ਬਦਲੀ ਕਰਵਾਉਣ ਬਦਲੇ 1.16 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਲੈਕਚਰਾਰ ਗ੍ਰਿਫ਼ਤਾਰ

BTTNEWS
0

 • ਮੁਲਜ਼ਮ ਲੈਕਚਰਾਰ ਨੇ ਬਦਲੀ ਕਰਵਾਉਣ ਲਈ ਮੰਗੇ ਸਨ 2 ਲੱਖ ਰੁਪਏ


ਚੰਡੀਗੜ੍ਹ, 29 ਅਗਸਤ (BTTNEWS)- ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਲੜੂ ਵਿਖੇ ਤਾਇਨਾਤ ਲੈਕਚਰਾਰ ਉਮੇਸ਼ ਕੁਮਾਰ ਮੁੰਜਾਲ ਨੂੰ ਪੀ. ਰੰਜਨ ਵਾਸੀ ਨਾਨਕ ਨਗਰੀ ਅਬੋਹਰ (ਫਾਜ਼ਿਲਕਾ) ਤੋਂ 1.16 ਲੱਖ ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੀ. ਰੰਜਨ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਸ ਦੀ ਪਤਨੀ ਪ੍ਰਿਆ ਮਿਗਲਾਨੀ, ਜੋ ਸਰਕਾਰੀ ਅਧਿਆਪਕ ਹੈ, ਫਿਰੋਜ਼ਪੁਰ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁਸੂਵਾਲ ਵਿਖੇ ਤਾਇਨਾਤ ਸੀ। ਇਹ ਸਕੂਲ ਉਨ੍ਹਾਂ ਦੇ ਘਰ ਤੋਂ ਲਗਭਗ 180 ਕਿਲੋਮੀਟਰ ਦੂਰ ਸੀ। ਉਮੇਸ਼ ਕੁਮਾਰ ਨੇ ਉਸ ਦੀ ਪਤਨੀ ਦੀ ਘਰ ਦੇ ਨੇੜੇ ਬਦਲੀ ਕਰਵਾਉਣ ਲਈ ਉਸ ਨਾਲ ਸੰਪਰਕ ਕੀਤਾ ਸੀ। ਉਹ (ਸ਼ਿਕਾਇਤਕਰਤਾ) 26-10-2021 ਨੂੰ ਉਕਤ ਲੈਕਚਰਾਰ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਮਿਲਿਆ ਅਤੇ ਮੁਲਜ਼ਮ ਲੈਕਚਰਾਰ ਨੇ ਬਦਲੀ ਕਰਵਾਉਣ ਬਦਲੇ ਉਸ ਕੋਲੋਂ 2 ਲੱਖ ਰੁਪਏ ਰਿਸ਼ਵਤ ਮੰਗੀ ਸੀ। ਮੁਲਜ਼ਮ ਲੈਕਚਰਾਰ ਨੇ ਸ਼ਿਕਾਇਤਕਰਤਾ ਤੋਂ ਵੱਖ-ਵੱਖ ਮਿਤੀਆਂ 'ਤੇ ਰਿਸ਼ਵਤ ਵਜੋਂ 1.16 ਲੱਖ ਰੁਪਏ ਲਏ ਅਤੇ ਫਿਰ ਰਿਸ਼ਵਤ ਦੀ ਬਾਕੀ ਰਕਮ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਪਰ ਸ਼ਿਕਾਇਤਕਰਤਾ ਵੱਲੋਂ ਰਿਸ਼ਵਤ ਦੀ ਬਾਕੀ ਰਕਮ ਨਾ ਦੇਣ ਕਾਰਨ ਉਸਦੀ ਪਤਨੀ ਦੀ ਬਦਲੀ ਨਾ  ਹੋ ਸਕੀ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਪੰਜਾਬ ਸਿੱਖਿਆ ਵਿਭਾਗ ਨੇ 10-06-2022 ਨੂੰ ਆਨਲਾਈਨ ਬਦਲੀਆਂ ਲਈ ਪੋਰਟਲ ਖੋਲ੍ਹਿਆ ਸੀ ਅਤੇ ਦਰਖਾਸਤ ਦੇ ਆਧਾਰ 'ਤੇ ਪ੍ਰਿਆ ਮਿਗਲਾਨੀ ਦੀ ਬਦਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੀਟੀਵਾਲਾ ਤਹਿਸੀਲ ਮਲੋਟ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋ ਗਈ ਸੀ ਅਤੇ ਉਸ ਨੇ 16-06-2022 ਨੂੰ ਨਵੇਂ ਤਾਇਨਾਤੀ ਸਥਾਨ ‘ਤੇ ਡਿਊਟੀ ਜੁਆਇਨ ਕਰ ਲਈ। ਪਰ ਮੁਲਜ਼ਮ ਲੈਕਚਰਾਰ ਨੇ ਰਿਸ਼ਵਤ ਦੀ ਬਾਕੀ ਰਕਮ ਲਈ ਉਨ੍ਹਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਉੱਤੇ ਉਨ੍ਹਾਂ ਨੇ ਵਿਜੀਲੈਂਸ ਨੂੰ ਸ਼ਿਕਾਇਤ ਕਰ ਦਿੱਤੀ। 
ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਯੂਨਿਟ ਫਾਜ਼ਿਲਕਾ ਦੀ ਟੀਮ ਨੇ ਅੱਜ ਲੈਕਚਰਾਰ ਉਮੇਸ਼ ਕੁਮਾਰ ਮੁੰਜਾਲ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਮਿਤੀ 29-08-2023 ਨੂੰ ਥਾਣਾ ਵਿਜੀਲੈਂਸ ਬਿਊਰੋ, ਫਿਰੋਜ਼ਪੁਰ ਰੇਂਜ ਵਿਖੇ ਐਫ.ਆਈ.ਆਰ. ਨੰਬਰ 21 ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਬਦਲੀ ਕਰਵਾਉਣ ਬਦਲੇ 1.16 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਲੈਕਚਰਾਰ ਗ੍ਰਿਫ਼ਤਾਰ


Post a Comment

0Comments

Post a Comment (0)