• ਮੁਲਜ਼ਮ ਨੇ ਐਫ.ਆਈ.ਆਰ. ਵਿੱਚੋਂ ਨਾਮ ਕੱਢਣ ਬਦਲੇ ਮੰਗੇ ਸਨ 50,000 ਰੁਪਏ
ਚੰਡੀਗੜ੍ਹ, 8 ਅਗਸਤ (BTTNEWS)- ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਸਿਟੀ-1 ਮਾਲੇਰਕੋਟਲਾ ਵਿਖੇ ਤਾਇਨਾਤ ਸਹਾਇਕ ਸਬ-ਇੰਸਪੈਕਟਰ (ਏ.ਐਸ.ਆਈ.) ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਹਿਮਤਾਣਾ ਵਾਸੀ ਜਗਤਾਰ ਸਿੰਘ ਤੋਂ 10,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਗਤਾਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੁਲਜ਼ਮ ਏ.ਐਸ.ਆਈ. ਨੇ ਆਈ.ਪੀ.ਸੀ. ਦੀ ਧਾਰਾ 420, 406, 120-ਬੀ, 506 ਤਹਿਤ ਥਾਣਾ ਸਿਟੀ -1, ਮਾਲੇਰਕੋਟਲਾ ਵਿਖੇ ਦਰਜ ਐਫ.ਆਈ.ਆਰ ਨੰਬਰ 123 ਮਿਤੀ 19-05-2022 ‘ਚੋਂ ਉਸ (ਸ਼ਿਕਾਇਤਕਰਤਾ) ਦੇ ਲੜਕੇ ਪਵਨਪ੍ਰੀਤ ਸਿੰਘ ਦਾ ਨਾਮ ਕਢਵਾਉਣ ਬਦਲੇ ਰਿਸ਼ਵਤ ਵਜੋਂ 50,000 ਰੁਪਏ ਮੰਗੇ ਸਨ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਉਕਤ ਏ.ਐਸ.ਆਈ. ਪਹਿਲਾਂ ਹੀ ਉਸ ਤੋਂ 10 ਹਜ਼ਾਰ ਰੁਪਏ ਲੈ ਚੁੱਕਾ ਹੈ।
ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੀ ਟੀਮ ਨੇ ਮੁਲਜ਼ਮ ਏ.ਐਸ.ਆਈ. ਨੂੰ ਫੜਨ ਲਈ ਟਰੈਪ ਲਗਾਇਆ ਪਰ ਮੁਲਜ਼ਮ ਵਿਜੀਲੈਂਸ ਦੀ ਟੀਮ ਨੂੰ ਦੇਖ ਕੇ ਸ਼ਿਕਾਇਤਕਰਤਾ ਤੋਂ ਪ੍ਰਾਪਤ ਕੀਤੀ 10,000 ਰੁਪਏ ਰਿਸ਼ਵਤ ਸਮੇਤ ਆਪਣੀ ਸਵਿਫਟ ਕਾਰ ਵਿੱਚ ਮੌਕੇ ਤੋਂ ਫਰਾਰ ਹੋ ਗਿਆ। ਵਿਜੀਲੈਂਸ ਬਿਊਰੋ ਦੀ ਟੀਮ ਨੇ ਉਸ ਦਾ ਪਿੱਛਾ ਕੀਤਾ ਤਾਂ ਬਾਲਦ ਕੈਂਚੀਆਂ (ਭਵਾਨੀਗੜ੍ਹ) ਨੇੜੇ ਉਸ ਦੀ ਕਾਰ ਬਰਾਮਦ ਹੋਈ। ਕਾਰ ਦੀ ਚੈਕਿੰਗ ਦੌਰਾਨ ਉਸ ਵਿੱਚੋਂ 460 ਗ੍ਰਾਮ ਭੁੱਕੀ ਅਤੇ 9 ਗ੍ਰਾਮ ਅਫ਼ੀਮ ਤੋਂ ਇਲਾਵਾ ਰਿਸ਼ਵਤ ਦੇ 10,000 ਰੁਪਏ ਬਰਾਮਦ ਹੋਏ।
ਇਸ ਸਬੰਧੀ ਬੁਲਾਰੇ ਨੇ ਦੱਸਿਆ ਕਿ ਏ.ਐਸ.ਆਈ. ਮਾਲਵਿੰਦਰ ਸਿੰਘ ਖਿਲਾਫ਼ ਵਿਜੀਲੈਂਸ ਬਿਊਰੋ ਲੁਧਿਆਣਾ ਦੀ ਆਰਥਿਕ ਅਪਰਾਧ ਸ਼ਾਖਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਐਫ.ਆਈ.ਆਰ. ਨੰਬਰ 11 ਦਰਜ ਕੀਤੀ ਗਈ ਹੈ। ਪੁਲਿਸ ਨੇ ਉਸਦੇ ਖ਼ਿਲਾਫ਼ ਥਾਣਾ ਭਵਾਨੀਗੜ੍ਹ ਵਿਚ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 15 ਅਤੇ 18 ਅਧੀਨ ਐਫ.ਆਈ.ਆਰ ਨੰਬਰ 137 ਮਿਤੀ 08-08-2023 ਤਹਿਤ ਇੱਕ ਵੱਖਰਾ ਕੇਸ ਦਰਜ ਕੀਤਾ ਹੈ।