- ਠੇਕਾ ਕਰਮਚਾਰੀਆਂ ਦੀ ਤਨਖਾਹ ਇਕਸਾਰ ਕਰਨ ਦੀ ਮੰਗ-
ਫਰੀਦਕੋਟ, 18 ਅਗਸਤ (BTTNEWS)- ਆਲ ਇੰਡੀਆ ਐਸ.ਸੀ./ਬੀ.ਸੀ./ ਐਸ.ਟੀ. ਏਕਤਾ ਭਲਾਈ ਮੰਚ ਦੇ ਉੱਚ ਪੱਧਰੀ ਵਫ਼ਦ ਨੇ ਆਪਣੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਸਥਾਨਕ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ. ਰਾਜੀਵ ਸੂਦ ਨਾਲ ਮੁਲਾਕਾਤ ਕੀਤੀ। ਇਸ ਮੌਕੇ ਮੰਚ ਦੇ ਮੁੱਖ ਸਲਾਹਕਾਰ ਪ੍ਰਿੰਸੀਪਲ ਕ੍ਰਿਸ਼ਨ ਲਾਲ ਅਤੇ ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ ਮੌਜੂਦ ਸਨ। ਮੁਲਾਕਾਤ ਦੌਰਾਨ ਯੂਨੀਵਰਸਿਟੀ ਦੇ ਕੰਟਰੋਲਰ ਡਾ. ਐੱਸ.ਪੀ. ਸਿੰਘ, ਅਮਲਾ ਸ਼ਾਖਾ ਦੇ ਇੰਚਾਰਜ ਡਾ. ਸਰਿਤਾ ਅਤੇ ਪੀ.ਏ. ਅਮਨ ਵੀ ਮੌਜੂਦ ਸਨ। ਮੁਲਾਕਾਤ ਦੌਰਾਨ ਮੁੱਖ ਰੂਪ ਵਿੱਚ ਪਿਛਲੇ ਦਿਨੀਂ ਠੇਕਾ ਆਧਾਰਿਤ ਕਰਮਚਾਰੀਆਂ ਦੀ ਤਰਜ਼ ’ਤੇ ਆਊਟ ਸੋਰਸਿੰਗ ਕਰਮਚਾਰੀਆਂ ਨੂੰ ਵੀ ਨਿਯੁਕਤੀ ਦੀ ਮਿਤੀ ਤੋਂ ਤਨਖਾਹ ਵਾਧਾ ਅਤੇ ਏਰੀਅਰ ਦੇਣ ਦੀ ਮੰਗ ਕੀਤੀ। ਇਸ ਬਾਰੇ ਵੀ.ਸੀ. ਨੇ ਜਲਦੀ ਹੀ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਠੇਕਾ ਆਧਾਰਿਤ ਕਰਮਚਾਰੀਆਂ ਨੂੰ ਉਕਤ ਲਾਭ ਦੇਣ ਸਬੰਧੀ ਬੋਰਡ ਆਫ਼ ਮੈਨੇਜਮੈਂਟ ਜਾਂ ਵਿੱਤ ਵਿਭਾਗ ਤੋਂ ਅਗਾਊਂ ਪ੍ਰਵਾਨਗੀ ਲੈਣ ਬਾਰੇ ਵੀ ਗੱਲਬਾਤ ਕੀਤੀ ਗਈ। ਦਰਜਾ ਚਾਰ ਕਰਮਚਾਰੀਆਂ ਨੂੰ ਪ੍ਰਮੋਟ ਕੀਤੇ ਜਾਣ ਸਬੰਧੀ ਵੀ.ਸੀ. ਨੇ ਜਲਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਅਤੇ ਚਾਰ ਪ੍ਰਮੋਟ ਹੋਏ ਕਰਮਚਾਰੀਆਂ ਦੇ ਪ੍ਰੋਬੇਸ਼ਨ ਪੀਰੀਅਰ ਕਲੀਅਰ ਕਰਨ ਅਤੇ ਉਹਨਾਂ ਦੀ ਸਾਲਾਨਾ ਤਰੱਕੀ ਲਾਉਣ ਸਬੰਧੀ ਕਾਰਵਾਈ ਕਰਨ ਲਈ ਸਬੰਧਤ ਬ੍ਰਾਂਚ ਨੂੰ ਹਿਦਾਇਤ ਜਾਰੀ ਕਰ ਦਿੱਤੀ। ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਮੁਲਾਕਾਤ ਦੌਰਾਨ ਪਿਛਲੇ ਦਿਨੀਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਿਜ ਅਤੇ ਹਸਪਤਾਲ ਦੇ ਰੇਡੀਓਲਾਜੀ ਦੇ ਇਕ ਲੈਕਚਰਾਰ ਨੂੰ ਏ.