ਸਰਕਾਰ ਵੱਲੋਂ ਅਨੁਸੂਚਿਤ ਜਾਤੀ ਦੇ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਬਾਰੇ ਦਿੱਤੀ ਜਾਵੇਗੀ ਮੁਫ਼ਤ ਸਿਖਲਾਈ: ਖੁੱਡੀਆਂ

BTTNEWS
0

 • ਸਿਖਲਾਈ ਦੌਰਾਨ ਵਜ਼ੀਫ਼ੇ ਵਜੋਂ 350 ਰੁਪਏ ਪ੍ਰਤੀ ਦਿਨ ਦਿੱਤੇ ਜਾਣਗੇ

 
ਸਰਕਾਰ ਵੱਲੋਂ ਅਨੁਸੂਚਿਤ ਜਾਤੀ ਦੇ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਬਾਰੇ ਦਿੱਤੀ ਜਾਵੇਗੀ ਮੁਫ਼ਤ ਸਿਖਲਾਈ: ਖੁੱਡੀਆਂ

ਚੰਡੀਗੜ੍ਹ, 12 ਜੁਲਾਈ (BTTNEWS)- 
ਅਨੁਸੂਚਿਤ ਜਾਤੀ (ਐਸ.ਸੀ.) ਵਰਗ ਨਾਲ ਸਬੰਧਤ ਕਿਸਾਨਾਂ ਦੀ ਆਮਦਨ ਦੇ ਸਰੋਤਾਂ ਵਿੱਚ ਵਾਧਾ ਕਰਨ ਅਤੇ ਉਨ੍ਹਾਂ ਨੂੰ ਡੇਅਰੀ ਫਾਰਮਿੰਗ ਦਾ ਧੰਦਾ ਅਪਣਾਉਣ ਲਈ ਉਤਸ਼ਾਹਿਤ ਕਰਨ ਵਾਸਤੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਨੂੰ ਡੇਅਰੀ ਫਾਰਮਿੰਗ ਬਾਰੇ ਮੁਫ਼ਤ ਸਿਖਲਾਈ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਅਨੁਸੂਚਿਤ ਜਾਤੀ ਕਿਸਾਨਾਂ ਨੂੰ ਮੁਫ਼ਤ ਡੇਅਰੀ ਸਿਖਲਾਈ ਦੇਣ ਤੋਂ ਇਲਾਵਾ ਸਿਖਲਾਈ ਦੌਰਾਨ 350 ਰੁਪਏ ਪ੍ਰਤੀ ਦਿਨ ਵਜ਼ੀਫ਼ਾ ਵੀ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਸਿਖਲਾਈ ਦੌਰਾਨ ਉਮੀਦਵਾਰਾਂ ਨੂੰ ਦੁਧਾਰੂ ਪਸ਼ੂਆਂ ਦੀ ਖਰੀਦ ਅਤੇ ਸਾਂਭ-ਸੰਭਾਲ, ਨਸਲ ਸੁਧਾਰ, ਦੁੱਧ ਤੋਂ ਉਤਪਾਦ ਬਣਾਉਣ, ਪਸ਼ੂਆਂ ਨੂੰ ਮੌਸਮੀ ਬਿਮਾਰੀਆਂ ਤੋਂ ਬਚਾਉਣ, ਪਸ਼ੂਆਂ ਲਈ ਖੁਰਾਕ ਘਰ ਵਿੱਚ ਤਿਆਰ ਕਰਨ ਅਤੇ ਸਾਲ ਭਰ ਹਰਾ ਚਾਰਾ ਉਗਾਉਣ ਆਦਿ ਬਾਰੇ ਸਿਖਲਾਈ ਦਿੱਤੀ ਜਾਵੇਗੀ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਹ ਸਿਖਲਾਈ ਚਤਾਮਲੀ (ਰੂਪਨਗਰ), ਬੀਜਾ (ਲੁਧਿਆਣਾ), ਫਗਵਾੜਾ (ਕਪੂਰਥਲਾ), ਸਰਦੂਲਗੜ੍ਹ (ਮਾਨਸਾ), ਵੇਰਕਾ (ਅੰਮ੍ਰਿਤਸਰ), ਗਿੱਲ (ਮੋਗਾ), ਅਬੁਲ ਖੁਰਾਣਾ (ਸ੍ਰੀ ਮੁਕਤਸਰ ਸਾਹਿਬ), ਤਰਨ ਤਾਰਨ ਅਤੇ ਸੰਗਰੂਰ ਵਿਖੇ ਸਥਿਤ 9 ਸਿਖਲਾਈ ਕੇਂਦਰਾਂ ਵਿੱਚ ਦਿੱਤੀ ਜਾਵੇਗੀ। ਇਸ ਸਕੀਮ ਤਹਿਤ ਤਿੰਨ ਬੈਚਾਂ ਵਿੱਚ ਸਿਖਲਾਈ ਦਿੱਤੀ ਜਾਵੇਗੀ। ਪਹਿਲੇ ਬੈਚ ਤਹਿਤ ਸਿਖਲਾਈ 24 ਜੁਲਾਈ ਤੋਂ 4 ਅਗਸਤ, 2023 ਤੱਕ ਹੋਵੇਗੀ ਅਤੇ ਇਸ ਸਬੰਧੀ ਕਾਊਂਸਲਿੰਗ 17 ਜੁਲਾਈ ਨੂੰ ਹੋਵੇਗੀ। ਦੂਜਾ ਬੈਚ 25 ਸਤੰਬਰ ਤੋਂ 6 ਅਕਤੂਬਰ, 2023 ਤੱਕ ਹੋਵੇਗਾ ਅਤੇ ਕਾਊਂਸਲਿੰਗ 18 ਸਤੰਬਰ ਨੂੰ ਹੋਵੇਗੀ। ਤੀਜਾ ਬੈਚ 28 ਨਵੰਬਰ ਤੋਂ 8 ਦਸੰਬਰ, 2023 ਤੱਕ ਹੋਵੇਗਾ ਅਤੇ ਇਸ ਲਈ ਕਾਊਂਸਲਿੰਗ 20 ਨਵੰਬਰ ਨੂੰ ਹੋਵੇਗੀ।

