ਐਗਰੀਮੈਂਟ ਤਾਂ ਕੀਤਾ ਪਰ ਕੰਮ ਨਹੀਂ ਕੀਤਾ : ਢੋਸੀਵਾਲ

BTTNEWS
0

 - ਨਿੱਜੀ ਯੂਨੀਵਰਸਿਟੀ ਵਾਅਦੇ ਤੋਂ ਭੱਜੀ -

ਸ੍ਰੀ ਮੁਕਤਸਰ ਸਾਹਿਬ, 28 ਅਗਸਤ (BTTNEWS)- ਕਈ ਨਿੱਜੀ ਅਦਾਰੇ ਆਪਣੇ ਸਵਾਰਥਾਂ ਦੀ ਪੂਰਤੀ, ਪ੍ਰਚਾਰ ਅਤੇ ਪਰਸਾਰ ਕਰਨ ਅਤੇ ਸ਼ਾਸਨ ਪ੍ਰਸ਼ਾਸਨ ਕੋਲ ਨੇੜਤਾ ਬਨਾਉਣ ਦੇ ਮੰਤਵ ਨਾਲ ਲੋਕ ਪੱਖੀ ਦਿਖਾਵੇ ਵਾਲੇ ਸਮਝੌਤੇ ਜਾਂ ਇਕਰਾਰ ਨਾਮੇ ਕਰ ਲੈਂਦੇ ਹਨ। ਅਕਸਰ ਅਜਿਹੇ ਇਕਰਾਰ ਨਾਮੇ ਇਹਨਾਂ ਨਿੱਜੀ ਅਦਾਰਿਆਂ ਦੇ ਆਪਣੇ ਪ੍ਰਚਾਰ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੇ ਹਨ। ਸ਼ਾਸਨ ਪ੍ਰਸ਼ਾਸਨ ਵੀ ਅਜਿਹੀਆਂ ਲਾਪ੍ਰਵਾਹੀਆਂ ਨੂੰ ਅੱਖੋਂ ਪਰੋਖੇ ਕਰ ਦਿੰਦਾ ਹੈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਨੇ ਸਥਾਨਕ ਡਾ. ਅੰਬੇਡਕਰ ਪਾਰਕ ਤੇ ਮਾਤਾ ਭਾਗ ਕੌਰ ਹੈਰੀਟੇਜ਼ ਕੰਪਲੈਕਸ ਦੀ ਉਚਿਤ ਦੇਖ ਭਾਲ ਦਾ ਮਾਮਲਾ ਕਈ ਵਾਰ ਜਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਕੋਲ ਉਠਾਇਆ ਸੀ। ਨਿੱਜੀ ਅਦਾਰਾ ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਨੇ ਸ਼ਹਿਰ ਦੇ ਉਕਤ ਪਾਰਕਾਂ ਸਮੇਤ ਹੋਰਨਾਂ ਸਥਾਨਾਂ ਦੀ ਸੇਵਾ ਸੰਭਾਲ ਅਤੇ ਦੇਖ ਰੇਖ ਆਪਣੇ ਹੱਥਾਂ ਵਿਚ ਲੈਣ ਦੀ ਲਿਖਤੀ ਬੇਨਤੀ ਕੀਤੀ ਸੀ। ਇਸ ਬੇਨਤੀ ਦੇ ਆਧਾਰ ’ਤੇ ਜਿਲ੍ਹਾ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਵਿਚਕਾਰ ਪਿਛਲੇ ਸਾਲ 29 ਅਗਸਤ 2022 ਨੂੰ ਲਿਖਤੀ ਇਕਰਾਰ ਨਾਮਾ ਕੀਤਾ ਗਿਆ ਸੀ। ਇਸ ਇਕਰਾਰ ਨਾਮੇ ਉਪਰ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ, ਜਿਲ੍ਹਾ ਨਾਜ਼ਰ ਡੀ.ਪੀ.ਆਰ.ਓ., ਏ.ਡੀ.ਸੀ. ਸ਼ਹਿਰੀ ਵਿਕਾਸ ਅਤੇ ਯੂਨੀਵਰਸਿਟੀ ਵੱਲੋਂ ਅਧਿਕਾਰਤ ਸਥਾਨਕ ਦੇਸ਼ ਭਗਤ ਗਲੋਬਲ ਸਕੂਲ ਦੇ ਪ੍ਰਿੰਸੀਪਲ ਸੰਜੀਵ ਕੁਮਾਰ ਦੇ ਹਸਤਾਖਰ ਹਨ। ਇਕਰਾਰ ਨਾਮੇ ਅਨੁਸਾਰ ਯੂਨੀਵਰਸਿਟੀ ਮੁਕਤਸਰ-ਫਿਰੋਜ਼ਪੁਰ ਸੜਕ ’ਤੇ ਮੇਨ ਗੇਟ, ਡੀ.ਸੀ. ਦਫਤਰ ਦੇ ਮੂਹਰਲੇ ਅਤੇ ਪਿਛਲੇ ਪਾਸੇ ਦੇ ਦੋਵੇਂ ਡਾ. ਅੰਬੇਡਕਰ ਪਾਰਕ, ਮਾਤਾ ਭਾਗ ਕੌਰ ਹੈਰੀਟੇਜ਼ ਕੰਪਲੈਕਸ ਅਤੇ ਬਠਿੰਡਾ ਰੋਡ ਸਥਿਤ ਚੌਂਕ ਦੀ ਸੇਵਾ ਸੰਭਾਲ ਦਾ ਕੰਮ ਸੌਂਪਿਆ ਗਿਆ ਸੀ। ਇਕਰਾਰ ਨਾਮੇ ਮੁਤਾਬਿਕ ਇਹਨਾਂ ਸਾਰੇ ਸਥਾਨਾਂ ਲਈ ਦੇਖ ਰੇਖ ਵਾਸਤੇ ਮਾਲੀ, ਚੌਂਕੀਦਾਰ, ਸਫਾਈ ਸੇਵਕ ਅਤੇ ਸੁਰੱਖਿਆ ਗਾਰਡ ਸਮੇਤ ਹਰ ਤਰ੍ਹਾਂ ਦੀ ਦੇਖ ਭਾਲ ਕਰਨ ਬਾਰੇ ਲਿਖਿਆ ਗਿਆ ਹੈ। ਇਸ ਸਬੰਧੀ ਬਿਜਲੀ ਸਮੇਤ ਸਾਰੇ ਖਰਚੇ ਯੂਨੀਵਰਸਿਟੀ ਵੱਲੋਂ ਕਰਨ ਦਾ ਵਾਅਦਾ ਕੀਤਾ ਗਿਆ ਹੈ। ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਉਹਨਾਂ ਨੂੰ ਉਕਤ ਸਾਰੀ ਜਾਣਕਾਰੀ ਆਰ.ਟੀ.ਆਈ. ਐਕਟ ਅਧੀਨ ਪ੍ਰਾਪਤ ਸੂਚਨਾ ਤੋਂ ਮਿਲੀ ਹੈ। ਉਹਨਾਂ ਅੱਗੇ ਦੱਸਿਆ ਹੈ ਕਿ ਯੂਨੀਵਰਸਿਟੀ ਨੇ ਇਕਰਾਰ ਨਾਮੇ ਅਨੁਸਾਰ ਉਕਤ ਸਥਾਨਾਂ ’ਤੇ ਸਿਰਫ਼ ਆਪਣੇ ਇਸ਼ਤਿਹਾਰੀ ਡਿਸਪਲੇ ਬੋਰਡ ਹੀ ਲਾਏ ਹਨ। ਹੋਰ ਕੋਈ ਪ੍ਰਬੰਧ ਨਹੀਂ ਕੀਤਾ। ਇਥੋਂ ਤੱਕ ਕਿ ਡਾ. ਅੰਬੇਡਕਰ ਪਾਰਕ ਦੇ ਨਾਮ ਦਾ ਬੋਰਡ ਵੀ ਨਹੀਂ ਲਾਇਆ। ਢੋਸੀਵਾਲ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਉਹਨਾਂ ਨੇ ਇਸ ਸਬੰਧੀ ਯੂਨੀਵਰਸਿਟੀ ਵੱਲੋਂ ਅਧਿਕਾਰਤ ਹਸਤਾਖਰ ਕਰਤਾ ਪ੍ਰਿੰਸੀਪਲ ਸੰਜੀਵ ਜਿੰਦਲ ਨਾਲ ਵੀ ਗੱਲ ਕੀਤੀ ਸੀ। ਪ੍ਰਿੰਸੀਪਲ ਨੇ ਦੱਸਿਆ ਕਿ ਉਹ ਯੂਨੀਵਰਸਿਟੀ ਦੀਆਂ ਸੇਵਾਵਾਂ ਛੱਡ ਚੁੱਕੇ ਹਨ ਅਤੇ ਵਰਤਮਾਨ ਸਮੇਂ ’ਚ ਇਸ ਬਾਰੇ ਕੁੱਝ ਵੀ ਨਹੀਂ ਕਹਿ ਸਕਦੇ। ਪ੍ਰਧਾਨ ਢੋਸੀਵਾਲ ਨੇ ਉਕਤ ਯੂਨੀਵਰਸਿਟੀ ਵੱਲੋਂ ਇਕਰਾਰ ਨਾਮੇ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਦੀ ਪੁਰਜੋਰ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਹਨਾਂ ਨੇ ਜਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਤੋਂ ਮੰਗ ਕੀਤੀ ਹੈ ਕਿ ਉਕਤ ਸਾਰੇ ਮਹੱਤਵ ਪੂਰਨ ਸਥਾਨਾਂ ਦੀ ਦੇਖ ਰੇਖ ਅਤੇ ਸੇਵਾ ਸੰਭਾਲ ਦਾ ਤੁਰੰਤ ਉਚਿਤ ਪ੍ਰਬੰਧ ਕੀਤਾ ਜਾਵੇ। 

ਐਗਰੀਮੈਂਟ ਤਾਂ ਕੀਤਾ ਪਰ ਕੰਮ ਨਹੀਂ ਕੀਤਾ : ਢੋਸੀਵਾਲ
ਪ੍ਰਧਾਨ ਢੋਸੀਵਾਲ ਇਕਰਾਰ ਨਾਮੇ ਦੀ ਨਕਲ ਦਿਖਾਉਂਦੇ ਹੋਏ।


Post a Comment

0Comments

Post a Comment (0)