ਹਰਗੋਬਿੰਦ ਕੌਰ ਦੇ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਬਨਣ ਨਾਲ ਪੰਜਾਬ ਸਰਕਾਰ ਨੂੰ ਆਂਗਣਵਾੜੀ ਸੈਂਟਰਾਂ ਦਾ ਫਿਕਰ ਪਿਆ

BTTNEWS
0

 ਸ੍ਰੀ ਮੁਕਤਸਰ ਸਾਹਿਬ , 1 ਅਗਸਤ (ਸੁਖਪਾਲ ਸਿੰਘ ਢਿੱਲੋਂ)- ਜਦੋਂ ਤੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਪੰਜਾਬ ਦੀਆਂ ਲਗਭਗ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਕਦੇ ਵੀ ਸਮੇਂ ਸਿਰ ਤਨਖਾਹਾਂ ਨਹੀਂ ਮਿਲੀਆਂ । ਐਨ ਜੀ ਓ ਅਧੀਨ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਤਾਂ ਕਰੀਬ 10 ਮਹੀਨੇ ਹੋ ਗਏ ਇਕ ਰੁਪਈਆਂ ਵੀ ਸਰਕਾਰ ਨੇ ਨਹੀਂ ਦਿੱਤਾ । ਜਦੋਂ ਕਿ ਬਾਕੀਆਂ ਨੂੰ ਵੀ ਪੰਜ ਪੰਜ ਮਹੀਨੇ ਲੰਘ ਗਏ । ਵਰਕਰਾਂ ਤੇ ਹੈਲਪਰਾਂ ਦੇ ਅੰਤਾਂ ਦੀ ਮਹਿੰਗਾਈ ਵਿੱਚ ਚੁੱਲੇ ਠੰਡੇ ਹੋਏ ਪਏ ਹਨ ਤੇ ਕਈ ਵਰਕਰਾਂ ਤੇ ਹੈਲਪਰਾਂ ਮਾਨਸਿਕ ਪੀੜਾ ਵਿਚੋਂ ਗੁਜ਼ਰ ਰਹੀਆਂ ਹਨ । ਹੁਣ ਤਾਂ ਮਰਨ ਵਰਤ ਤੇ ਬੈਠਣ ਲਈ ਵੀ ਵਰਕਰਾਂ ਤੇ ਹੈਲਪਰਾਂ ਨੇ ਫੈਸਲਾ ਕਰ ਲਿਆ ਹੈ । ਪੰਜਾਬ ਸਰਕਾਰ ਨੇ ਯੂਨੀਅਨ ਦੇ ਵਫ਼ਦ ਨਾਲ ਭਾਵੇਂ ਤਿੰਨ ਵਾਰ ਮੀਟਿੰਗਾਂ ਕੀਤੀਆਂ ਪਰ ਸਿੱਟਾ ਜੀਰੋ ਰਿਹਾ । 

ਹਰਗੋਬਿੰਦ ਕੌਰ ਦੇ ਇਸਤਰੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਬਨਣ ਨਾਲ ਪੰਜਾਬ ਸਰਕਾਰ ਨੂੰ ਆਂਗਣਵਾੜੀ ਸੈਂਟਰਾਂ ਦਾ ਫਿਕਰ ਪਿਆ
        ਜਿਸ ਕਰਕੇ ਥੱਕ ਹਾਰ ਕੇ ਆਖਰ ਜਥੇਬੰਦੀ ਨੇ ਕੱਲ ਸੰਘਰਸ਼ ਦਾ ਬਿਗੁਲ ਵਜਾਇਆ ਤੇ ਸਬੰਧਿਤ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਦੇ ਘਰ ਦਾ ਘਿਰਾਓ ਕਰਨ ਲਈ 6 ਅਗਸਤ ਦਾ ਦਿਨ ਰੱਖਿਆ ਗਿਆ ਹੈ । ਮੰਤਰੀ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਰੋਸ ਪ੍ਰਦਰਸ਼ਨ ਸਬੰਧੀ ਨੋਟਿਸ ਵੀ ਭੇਜਿਆ ਹੈ । 

        ਪਰ ਅੱਜ ਮੰਤਰੀ ਵੱਲੋਂ ਅਖ਼ਬਾਰਾਂ ਦੇ ਨਾਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਹਰਗੋਬਿੰਦ ਕੌਰ ਸਿਆਸੀ ਪਾਰਟੀ ਵਿਚ ਸ਼ਾਮਲ ਹੋ ਗਈ ਹੈ ਤੇ ਵਿਭਾਗ ਵੱਲੋਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ । ਕਿਉਂਕਿ ਸਿਆਸਤ ਵਿੱਚ ਆਉਣ ਨਾਲ ਆਂਗਣਵਾੜੀ ਸੈਂਟਰਾਂ ਦਾ ਕੰਮ ਪ੍ਰਭਾਵਿਤ ਹੁੰਦਾ ਹੈ । 