ਇਸ ਸਿਖਲਾਈ ਪ੍ਰੋਗਰਾਮ ਦੀ ਯੋਗਤਾ ਦੇ ਮਾਪਦੰਡਾਂ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ 18 ਤੋਂ 50 ਸਾਲ ਤੱਕ ਉਮਰ ਦੇ ਉਮੀਦਵਾਰ (ਪੁਰਸ਼ ਅਤੇ ਵਿਆਹੁਤਾ ਮਹਿਲਾ) ਸਿਖਲਾਈ ਲਈ ਅਪਲਾਈ ਕਰ ਸਕਦੇ ਹਨ ਅਤੇ ਉਨ੍ਹਾਂ ਦਾ ਦਿਹਾਤੀ ਖੇਤਰਾਂ ਨਾਲ ਸਬੰਧਤ ਹੋਣ ਤੋਂ ਇਲਾਵਾ 5ਵੀਂ ਪਾਸ ਹੋਣਾ ਲਾਜ਼ਮੀ ਹੈ। ਉਨ੍ਹਾਂ ਨੂੰ ਇੱਕ ਰੋਜ਼ਾ ਐਕਸਪੋਜ਼ਰ ਵਿਜ਼ਿਟ ਅਤੇ ਸਿਖਲਾਈ ਕਿੱਟ ਵੀ ਪ੍ਰਦਾਨ ਕੀਤੀ ਜਾਵੇਗੀ।

ਉਨ੍ਹਾਂ ਨੇ ਯੋਗ ਲਾਭਪਾਤਰੀਆਂ ਨੂੰ ਆਪਣੇ ਨਜ਼ਦੀਕੀ ਡਿਪਟੀ ਡਾਇਰੈਕਟਰ, ਡੇਅਰੀ ਵਿਕਾਸ ਦਫ਼ਤਰ ਨਾਲ ਸੰਪਰਕ ਕਰਨ ਲਈ ਕਿਹਾ। ਵਧੇਰੇ ਜਾਣਕਾਰੀ ਲਈ, ਇਛੁੱਕ ਉਮੀਦਵਾਰ ਡੇਅਰੀ ਵਿਕਾਸ ਵਿਭਾਗ, ਪੰਜਾਬ ਦੇ ਫ਼ੋਨ ਨੰਬਰ 0172-5027285 ਉਤੇ ਵੀ ਸੰਪਰਕ ਕਰ ਸਕਦੇ ਹਨ।

Post a Comment

0Comments

Post a Comment (0)