ਜਿਲ੍ਹੇ ਦੇ ਪਹਿਲੇ ਸਮਾਰਟ ਸਕੂਲ ਵਜੋਂ ਜਾਣਿਆ ਜਾਂਦਾ ਹੈ
ਲੰਬੀ,ਸ੍ਰੀ ਮੁਕਤਸਰ ਸਾਹਿਬ 27 ਜੁਲਾਈ (BTTNEWS)- ਪੰਜਾਬ ਸਰਕਾਰ ਸਿਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਤਾਂ ਜ਼ੋ ਗਰੀਬ ਤੇ ਲੋੜਵੰਦ ਬੱਚਿਆ ਨੂੰ ਸਿੱਖਿਆ ਅਸਾਨੀ ਨਾਲ ਮਿਲ ਸਕੇ ਇਹ ਜਾਣਕਾਰੀ ਸ੍ਰੀਮਤੀ ਪ੍ਰਭਜੋਤ ਕੌਰ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਨੇ ਦਿੱਤੀ ।
ਉਹਨਾ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਕਰਨ ਲਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਮਿੱਠੜੀ ਬੁੱਧਗਿਰ ਬਲਾਕ ਲੰਬੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਜਿਲ੍ਹੇ ਦੇ ਮੋਹਰੀ ਸਕੂਲਾਂ ਵਿੱਚੋਂ ਹੈ।
ਜਿਲ੍ਹਾ ਸਿੱਖਿਆ ਅਫਸਰ ਦੇ ਅਨੁਸਾਰ ਇਸ ਸਕੂਲ ਦੀ ਸਥਾਪਨਾ ਸਾਲ 1952 ਵਿੱਚ ਹੋਈ। ਇਹ ਸਕੂਲ ਪਿੰਡ ਦੇ ਬਿਲਕੁਲ ਵਿੱਚਕਾਰ ਮੇਨ ਫਿਰਨੀ ਉੱਪਰ ਬਣਿਆ ਹੋਇਆ ਹੈ। ਸਕੂਲ ਦੇ ਵਿੱਚ ਹੁਣ ਕੁੱਲ 6 ਅਧਿਆਪਕ ਕੰਮ ਕਰ ਰਹੇ ਹਨ। ਇਸ ਸਕੂਲ ਵਿੱਚ ਪ੍ਰੀ ਨਰਸਰੀ ਤੋਂ ਪੰਜਵੀਂ ਤੱਕ ਕੁੱਲ 162 ਵਿਦਿਆਰਥੀ ਪੜ੍ਹਦੇ ਹਨ। ਬੱਚਿਆਂ ਦੇ ਬੈਠਣ ਲਈ ਕੁੱਲ 7 ਹਵਾਦਾਰ ਕਮਰੇ ਅਤੇ ਮੁੰਡੇ ਕੜੀਆਂ ਲਈ ਵੱਖੋ ਵੱਖਰੇ ਬਾਥਰੂਮ ਬਣੇ ਹੋਏ ਹਨ।
ਉਹਨਾਂ ਇਸ ਸਕੂਲ ਦੀ ਪਿਛੋਕੜ ਸਬੰਧੀ ਦੱਸਿਆ ਕਿ ਇਹ ਸਕੂਲ 2015 ਤੋਂ ਪਹਿਲਾਂ ਜਦੋਂ ਇਹ ਸਕੂਲ ਪੰਚਾਇਤੀ ਰਾਜ ਮਹਿਕਮੇ ਹੇਠ ਚਲਦਾ ਸੀ ਓਦੋਂ ਇਸ ਸਕੂਲ ਦੀ ਹਾਲਤ ਬਹੁਤ ਖਸਤਾ ਸੀ।ਸਕੂਲ ਵਿੱਚ ਬੁਨਿਆਦੀ ਸਹੂਲਤਾਂ ਦੀ ਘਾਟ ਸੀ।ਉਸ ਸਮੇਂ ਸਕੂਲ ਵਿੱਚ ਸਤੰਬਰ 2016 ਤੋਂ ਪਹਿਲਾਂ ਕੇਵਲ ਇੱਕ ਹੀ ਅਧਿਆਪਕ ਕੰਮ ਕਰ ਰਿਹਾ ਸੀ। ਜਿਸ ਕਾਰਨ ਸਕੂਲ ਵਿੱਚੋਂ ਬੱਚਿਆਂ ਦੀ ਗਿਣਤੀ ਵੀ ਘਟਦੀ ਜਾ ਰਹੀ ਸੀ।ਫਿਰ ਜਦੋਂ 2016 ਵਿੱਚ ਸਿੱਖਿਆ ਵਿਭਾਗ ਵੱਲੋਂ ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਗਈ। ਉਸ ਸਮੇਂ ਤੋਂ ਬਾਦ ਸਕੂਲ ਵਿੱਚ ਸੁਧਾਰ ਹੋਣਾ ਸ਼ੁਰੂ ਹੋਇਆ।