       ਸਚਿਆਈ
ਇਹ ਹੈ ਕਿ ਆਂਗਣਵਾੜੀ ਸੈਂਟਰਾਂ ਦੀਆਂ ਘਾਟਾਂ ਤੇ ਮੁਸ਼ਕਲਾਂ ਅਤੇ ਊਣਤਾਈਆਂ ਵੱਲ ਪਹਿਲਾਂ ਤਾਂ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ । ਪੰਜਾਬ ਵਿੱਚ 27 ਹਜਾਰ 400 ਦੇ ਕਰੀਬ ਆਂਗਣਵਾੜੀ ਸੈਂਟਰ ਹਨ  । ਪਰ ਲਗਭਗ 15-18 ਹਜ਼ਾਰ ਤੋਂ ਵੱਧ ਦੀਆਂ ਤਾਂ ਅਜੇ ਤੱਕ ਸਰਕਾਰੀ ਇਮਾਰਤਾਂ ਹੀ ਨਹੀਂ ਹਨ । ਸਾਫ ਸੁਥਰੇ ਪੀਣ ਵਾਲੇ ਪਾਣੀ ਦਾ ਕਿਧਰੇ ਪ੍ਰਬੰਧ ਨਹੀਂ । ਕਈ ਸੈਂਟਰਾਂ ਵਿੱਚ ਬਿਜਲੀ ਦੀ ਸਹੂਲਤ ਨਹੀਂ । ਫਰਨੀਚਰ ਤਾਂ ਕਿਤੇ ਵੀ ਨਹੀਂ । ਇਥੋਂ ਤੱਕ ਕਿ ਸਟੇਸ਼ਨਰੀ ਦਾ ਸਮਾਨ ਵੀ ਨਹੀਂ ਦਿੱਤਾ ਗਿਆ । ਸਮਰਾਟ ਫੋਨ ਨਹੀਂ ਦਿੱਤੇ । ਘਾਟਾਂ ਹੀ ਘਾਟਾਂ ਹਨ । ਹੁਣ ਤੱਕ ਕਿਸੇ ਨੂੰ ਕੁੱਝ ਨਹੀਂ ਦਿੱਸਿਆ । ਪਰ ਜੇ 15 ਕੁ ਦਿਨ ਪਹਿਲਾਂ ਆਂਗਣਵਾੜੀ ਇੰਪਲਾਈਜ ਫੈਡਰੇਸ਼ਨ ਆਫ਼ ਇੰਡੀਆ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਇਸਤਰੀ ਵਿੰਗ ਦਾ ਕੌਮੀ ਪ੍ਰਧਾਨ ਬਣਾ ਦਿੱਤਾ ਤਾਂ ਸਰਕਾਰ ਨੂੰ ਆਂਗਣਵਾੜੀ ਸੈਂਟਰਾਂ ਦਾ ਫ਼ਿਕਰ ਲੱਗ ਗਿਆ ।

         ਅਸਲ ਵਿੱਚ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਸੋਸ਼ਲ ਵਰਕਰ ਹਨ ਤੇ ਸਰਕਾਰੀ ਮੁਲਾਜ਼ਮ ਨਹੀਂ । ਮਾਨਯੋਗ ਹਾਈਕੋਰਟ ਨੇ ਵੀ ਇਹ ਫੈਸਲਾ ਵਰਕਰਾਂ ਦੇ ਹੱਕ ਵਿੱਚ ਦਿੱਤਾ ਹੋਇਆ ਹੈ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਪੰਚ ਸਰਪੰਚ ਅਤੇ ਹੋਰ ਅਹੁੰਦੇਦਾਰ ਬਣ ਸਕਦੀਆਂ ਹਨ । 

      ਹਰਗੋਬਿੰਦ ਕੌਰ ਦੇ ਪ੍ਰਧਾਨ ਬਨਣ ਨਾਲ ਸਰਕਾਰ ਔਖੀ ਹੈ ਤੇ ਇਹ ਸਭ ਕੁੱਝ ਬਦਲੇ ਦੀ ਭਾਵਨਾ ਨਾਲ ਕੀਤਾ ਜਾ ਰਿਹਾ ਹੈ । ਪਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਜੁਝਾਰੂ ਹਨ ਤੇ ਉਹ ਕਿਸੇ ਵੀ ਤੂਫ਼ਾਨ ਤੋਂ ਨਹੀਂ ਡਰਦੀਆਂ ।

Post a Comment

0Comments

Post a Comment (0)