ਮੀਟਿੰਗ ਦੌਰਾਨ ਪ੍ਰਧਾਨ ਢੋਸੀਵਾਲ, ਪ੍ਰਧਾਨ ਨੱਥਾ ਸਿੰਘ ਅਤੇ ਸ਼ਾਮਲ ਬਾਕੀ ਹੋਰ ਮੈਂਬਰ। |
ਸ੍ਰੀ ਮੁਕਤਸਰ ਸਾਹਿਬ : 24 ਜੁਲਾਈ (BTTNEWS)- ਪਿਛਲੇ ਦਿਨੀਂ ਮਣੀਪੁਰ ਵਿਚ ਦਿਲ ਕੰਬਾਊ ਅਤੇ ਬੇਹੱਦ ਸ਼ਰਮਨਾਕ ਕਾਰਾ ਵਾਪਰਿਆ ਹੈ। ਇਸ ਵਿੱਚ ਔਰਤਾਂ ਦੀ ਨਗਨ ਪਰੇਡ ਕਰਵਾਈ ਗਈ, ਬਲਾਤਕਾਰ ਕੀਤਾ ਗਿਆ, ਬਾਅਦ ਵਿਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸੇ ਤਰ੍ਹਾਂ ਦੀਆਂ ਹੀ ਸ਼ਰਮਨਾਕ ਘਟਨਾਵਾਂ ਪੱਛਮੀ ਬੰਗਾਲ, ਰਾਜਸਥਾਨ ਆਦਿ ਸੂਬਿਆਂ ਵਿਚ ਵਾਪਰੀਆਂ ਹਨ। ਅਜਿਹੀਆਂ ਘਟਨਾਵਾਂ ਦੀ ਸਮੁੱਚੇ ਦੇਸ਼ ਵਿਚ ਨਿੰਦਾ ਕੀਤੀ ਜਾ ਰਹੀ ਹੈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਅਤੇ ਸਥਾਨਕ ਟਾਂਕ ਕਸ਼ੱਤਰੀ ਸਭਾ ਦੇ ਮੈਂਬਰਾਂ ਵੱਲੋਂ ਸਥਾਨਕ ਨਾਮਦੇਵ ਭਵਨ ਵਿਖੇ ਸਾਂਝੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਮਿਸ਼ਨ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਤੇ ਟਾਂਕ ਕਸ਼ਤਰੀ ਸਭਾ ਦੇ ਪ੍ਰਧਾਨ ਨੱਥਾ ਸਿੰਘ ਵੱਲੋਂ ਸਾਂਝੇ ਤੌਰ ’ਤੇ ਕੀਤੀ ਗਈ। ਮੀਟਿੰਗ ਵਿਚ ਮਿਸ਼ਨ ਦੇ ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ ਅਤੇ ਸੀਨੀਅਰ ਮੀਤ ਪ੍ਰਧਾਨ ਨਿਰੰਜਣ ਸਿੰਘ ਰੱਖਰਾ ਸਮੇਤ ਡਾ. ਸੁਰਿੰਦਰ ਗਿਰਧਰ, ਰਾਮ ਸਿੰਘ ਪੱਪੀ, ਸਾਹਿਲ ਕੁਮਾਰ ਹੈਪੀ, ਰਾਜਿੰਦਰ ਖੁਰਾਣਾ, ਮਨੋਹਰ ਲਾਲ ਹਕਲਾ, ਸੁਭਾਸ਼ ਕੁਮਾਰ, ਅਰਸ਼ ਬੱਤਰਾ ਅਤੇ ਨਰਿੰਦਰ ਕਾਕਾ ਫੋਟੋ ਗ੍ਰਾਫਰ ਤੋਂ ਇਲਾਵਾ ਟਾਂਕ ਕਸ਼ਤਰੀ ਸਭਾ ਦੇ ਦਰਸ਼ਨ ਸਿੰਘ ਮੱਲਣ, ਰਾਜਿੰਦਰ ਭਾਰਤੀ, ਰਾਜਵਿੰਦਰ ਸਿੰਘ, ਮਾਸਟਰ ਸੁਖਦਰਸ਼ਨ ਸਿੰਘ, ਗੁਰਚਰਨ ਸਿੰਘ ਮੰਘੇੜਾ, ਹਰਮਨਦੀਪ, ਗੁਰਜੀਤ ਸਿੰਘ ਖਾਲਸਾ, ਨੱਥਾ ਸਿੰਘ ਢਿੱਲੋਂ, ਜਗਜੀਤ ਸਿੰਘ, ਪੁਰਬਾ ਫੌਜੀ, ਤਰਸੇਮ ਸਿੰਘ ਅਤੇ ਹਰਵਿੰਦਰ ਸਿੰਘ ਤੱਗੜ ਆਦਿ ਸਮੇਤ ਕਈ ਹੋਰ ਮੈਂਬਰ ਸਨ। ਮੀਟਿੰਗ ਦੌਰਾਨ ਮਣੀਪੁਰ ਸਮੇਤ ਦੂਸਰੇ ਰਾਜਾਂ ਵਿੱਚ ਔਰਤਾਂ ਪ੍ਰਤੀ ਕੀਤੇ ਸ਼ਰਮਨਾਕ ਕਾਰੇ ਦੀ ਪੁਰਜੋਰ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਅਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਨਾ ਵਾਪਰਣ ਦੇਣ ਨੂੰ ਯਕੀਨੀ ਬਨਾਉਣ ਦੀ ਮੰਗ ਵੀ ਕੀਤੀ ਗਈ। ਮੀਟਿੰਗ ਦੌਰਾਨ ਪੰਜਾਬ ਅੰਦਰ ਕੁਦਰਤੀ ਆਫ਼ਤ ਹੜ ਕਾਰਨ ਹੋਏ ਜਾਨੀ ਅਤੇ ਮਾਲੀ ਨੁਕਸਾਨ ’ਤੇ ਦੁੱਖ ਪ੍ਰਗਟ ਕੀਤਾ ਗਿਆ। ਮੀਟਿੰਗ ਦੌਰਾਨ ਪ੍ਰਧਾਨ ਢੋਸੀਵਾਲ ਸਮੇਤ ਸਮੂਹ ਬੁਲਾਰਿਆਂ ਨੇ ਔਰਤ ਬੇਅਦਬੀ ਕਾਂਡ ਅਤੇ ਹੜ੍ਹਾਂ ਉਪਰ ਰਾਜਨੀਤਕ ਰੋਟੀਆਂ ਸੇਕਣ ਨੂੰ ਘਟੀਆ ਮਾਨਸਿਕਤਾ ਦੀ ਸੋਚ ਕਰਾਰ ਦਿੱਤਾ ਅਤੇ ਅਜਿਹੀਆਂ ਹਰਕਤਾਂ ਤੋਂ ਬਾਜ ਆਉਣ ਦੀ ਅਪੀਲ ਕੀਤੀ। ਉਹਨਾਂ ਨੇ ਪੰਜਾਬ ਅੰਦਰ ਕੁਦਰਤੀ ਆਫ਼ਤ ਕਾਰਨ ਮੁਸੀਬਤ ਝੱਲ ਰਹੇ ਲੋਕਾਂ ਦੀ ਨੇਕ ਨੀਤੀ ਅਤੇ ਇਮਾਨਦਾਰੀ ਨਾਲ ਮੱਦਦ ਕਰਨ ਦੀ ਅਪੀਲ ਵੀ ਕੀਤੀ।