ਫਿਰ ਇਹ ਸਕੂਲ ਮਿਹਨਤੀ ਅਧਿਆਪਕਾਂ ਦੀ ਮਿਹਨਤ ਦੇ ਸਦਕਾ ਲਗਾਤਾਰ ਤਰੱਕੀ ਕਰਦਾ ਗਿਆ। ਜਿਸ ਦੇ ਨਤੀਜੇ ਵਜੋਂ ਇਸ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਤੇ ਸਕੂਲ ਦੀ ਸਾਰੇ ਜਿਲ੍ਹੇ ਵਿੱਚ ਤਰੱਕੀ ਦੇਖ ਕੇ ਸਕੂਲ ਨੂੰ ਪਿੰਡ ਦੀ ਪੰਚਾਇਤ ਅਤੇ ਦਾਨੀ ਸੱਜਣਾਂ ਦਾ ਸਹਿਯੋਗ ਵੀ ਮਿਲਣ ਲੱਗਿਆ। ਅਧਿਆਪਕਾਂ ਦੀ ਮਿਹਨਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਲ 2016 ਵਿੱਚ ਬੰਦ ਹੋਣ ਦੇ ਕਿਨਾਰੇ ਪਏ ਇਸ ਸਕੂਲ ਦੀ ਦਿੱਖ ਨੂੰ ਜੂਨ 2020 ਵਿੱਚ ਸਿੱਖਿਆ ਸਕੱਤਰ ਵੱਲੋਂ ਵਿਭਾਗੀ ਫੇਸਬੁੱਕ ਪੇਜ ਰਾਹੀਂ ਪੂਰੇ ਪੰਜਾਬ ਵਿੱਚ ਸਾਂਝਾ ਕੀਤਾ ਗਿਆ।
ਉਹਨਾਂ ਦੱਸਿਆ ਕਿ ਇਸ ਸਕੂਲ ਲਈ ਇਸ ਤੋਂ ਵੀ ਵੱਧ ਮਾਣ ਵਾਲੀ ਗੱਲ ਨਵੰਬਰ 2020 ਵਿੱਚ ਹੋਈ ਜਦੋਂ ਇਸ ਸਕੂਲ ਸ੍ਰੀ ਗੁਰਵਿੰਦਰ ਸਿੰਘ ਸਰਾਓ ਏ.ਡੀ.ਸੀ ਵਿਕਾਸ ਵੱਲੋਂ ਉਚੇਚੇ ਤੌਰ ਤੇ ਪਹੁੰਚ ਕੇ ਇਸ ਸਕੂਲ ਦਾ ਜਿਲ੍ਹੇੇ ਦੇ ਪਹਿਲੇ ਸਮਾਰਟ ਸਕੂਲ ਵਜੋਂ ਉਦਘਾਟਨ ਕੀਤਾ ਗਿਆ। ਇਸ ਵਿੱਚ ਵੱਖਰੀ ਗੱਲ ਇਹ ਸੀ ਕਿ ਪੂਰੇ ਪੰਜਾਬ ਵਿੱਚ ਉਸ ਸਮੇਂ 117 ਸਕੂਲਾਂ ਦਾ ਸਮਾਰਟ ਸਕੂਲਾਂ ਵਜੋਂ ਉਦਘਾਟਨ ਕੀਤਾ ਗਿਆ ਸੀ।ਤੇ ਇਹਨਾਂ 117 ਸਕੂਲਾਂ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਮਿੱਠੜੀ ਬੁੱਧਗਿਰ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਾਰੇ ਪ੍ਰਾਇਮਰੀ ਸਕੂਲਾਂ ਵਿੱਚੋਂ ਇਕੱਲਾ ਪ੍ਰਾਇਮਰੀ ਸਕੂਲ ਸੀ। ਇਸ ਸਕੂਲ ਦੀ ਤਰੱਕੀ ਅਤੇ ਅਧਿਆਪਕਾਂ ਦੀ ਮਿਹਨਤ ਦੇਖ ਕੇ ਜਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਵੀ ਇਸ ਸਕੂਲ ਦੀ ਵੱਖ ਵੱਖ ਕਾਰਜਾਂ ਲਈ ਪ੍ਰਸੰਸ਼ਾ ਕੀਤੀ ਗਈ ਹੈ।
ਉਹਨਾ ਦੱਸਿਆ ਕਿ ਇਸ ਸਕੂਲ ਦੀ ਤਰੱਕੀ ਅਤੇ ਵਿਕਾਸ ਕਾਰਜਾਂ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਮਿਹਨਤੀ ਅਧਿਆਪਕ ਜਸਪ੍ਰੀਤ ਸਿੰਘ ਨੂੰ ਵੀ ਵਿਸ਼ੇਸ਼ ਤੌਰ ਤੇ ਸਿਖਿਆ ਵਿਭਾਗ ਸ੍ਰੀ ਮੁਕਤਸਰ ਸਾਹਿਬ ਵੱਲੋਂ ਅਧਿਆਪਕ ਦਿਵਸ ਮੌਕੇ ਲਗਾਤਾਰ ਦੋ ਸਾਲ ਸਨਮਾਨਿਤ ਗਿਆ ਹੈ। ਹੁਣ ਇਸ ਸਕੂਲ ਦੇ ਵੱਖ ਵੱਖ ਕਾਰਜਾਂ ਦੀਆਂ ਤਸਵੀਰਾਂ ਪੂਰੇ ਪੰਜਾਬ ਦੇ ਵੱਖ—ਵੱਖ ਸਕੂਲਾਂ ਵੱਲੋਂ ਅਕਸਰ ਸੋਸ਼ਲ ਮੀਡੀਆ ਰਾਹੀਂ ਮੰਗੀਆਂ ਜਾਂਦੀਆਂ ਹਨ। ਉਹਨਾ ਕਿਹਾ ਕਿ ਇਹ ਸਕੂਲ ਆਉਣ ਵਾਲੇ ਸਮੇਂ ਵਿੱਚ ਪੂਰੇ ਪੰਜਾਬ ਦੇ ਮੋਹਰੀ ਸਕੂਲਾਂ ਵਿੱਚ ਗਿਣਿਆ ਜਾਵੇਗਾ।