ਸਕੇ ਭੈਣ ਭਰਾ ਨੇ ਪੀ.ਐੱਚ.ਡੀ. ਕਰਕੇ ਰਚਿਆ ਇਤਿਹਾਸ
July 10, 2023
0
ਸ੍ਰੀ ਮੁਕਤਸਰ ਸਾਹਿਬ, 10 ਜੁਲਾਈ (BTTNEWS)- “ਹਿੰਮਤ-ਏ-ਮਰਦਾਂ, ਮੱਦਦ-ਏ-ਖ਼ੁਦਾ” ਦੀ ਕਹਾਵਤ ਨੂੰ ਸੱਚ ਸਾਬਤ ਕਰਦੇ ਹੋਏ ਸਥਾਨਕ ਮੋਹਨ ਲਾਲ ਗਲੀ ਨੰਬਰ ਤਿੰਨ ਨਿਵਾਸੀ ਦਿਵਿਆਂਗ ਇੰਦਰਜੀਤ ਮੁਕਤਸਰੀ ਨੇ ਗਾਇਕੀ ਵਿਚ ਅੰਤਰ ਰਾਸ਼ਟਰੀ ਪੱਧਰ ’ਤੇ ਨਾਮਣਾ ਖੱਟਿਆ ਹੈ। ਕੁਝ ਸਮਾਂ ਪਹਿਲਾਂ ਸਰਕਾਰੀ ਸੇਵਾ ਤੋਂ ਮੁਕਤ ਹੋਏ ਮੁਕਤਸਰੀ ਨੇ ਆਪਣੀ ਪੁੱਤਰੀ ਅਤੇ ਪੁੱਤਰ ਨੂੰ ਵਿਦਿਆ ਅਤੇ ਸੰਗੀਤ ਦੀ ਉੱਚ ਪੱਧਰੀ ਪੜਾਈ ਹਾਸਲ ਕਰਵਾਈ ਹੈ। ਵੱਡੀ ਬੇਟੀ ਡਾ. ਰਾਜਬੀਰ ਕੌਰ ਕੈਂਥ ਨੇ ਐਮ.ਏ., ਐਮ.ਐੱਡ, ਐਮ.ਫਿਲ ਅਤੇ ਪੀ.ਐੱਚ.ਡੀ. (ਮਿਊਜ਼ਕ) ਦੀ ਡਿਗਰੀ ਹਾਸਲ ਕੀਤੀ ਹੋਈ ਹੈ। ਇਸੇ ਤਰ੍ਹਾਂ ਬੇਟੇ ਡਾ. ਜਸਬੀਰ ਸਿੰਘ ਕੈਂਥ ਨੇ ਵੀ ਐਮ.ਏ.,ਐੱਮ.ਫਿਲ ਅਤੇ ਪੀ.ਐੱਚ.ਡੀ. (ਮਿਊਜ਼ਕ) ਪੱਧਰ ਤੱਕ ਵਿਦਿਆ ਪ੍ਰਾਪਤ ਕੀਤੀ ਹੈ। ਇਕੋ ਪਰਿਵਾਰ ਦੇ ਹੋਣਹਾਰ ਬੱਚਿਆਂ ਵੱਲੋਂ ਪੀ.ਐੱਚ.ਡੀ. ਦੀ ਡਿਗਰੀ ਪ੍ਰਾਪਤ ਕਰਕੇ ਕੈਂਥ ਭੈਣ ਭਰਾ ਨੇ ਮੁਕਤਸਰ ਵਿੱਚ ਨਵਾਂ ਇਤਿਹਾਸ ਰਚਿਆ ਹੈ। ਸ਼ਹਿਰ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਚੇਅਰਮੈਨ ਇੰਜ. ਅਸ਼ੋਕ ਕੁਮਾਰ ਭਾਰਤੀ, ਸੀਨੀਅਰ ਮੀਤ ਪ੍ਰਧਾਨ ਫਸਟ ਨਿਰੰਜਣ ਸਿੰਘ ਰੱਖਰਾ, ਪ੍ਰਚਾਰ ਸਕੱਤਰ ਰਾਜਿੰਦਰ ਖੁਰਾਣਾ, ਸਹਾਇਕ ਲੋਕ ਸੰਪਰਕ ਅਧਿਕਾਰੀ ਸਾਹਿਲ ਕੁਮਾਰ ਹੈਪੀ, ਸੀਨੀਅਰ ਮੈਂਬਰ ਰਾਮ ਸਿੰਘ ਪੱਪੀ ਕੌਂਸਲਰ ਅਤੇ ਨੈਸ਼ਨਲ ਇੰਸ਼ੋਰੈਂਸ ਕੰਪਨੀ ਅਧਿਕਾਰੀ ਅਮਰਨਾਥ ਅਤੇ ਨਰਿੰਦਰ ਕਾਕਾ ਫੋਟੋ ਗ੍ਰਾਫਰ ਮੌਜੂਦ ਸਨ। ਜ਼ਿਕਰਯੋਗ ਹੈ ਕਿ ਡਾ. ਜਸਬੀਰ ਕੈਂਥ ਨੇ ਬਾਲੀਵੁੱਡ ਫਿਲਮ ‘ਵਧ’ ਦਾ ਟਾਈਟਲ ਸੌਂਗ ਵੀ ਗਾਇਆ ਹੈ। ਕੈਂਥ ਭੈਣ ਭਰਾ ਸਭਿਆਚਾਰਕ ਅਤੇ ਸੰਸਕ੍ਰਿਤਕ ਗੀਤ ਹੀ ਗਾਉਂਦੇ ਹਨ ਅਤੇ ਦੂਰਦਰਸ਼ਨ ਜਲੰਧਰ ਵੱਲੋਂ ਇਹਨਾਂ ਨੂੰ ‘ਬੀ-ਹਾਈ ਗ੍ਰੇਡ’ ਗਾਇਕੀ ਦਾ ਰੁਤਬਾ ਮਿਲਿਆ ਹੋਇਆ ਹੈ। ਜਾਣਕਾਰੀ ਦਿੰਦੇ ਹੋਏ ਮਿਸ਼ਨ ਮੁਖੀ ਢੋਸੀਵਾਲ ਨੇ ਦੱਸਿਆ ਹੈ ਕਿ ਮਿਸ਼ਨ ਵੱਲੋਂ ਡਾ. ਰਾਜਬੀਰ ਕੌਰ ਕੈਂਥ ਅਤੇ ਡਾ. ਜਸਬੀਰ ਸਿੰਘ ਕੈਂਥ ਨੂੰ ਸ਼ਾਨਦਾਰ ਮੋਮੈਂਟੋ ਭੇਂਟ ਕਰਕੇ ਉਹਨਾਂ ਦੀ ਹੌਂਸਲਾ ਅਫਜਾਈ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਪਿਤਾ ਇੰਦਰਜੀਤ ਮੁਕਤਸਰੀ, ਮਾਤਾ ਸਵਰਨਜੀਤ ਕੌਰ ਅਤੇ ਪਰਿਵਾਰਕ ਮੈਂਬਰ ਲੱਡੂ ਵੀ ਮੌਜੂਦ ਸੀ। ਮਿਸ਼ਨ ਵੱਲੋਂ ਸਨਮਾਨਤ ਕੀਤੇ ਜਾਣ ਦੀ ਇਹ ਰਸਮ ਕਰੀਬ ਡੇਢ ਦਰਜਨ ਕਿਤਾਬਾਂ ਦੀ ਲੇਖਿਕਾ, ਹਜ਼ਾਰਾਂ ਦੀ ਗਿਣਤੀ ਵਿਚ ਦਰਖਤਾਂ ਦੇ ਪੌਦੇ ਲਗਾ ਕੇ ਉਹਨਾਂ ਹੀ ਦੇਖ ਭਾਲ ਕਰਨ ਵਾਲੀ, ਉੱਘੀ ਸਿੱਖਿਆ ਸ਼ਾਸਤਰੀ ਲੈਕਚਰਾਰ ਬਿਮਲਾ ਜੈਨ ਨੇ ਆਪਣੇ ਕਰ ਕਮਲਾਂ ਨਾਲ ਕੀਤੀ। ਇਸ ਮੌਕੇ ਉਹਨਾਂ ਨੇ ਕੈਂਥ ਭੈਣ ਭਰਾ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਸਮੁੱਚੇ ਪਰਿਵਾਰ ਨੂੰ ਵਧਾਈ ਦਿੱਤੀ। ਇਸ ਘਰੇਲੂ ਮਿਲਣੀ ਦੌਰਾਨ ਮਿਸ਼ਨ ਮੁਖੀ ਢੋਸੀਵਾਲ ਸਮੇਤ ਸਮੂਹ ਬੁਲਾਰਿਆਂ ਨੇ ਕਿਹਾ ਕਿ ਇਕੋ ਪਰਿਵਾਰ ਦੇ ਸਕੇ ਭੈਣ ਭਰਾ ਨੇ ਪੀ.ਐੱਚ.ਡੀ. ਦੀ ਡਿਗਰੀ ਪ੍ਰਾਪਤ ਕਰਕੇ ਪਰਿਵਾਰ, ਸਮਾਜ ਅਤੇ ਸਮੁੱਚੇ ਇਲਾਕੇ ਦਾ ਮਾਣ ਸਨਮਾਨ ਵਧਾਇਆ ਹੈ। ਮਿਸ਼ਨ ਵੱਲੋਂ ਉਹਨਾਂ ਦੇ ਉਜਲੇ ਭਵਿੱਖ ਦੀ ਕਾਮਨਾ ਵੀ ਕੀਤੀ ਗਈ।