖਾਹ ਵਾਧੇ ਅਤੇ ਏਰੀਅਰ ਸਬੰਧੀ ਨਾ ਤਾਂ ਪੰਜਾਬ ਦੇ ਵਿੱਤ ਵਿਭਾਗ ਅਤੇ ਨਾ ਹੀ ਬੋਰਡ ਆਫ਼ ਮੈਨੇਜਮੈਂਟ ਜੋ ਕਿ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਹੈ, ਤੋਂ ਇਸ ਬਾਰੇ ਕੋਈ ਪੂਰਵ ਪ੍ਰਵਾਨਗੀ ਲਈ ਗਈ। ਕਰੀਬ ਚੌਵੀ ਕੁ ਦਿਨ ਪਹਿਲਾਂ ਬੀਤੀ 28 ਜੁਲਾਈ ਨੂੰ ਬੋਰਡ ਆਫ਼ ਮੈਨੇਜਮੈਂਟ ਦੀ ਹੋਈ ਮੀਟਿੰਗ ਦੇ ਮਿੰਟਸ ਵਿਚ ਉਕਤ ਮਾਮਲੇ ਦੀ ਪੰਜਾਬ ਦੇ ਵਿੱਤ ਵਿਭਾਗ ਤੋਂ ਪੂਰਵ ਪ੍ਰਵਾਨਗੀ ਲੈਣ ਅਤੇ ਇਸ ਸਬੰਧੀ ਐਕਸ਼ਨ ਟੇਕਨ ਰਿਪੋਰਟ ਭੇਜਣ ਲਈ ਹਦਾਇਤ ਕੀਤੀ ਹੈ। ਮਿੰਟਸ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਕਮੇਟੀ ਦੇ ਇਸ ਫੈਸਲੇ ਨਾਲ ਯੂਨੀਵਰਸਿਟੀ ਉਪਰ ਹਰ ਮਹੀਨੇ 6,90,800/- ਰੁਪਏ ਦਾ ਵਾਧੂ ਬੋਝ ਪਵੇਗਾ। ਪ੍ਰਧਾਨ ਢੋਸੀਵਾਲ ਨੇ ਅੱਗੇ ਦੱਸਿਆ ਹੈ ਕਿ ਬੋਰਡ ਦੇ ਮਿੰਟਸ ਆਉਣ ਤੋਂ ਬਾਅਦ ਠੇਕਾ ਆਧਾਰਿਤ ਕਰਮਚਾਰੀਆਂ ਵਿਚ ਆਪਣੇ ਤਨਖਾਹ ਵਾਧੇ ਅਤੇ ਬਾਕੀ ਰਹਿੰਦੇ ਏਰੀਅਰ ਬਾਰੇ ਸ਼ੰਕਾ ਪੈਦਾ ਹੋ ਗਿਆ ਹੈ ਅਤੇ ਉਨ੍ਹਾਂ ਵਿਚ ਬੇਚੈਨੀ ਦੀ ਲਹਿਰ ਦੌੜ ਗਈ ਹੈ। ਢੋਸੀਵਾਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਸੰਸਥਾ ਕੋਲ ਕੁਝ ਠੇਕਾ ਆਧਾਰਿਤ ਕਰਮਚਾਰੀਆਂ ਨੇ ਇਹ ਸ਼ੰਕਾ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਨੇ ਤਨਖਾਹ ਵਾਧੇ ਦੇ ਏਰੀਅਰ ਸਬੰਧੀ ਕਈ ਤਰ੍ਹਾਂ ਦੀਆਂ ਪਰਿਵਾਰਕ ਯੋਜਨਾਵਾਂ ਉਲੀਕੀਆਂ ਹੋਈਆਂ ਹਨ। ਪ੍ਰਧਾਨ ਢੋਸੀਵਾਲ ਨੇ ਵਾਈਸ ਚਾਂਸਲਰ ਡਾ. ਸੂਦ ਨੂੰ ਅਪੀਲ ਕੀਤੀ ਹੈ ਕਿ ਉਹ ਠੇਕਾ ਆਧਾਰਿਤ ਕਰਮਚਾਰੀਆਂ ਪ੍ਰਤੀ ਖੁੱਲ ਦਿਲੀ ਦਾ ਪ੍ਰਗਟਾਵਾ ਕਰਦੇ ਹੋਏ ਇਹਨਾਂ ਕਰਮਚਾਰੀਆਂ ਦੇ ਤਨਖਾਹ ਵਾਧੇ ਅਤੇ ਏਰੀਅਰ ਸਬੰਧੀ ਵਿੱਤ ਵਿਭਾਗ ਤੋਂ ਸਪੈਸ਼ਲ ਮਨਜੂਰੀ ਲੈਣ ਦਾ ਉਪਰਾਲਾ ਕਰਨ ਤਾਂ ਜੋ ਉਕਤ ਕਰਮਚਾਰੀਆਂ ਦੇ ਮਨਾਂ ਵਿਚੋਂ ਹਰ ਤਰ੍ਹਾਂ ਦਾ ਸ਼ੰਕਾ ਦੂਰ ਹੋ ਸਕੇ। ਇਸ ਸਬੰਧੀ ‘ਕਾਰਜ ਉਪਰੰਤ ਪ੍ਰਵਾਨਗੀ’ ਦੇਣ ਦੇ ਸਰਕਾਰੀ ਨਿਯਮ ਦਾ ਹਵਾਲਾ ਵੀ ਦਿੱਤਾ ਜਾ ਸਕਦਾ ਹੈ। ਢੋਸੀਵਾਲ ਨੇ ਵਾਈਸ ਚਾਂਸਲਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਯੂਨੀਵਰਸਿਟੀ ਵੱਲੋਂ ਠੇਕਾ ਕਰਮਚਾਰੀਆਂ ਦਾ ਤਨਖਾਹ ਵਾਧਾ ਅਤੇ ਏਰੀਅਰ ਉਪਰ ਕਿਸੇ ਤਰ੍ਹਾਂ ਦੀ ਵੀ ਆਂਚ ਨਹੀਂ ਆਉਣੀ ਚਾਹੀਦੀ ਅਤੇ ਇਹ ਵਾਧਾ ਅਤੇ ਏਰੀਅਰ ਹਰ ਹਾਲਤ ਮਿਲਦੇ ਰਹਿਣਾ ਚਾਹੀਦਾ ਹੈ। ਢੋਸੀਵਾਲ ਨੇ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਜਲਦੀ ਹੀ ਇਸ ਮਾਮਲੇ ਸਬੰਧੀ ਵਾਈਸ ਚਾਂਸਲਰ ਡਾ. ਸੂਦ ਨਾਲ ਮੁਲਾਕਾਤ ਕਰਕੇ ਮਾਮਲੇ ਦੇ ਢੁੱਕਵੇਂ ਹੱਲ ਲਈ ਬੇਨਤੀ ਕੀਤੀ ਜਾਵੇਗੀ। ਪ੍ਰਧਾਨ ਨੇ ਵਾਈਸ ਚਾਂਸਲਰ ਨੂੰ ਠੇਕਾ ਆਧਾਰਿਤ ਕਰਮਚਾਰੀਆਂ ਦੀਆਂ ਸਾਰੀਆਂ 39 ਸ਼੍ਰੇਣੀਆਂ ਨੂੰ ਇਕਸਾਰ ਤਨਖਾਹ ਵਾਧਾ ਅਤੇ ਏਰੀਅਰ ਦੇਣ ਦੀ ਅਪੀਲ ਵੀ ਕੀਤੀ ਹੈ।     

ਤਨਖਾਹ ਵਾਧਾ ਅਤੇ ਏਰੀਅਰ ਕੇਸ ਦੀ ਸਪੈਸ਼ਲ ਪ੍ਰਵਾਨਗੀ ਲਈ ਜਾਵੇ
ਜਗਦੀਸ਼ ਰਾਏ ਢੋਸੀਵਾਲ।

 

Post a Comment

0Comments

Post a Comment (0)