- ਤੁਰੰਤ ਕੀਤਾ ਜਾਵੇ ਤਨਖਾਹ ਵਾਧਾ -
ਸ੍ਰੀ ਮੁਕਤਸਰ ਸਾਹਿਬ, 26 ਅਗਸਤ (BTTNEWS)- ਠੇਕਾ ਆਧਾਰਿਤ ਕਰਮਚਾਰੀਆਂ ਵਾਂਗ ਆਪਣੀ ਨਿਯੁਕਤੀ ਦੀ ਮਿਤੀ ਤੋਂ ਤਨਖਾਹ ਵਾਧਾ ਅਤੇ ਏਰੀਅਰ ਨਾ ਦਿੱਤੇ ਜਾਣ ਕਾਰਨ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਆਊਟ ਸੋਰਸ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਤਨਖਾਹ ਵਾਧਾ ਨਾ ਦਿੱਤੇ ਜਾਣ ਕਾਰਨ ਇਹ ਕਰਮਚਾਰੀ ਆਪਣੇ ਆਪ ਨਾਲ ਘੋਰ ਬੇਇਨਸਾਫ਼ੀ ਦੱਸਦੇ ਹਨ। ਆਊਟ ਸੋਰਸ ਕਰਮਚਾਰੀ ਵੀ ਠੇਕਾ ਆਧਾਰਿਤ ਕਰਮਚਾਰੀਆਂ ਵਾਂਗ ਕੰਮ ਕਰਦੇ ਹਨ ਅਤੇ ਉਹਨਾਂ ਦੇ ਕੰਮ ਦਾ ਸਮਾਂ ਅਤੇ ਨੇਚਰ ਆਫ਼ ਜਾਬ ਵੀ ਉਹੀ ਹੁੰਦੀ ਹੈ। ਪਰੰਤੂ ਆਪਣੇ ਪ੍ਰਤੀ ਵਰਤੇ ਜਾ ਰਹੇ ਦੋਹਰੇ ਮਾਪ ਦੰਡ ਕਾਰਨ ਇਹ ਵਰਗ ਬੇਹੱਦ ਖਫ਼ਾ ਹੈ। ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਆਊਟ ਸੋਰਸ ਕਰਮਚਾਰੀਆਂ ਦੀ ਤਨਖਾਹ ਵਾਧੇ ਦੀ ਮੰਗ ਨੂੰ ਪੂਰਨ ਰੂਪ ਵਿਚ ਜਾਇਜ਼ ਦੱਸਦੇ ਹੋਏ ਠੇਕਾ ਆਧਾਰਿਤ ਕਰਮਚਾਰੀਆਂ ਵਾਂਗ ਤਨਖਾਹ ਵਾਧਾ ਅਤੇ ਏਰੀਅਰ ਤੁਰੰਤ ਦਿਤੇ ਜਾਣ ਦੀ ਮੰਗ ਕੀਤੀ ਹੈ। ਜਿਕਰਯੋਗ ਹੈ ਕਿ ਬੀਤੀ ਤਿੰਨ ਮਾਰਚ ਨੂੰ ਯੂਨੀਵਰਸਿਟੀ ਨੇ ਠੇਕਾ ਆਧਾਰਿਤ ਕਰਮਚਾਰੀਆਂ ਦੇ ਹੱਕ ਵਿਚ ਇਤਿਹਾਸਕ ਫੈਸਲਾ ਦਿੰਦੇ ਹੋਏ ਠੇਕਾ ਆਧਾਰਿਤ ਕਰਮਚਾਰੀਆਂ ਦੀ ਤਨਖਾਹ ਪਹਿਲੀ ਮਾਰਚ ਤੋਂ ਰੀ-ਫਿਕਸ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਸੇ ਹੁਕਮ ਦੀ ਰੋਸ਼ਨੀ ਵਿਚ ਯੂਨੀਵਰਸਿਟੀ ਦੇ ਰਜਿਸਟਰਾਰ, ਫਾਇਨਾਂਸ ਅਫਸਰ, ਅਮਲਾ ਸ਼ਾਖਾ ਦੇ ਇੰਚਾਰਜ ਅਤੇ ਪ੍ਰਚੇਜ ਕਮੇਟੀ ਦੇ ਇੰਚਾਰਜ ’ਤੇ ਆਧਾਰਤ ਚਾਰ ਮੈਂਬਰੀ ਕਮੇਟੀ ਨੇ ਆਪਣੀ 22 ਮਈ ਦੀ ਮੀਟਿੰਗ ਵਿਚ ਠੇਕਾ ਆਧਾਰਿਤ ਕਰਮਚਾਰੀਆਂ ਨੂੰ ਨਿਯੁਕਤੀ ਦੀ ਮਿਤੀ ਤੋਂ ਤਨਖਾਹ ਵਾਧੇ ਦੇ ਏਰੀਅਰ ਲਈ ਕਰੀਬ ਸਾਢੇ 6 ਕਰੋੜ ਰੁਪਏ ਦੀ ਰਾਸ਼ੀ ਮਨਜੂਰ ਕੀਤੀ ਸੀ। ਚਾਰ ਕਿਸ਼ਤਾਂ ਵਿੱਚ ਅਦਾ ਕੀਤੇ ਜਾਣ ਵਾਲੇ ਇਸ ਏਰੀਅਰ ਦੀ ਪਹਿਲੀ ਕਿਸ਼ਤ ਸਬੰਧਤ ਕਮਰਚਾਰੀਆਂ ਨੂੰ ਦਿਤੀ ਜਾ ਚੁੱਕੀ ਹੈ। ਦਰਜਾ ਚਾਰ ਸਾਰੇ ਕਰਮਚਾਰੀਆਂ ਨੂੰ ਸਾਰਾ ਏਰੀਅਰ ਦਿਤਾ ਜਾ ਚੁੱਕਾ ਹੈ, ਪਰੰਤੂ ਆਊਟ ਸੋਰਸ ਕਰਮਚਾਰੀਆਂ ਬਾਰੇ ਅਜੇ ਤੱਕ ਅਜਿਹਾ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ। ਅੱਜ ਇਥੇ ਸਥਾਨਕ ਬੁੱਧ ਵਿਹਾਰ ਵਿਖੇ ਮੰਚ ਦੇ ਮੁੱਖ ਦਫਤਰ ਤੋਂ ਇਹ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਕਿਹਾ ਹੈ ਕਿ ਯੂਨੀਵਰਸਿਟੀ ਵੱਲੋਂ ਇਕੋ ਜਿਹਾ ਕੰਮ ਤੇ ਇਕੋ ਜਿਹੀ ਡਿਊਟੀ ਕਰਨ ਵਾਲੇ ਕਰਮਚਾਰੀਆਂ ਲਈ ਦੂਹਰਾ ਮਾਪ ਦੰਡ ਅਪਨਾਉਣਾ ਤਰਕਸੰਗਤ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਹੈ ਕਿ ਯੂਨੀਵਰਸਿਟੀ ਵੱਲੋਂ ਠੇਕਾ ਆਧਾਰਿਤ ਕਰਮਚਾਰੀਆਂ ਲਈ ਕੀਤਾ ਗਿਆ ਉਕਤ ਸ਼ਲਾਘਾਯੋਗ ਅਤੇ ਇਤਿਹਾਸਕ ਫੈਸਲਾ ਰਾਜ ਦੇ ਸਾਰੇ ਠੇਕਾ ਆਧਾਰਿਤ ਕਰਮਚਾਰੀਆਂ ਨੂੰ ਨਿਯੁਕਤੀ ਦੀ ਮਿਤੀ ਤੋਂ ਤਨਖਾਹ ਵਾਧਾ ਅਤੇ ਏਰੀਅਰ ਦੇਣਾ ਇਕ ਮਾਰਗ ਦਰਸ਼ਕ ਦੇ ਰੂਪ ਵਿਚ ਕੰਮ ਕਰੇਗਾ। ਇਸ ਨਾਲ ਪੰਜਾਬ ਦੇ ਅਨੇਕਾਂ ਠੇਕਾ ਆਧਾਰਿਤ ਅਤੇ ਆਊਟ ਸੋਰਸ ਕਰਮਚਾਰੀਆਂ ਨੂੰ ਲਾਭ ਮਿਲ ਸਕੇਗਾ। ਢੋਸੀਵਾਲ ਨੇ ਇਹ ਵੀ ਜਾਣਕਾਰੀ ਦਿਤੀ ਹੈ ਕਿ ਸੰਸਥਾ ਵੱਲੋਂ ਯੂਨੀਵਰਸਿਟੀ ਦੇ ਫੈਸਲੇ ਦੀ ਤਰਜ਼ ’ਤੇ ਪੰਜਾਬ ਦੇ ਸਾਰੇ ਠੇਕਾ ਆਧਾਰਿਤ ਅਤੇ ਆਊਟ ਸੋਰਸ ਕਰਮਚਾਰੀਆਂ ਨੂੰ ਨਿਯੁਕਤੀ ਦੀ ਮਿਤੀ ਤੋਂ ਤਨਖਾਹ ਵਾਧਾ ਅਤੇ ਏਰੀਅਰ ਦਿਵਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸ ਸਬੰਧੀ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ, ਸਿਹਤ ਮੰਤਰੀ, ਚੀਫ਼ ਸੈਕਟਰੀ, ਪ੍ਰਿੰਸੀਪਲ ਸੈਕਟਰੀ ਫਾਇਨਾਂਸ, ਪ੍ਰਿੰਸੀਪਲ ਸੈਕਟਰੀ ਮੈਡੀਕਲ ਸਿੱਖਿਆ ਅਤੇ ਖੋਜ ਸਮੇਤ ਯੂਨੀਵਰਸਿਟੀ ਦੀ ਗਵਰਨਿੰਗ ਬਾਡੀ ਬੋਰਡ ਆਫ਼ ਮੈਨੇਜਮੈਂਟ ਨੂੰ ਲਿਖਤੀ ਬੇਨਤੀ ਕੀਤੀ ਜਾਵੇਗੀ ਤਾਂ ਜੋ ਯੂਨੀਵਰਸਿਟੀ ਦੇ ਇਤਿਹਾਸਕ ਅਤੇ ਕਰਮਚਾਰੀ ਪੱਖੀ ਫੈਸਲੇ ਨੂੰ ਸੂਬੇ ਦੇ ਸਾਰੇ ਠੇਕਾ ਆਧਾਰਿਤ ਅਤੇ ਆਊਟ ਸੋਰਸ ਕਰਮਚਾਰੀਆਂ ਲਈ ਲਾਗੂ ਕਰਵਾਇਆ ਜਾ ਸਕੇ।
ਜਗਦੀਸ਼ ਰਾਏ ਢੋਸੀਵਾਲ। |