ਸੀ.ਪੀ. ਦਾ ਲਾਭ ਦਿੱਤੇ ਜਾਣ ਦੇ ਪੈਟਰਨ ’ਤੇ ਬਾਕੀ ਸਾਰੇ ਨਰਸਿੰਗ ਲੈਕਚਰਾਰ ਨੂੰ ਇਹ ਲਾਭ ਦੇਣ ਦੀ ਮੰਗ ਵੀ ਕੀਤੀ। ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਆਪਣੇ ਨਿਯਮ ਲਾਗੂ ਕਰਨ ਸਬੰਧੀ ਵੀ ਗੱਲਬਾਤ ਕੀਤੀ ਗਈ। ਮੁਲਾਕਾਤ ਦੌਰਾਨ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਿਜ ਵਿਖੇ ਪਾਰਕਿੰਗ ਠੇਕੇਦਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਬੇਨਿਯਮੀਆਂ, ਮੈਡੀਕਲ ਕੈਂਪਸ ਦਾ ਫਲੈਟਸ ਲਈ ਮੇਜਰ ਰਿਪੇਅਰ, ਸੁਰੱਖਿਆ ਪ੍ਰਬੰਧ ਮਜਬੂਤ ਕਰਨ ਅਤੇ ਲਾਈਟਾਂ ਆਦਿ ਦਾ ਢੁੱਕਵਾਂ ਇੰਤਜ਼ਾਮ ਕਰਨ ਦੀ ਮੰਗ ਵੀ ਕੀਤੀ ਤਾਂ ਵੀ.ਸੀ. ਨੇ ਜਾਣਕਾਰੀ ਦਿੱਤੀ ਕਿ ਇਸ ਲਈ ਕੁਝ ਢੁਕਵੇਂ ਕਦਮ ਉਠਾਏ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ ਜਲਦੀ ਹੀ ਉਠਾਏ ਜਾਣਗੇ। ਢੋਸੀਵਾਲ ਨੇ ਵਾਇਸ ਚਾਂਸਲਰ ਤੋਂ ਮੰਗ ਕੀਤੀ ਹੈ ਕਿ ਠੇਕਾ ਆਧਾਰਿਤ ਕਰਮਚਾਰੀਆਂ ਦੀਆਂ ਸਾਰੀਆਂ 39 ਕੈਟਾਗਿਰੀ ਲਈ ਇਕਸਾਰ ਤਨਖਾਹ ਵਾਧਾ, ਸਲਾਨਾ ਤਰੱਕੀ ਅਤੇ ਏਰੀਅਰ ਦਿੱਤਾ ਜਾਵੇ। ਜਿਕਰਯੋਗ ਹੈ ਕਿ ਯੂਨੀਵਰਸਿਟੀ ਵਲੋਂ ਉਕਤ ਤਨਖਾਹ ਵਾਧੇ ਬਾਰੇ ਜਾਰੀ ਪੱਤਰ ਵਿੱਚ 14 ਕੈਟਾਗਿਰੀ ਦੀ ਤਨਖਾਹ ਉਨ੍ਹਾਂ ਦੀ ਮੌਜੂਦਾ ਤਨਖਾਹ ਨਾਲੋਂ ਘੱਟ ਫਿਕਸ ਕੀਤੀ ਗਈ ਹੈ ਅਤੇ 5 ਪ੍ਰਤੀਸ਼ਤ ਸਲਾਨਾ ਤਰੱਕੀ ਵੀ ਰੋਕ ਦਿੱਤੀ ਹੈ, ਜੋ ਕਿ ਸਰਕਾਰੀ ਨਿਯਮਾ ਦੇ ਵਿਰੁੱਧ ਅਤੇ ਇਹਨਾਂ ਕਰਮਚਾਰੀਆਂ ਨਾਲ ਸਰਾਸਰ ਧੱਕੇਸ਼ਾਹੀ ਹੈ। ਇਹਨਾਂ ਕਰਮਚਾਰੀਆਂ ਨੂੰ ਨਿਆਂ ਨਾ ਦਿੱਤੇ ਜਾਣ ਦੀ ਸੂਰਤ ਵਿੱਚ ਸਾਰਾ ਮਾਮਲਾ ਬੋਰਡ ਆਫ਼ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ।
ਵਾਇਸ ਚਾਂਸਲਰ ਡਾ. ਸੂਦ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਢੋਸੀਵਾਲ ਤੇ ਹੋਰ। |