- ਮਿਸ਼ਨ ਵੱਲੋਂ ਜ਼ਿਲਾ ਸਿਹਤ ਅਫਸਰ ਨਾਲ ਮੁਲਾਕਾਤ -
ਮਿਸ਼ਨ ਮੁਖੀ ਢੋਸੀਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਸਿਹਤ ਅਫਸਰ ਡਾ. ਦੁਪਿੰਦਰ ਕੁਮਾਰ ਨਾਲ ਮੁਲਾਕਾਤ ਕਰਨ ਸਮੇਂ। |
ਸ੍ਰੀ ਮੁਕਤਸਰ ਸਾਹਿਬ, 30 ਜੁਲਾਈ (BTTNEWS)- ਲੋਕਾਂ ਦੀ ਸਿਹਤ ਨਾਲ ਖਿਲਵਾੜ ਰੋਕਣ ਦੇ ਮੰਤਵ ਨਾਲ ਸਰਕਾਰ ਨੇ ਫੂਡ ਸੇਫਟੀ ਐਕਟ ਬਣਾਇਆ ਹੋਇਆ ਹੈ। ਇਸ ਐਕਟ ਅਨੁਸਾਰ ਹੋਟਲਾਂ, ਰੈਸਟੋਰੈਂਟਾਂ, ਢਾਬਿਆਂ ਅਤੇ ਖਾਣ ਪੀਣ ਦੀਆਂ ਹੋਰ ਵਸਤਾਂ ਵੇਚਣ ਵਾਲਿਆਂ ਲਈ ਨਿਯਮ ਬਣਾਏ ਗਏ ਹਨ। ਸ਼ਰਤਾਂ ਅਤੇ ਮਾਪਦੰਡ ਨਿਰਧਾਰਿਤ ਕੀਤੇ ਗਏ ਹਨ। ਇਹਨਾਂ ਮਾਪਦੰਡਾਂ ’ਤੇ ਪੂਰਾ ਉਤਰਨ ਵਾਲੇ ਤੇ ਸਰਕਾਰੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਹੋਟਲਾਂ, ਢਾਬਿਆਂ, ਰੈਸਟੋਰੈਂਟਾਂ ਅਤੇ ਹੋਰਨਾਂ ਲਈ ਜੁਰਮਾਨੇ ਅਤੇ ਸਜਾ ਨਿਸ਼ਚਤ ਕੀਤੀ ਗਈ ਹੈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਕਿਹਾ ਹੈ ਕਿ ਕੁਝ ਹੋਟਲਾਂ, ਢਾਬਿਆਂ, ਰੈਸਟੋਰੈਂਟਾਂ ਆਦਿ ਵੱਲੋਂ ਫੂਡ ਸੇਫਟੀ ਐਕਟ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਜ਼ਿਆਦਾਤਰ ਹੋਟਲ ਮਾਲਕਾਂ ਵੱਲੋਂ ਆਪਣੇ ਵੇਟਰਾਂ ਤੇ ਹੋਰਨਾਂ ਕਾਮਿਆਂ ਦਾ ਮੈਡੀਕਲ ਨਹੀਂ ਕਰਵਾਇਆ ਜਾਂਦਾ। ਨਾ ਹੀ ਗ੍ਰਾਹਕ ਸੇਵਾ ਵੇਲੇ ਇਹਨਾਂ ਦੇ ਸਿਰ ਢਕੇ ਹੁੰਦੇ ਹਨ ਅਤੇ ਨਾ ਹੀ ਗਲੋਵਜ਼ ਵਗੈਰਾ ਪਾਏ ਹੁੰਦੇ ਹਨ। ਮਠਿਆਈਆਂ ਅਤੇ ਸਨੈਕਸ ਵੀ ਅਣਢਕੇ ਹੁੰਦੇ ਹਨ। ਫੂਡ ਸੇਫਟੀ ਐਕਟ ਅਨੁਸਾਰ ਹਰੇਕ ਮਠਿਆਈ ਉਪਰ ਉਸ ਦੀ ਐਕਸਪਾਈਰ ਡੇਟ ਲਿਖਣਾ ਜ਼ਰੂਰੀ ਹੁੰਦਾ ਹੈ। ਫੂਡ ਸੇਫਟੀ ਐਕਟ ਦੀਆਂ ਹੋਰ ਵੀ ਬਹੁਤ ਸਾਰੀਆਂ ਸ਼ਰਤਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਮਿਸ਼ਨ ਦੇ ਉੱਚ ਪੱਧਰੀ ਵਫ਼ਦ ਨੇ ਆਪਣੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਸਿਹਤ ਅਫਸਰ ਡਾ. ਦੁਪਿੰਦਰ ਕੁਮਾਰ ਨਾਲ ਮੁਲਾਕਾਤ ਕੀਤੀ। ਵਫ਼ਦ ਵਿਚ ਮਿਸ਼ਨ ਦੇ ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ, ਡਾ. ਸੁਰਿੰਦਰ ਗਿਰਧਰ, ਪ੍ਰਦੀਪ ਧੂੜੀਆ, ਡਾ. ਸੰਜੀਵ ਮਿੱਡਾ, ਬਲਬੀਰ ਸਿੰਘ, ਓ.ਪੀ. ਖਿੱਚੀ, ਅਰਸ਼ ਬੱਤਰਾ ਅਤੇ ਨਰਿੰਦਰ ਕਾਕਾ ਆਦਿ ਮੌਜੂਦ ਸਨ। ਮਿਸ਼ਨ ਵੱਲੋਂ ਫੂਡ ਸੇਫਟੀ ਐਕਟ ਨੂੰ ਸਹੀ ਢੰਗ ਨਾਲ ਲਾਗੂ ਕਰਵਾਏ ਜਾਣ ਦੀ ਮੰਗ ਕੀਤੀ ਗਈ। ਮੁਲਾਕਾਤ ਦੌਰਾਨ ਜ਼ਿਲ੍ਹਾ ਸਿਹਤ ਅਫਸਰ ਡਾ. ਦੁਪਿੰਦਰ ਕੁਮਾਰ ਨੇ ਮਿਸ਼ਨ ਨੂੰ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹੇ ਅੰਦਰ ਫੂਡ ਸੇਫਟੀ ਐਕਟ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ ਲਈ ਉਚਿਤ ਕਦਮ ਉਠਾਏ ਜਾਣਗੇ ਅਤੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਸਿਹਤ ਅਫਸਰ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਸਬੰਧੀ ਜ਼ਿਲ੍ਹੇ ਅੰਦਰ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਉਕਤ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਢੋਸੀਵਾਲ ਨੇ ਦੱਸਿਆ ਹੈ ਕਿ ਇਕ ਮਹੀਨੇ ਬਾਅਦ ਉਹਨਾਂ ਦੀ ਸੰਸਥਾ ਵੱਲੋਂ ਫਿਰ ਤੋਂ ਜ਼ਿਲ੍ਹਾ ਸਿਹਤ ਅਫਸਰ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਉਠਾਏ ਗਏ ਵਿਭਾਗੀ ਕਦਮਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ।