ਪੰਜਾਬ 'ਚ ਸੈਰ ਸਪਾਟਾ ਅਤੇ ਵੱਡੇ ਪੱਧਰ ਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੈ ਮੁੱਖ ਉਦੇਸ਼
ਚੰਡੀਗੜ, ਅਗਸਤ 8 (BTTNEWS)- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸੈਰ ਸਪਾਟਾ ਖੇਤਰ ਨੂੰ ਪ੍ਰਫੁਲਤ ਕਰਨ ਅਤੇ ਇਥੋਂ ਦੇ ਸਭਿਆਚਾਰ ਅਤੇ ਅਮੀਰ ਵਿਰਾਸਤ ਬਾਰੇ ਦੁਨੀਆਂ ਨੂੰ ਜਾਣੂ ਕਰਾਉਣ ਲਈ ਪੰਜਾਬ ਦੇ ਇਤਿਹਾਸ ਵਿੱਚ ਜਲਦੀ ਹੀ ਪਹਿਲੀ ਵਾਰ ਪੰਜਾਬ ਟੂਰਿਜ਼ਮ ਸਮਿਟ ਕਰਵਾਇਆ ਜਾ ਰਿਹਾ ਹੈ।
ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਅਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਕਿਰਤ ਅਤੇ ਪ੍ਰਾਹੁਣਚਾਰੀ ਮੰਤਰੀ ਅਨਮੋਲ ਗਗਨ ਮਾਨ ਨੇ ਸਮਿਟ ਸਬੰਧੀ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਬਾਰੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਮੰਗਲਵਾਰ ਨੂੰ ਪੰਜਾਬ ਭਵਨ ਚੰਡੀਗੜ ਵਿਖੇ ਮੀਟਿੰਗ ਕੀਤੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ ਪਹਿਲੀ ਵਾਰ ਹੋਣ ਜਾ ਰਹੇ ਪੰਜਾਬ ਟੁਰਿਜ਼ਮ ਸਮਿਟ ਵਿੱਚ ਹੋਰਨਾ ਤੋ ਇਲਾਵਾ ਦੇਸ਼ ਵਿਦੇਸ਼ ਵਿੱਚ ਬੈਠੇ ਐਨ.ਆਰ.ਆਈਜ਼ ਪੰਜਾਬੀਆਂ ਨੂੰ ਵੀ ਸੱਦਿਆ ਜਾਵੇਗਾ।
ਮੰਤਰੀ ਨੇ ਕਿਹਾ ਕਿ ਪੰਜਾਬ ਟੂਰਿਜ਼ਮ ਸਮਿਟ ਦਾ ਮੁੱਖ ਉਦੇਸ਼ ਪੰਜਾਬ 'ਚ ਸੈਰ ਸਪਾਟਾ ਅਤੇ ਵੱਡੇ ਪੱਧਰ ਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨਾ ਹੈ । ਉਨ੍ਹਾਂ ਕਿਹਾ ਸਮਿਟ ਵਿੱਚ ਸੂਬੇ ਦੇ ਇਤਿਹਾਸ ਨਾਲ ਸਬੰਧਤ ਵੱਖ ਵੱਖ ਪਹਿਲੂਆਂ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ, ਸੈਮੀਨਾਰ ਅਤੇ ਵੱਖ ਵੱਖ ਈਵੈਂਟ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਅਣਮੁੱਲੇ ਤੇ ਬੇਮਿਸਾਲ ਇਤਿਹਾਸ ਨੂੰ ਜਿੰਦਾ ਰੱਖਣ ਤੇ ਅਗਲੀ ਪੀੜ੍ਹੀਂ ਨੂੰ ਇਸਦੀ ਜਾਣਕਾਰੀ ਦੇਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।
ਇਸ ਮੌਕੇ ਪ੍ਰਮੁੱਖ ਸਕੱਤਰ ਸੈਰ ਸਪਾਟਾ ਅਤੇ ਸੱਭਿਆਚਾਰ ਮਾਮਲੇ ਵਿਭਾਗ ਰਾਖੀ ਭੰਡਾਰੀ, ਸੀਈਓ ਨਿਵੇਸ਼ ਪ੍ਰੋਤਸ਼ਾਹਨ ਕੇ.ਕੇ.ਯਾਦਵ, ਸੰਚਾਲਕ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਅਮ੍ਰਿਤ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।