- ਮਾਮਲਾ ਇੱਕ ਤਰਫ਼ਾ ਪੜਤਾਲ ਦਾ -
ਬੀਤੀ 08 ਜੂਨ ਨੂੰ ਢੋਸੀਵਾਲ ਵੱਲੋਂ ਮੈਡਮ ਨਾਗਪਾਲ ਨੂੰ ਆਪਣਾ ਲਿਖਤੀ ਬਿਆਨ ਦੇਣ ਸਮੇਂ ਦੀ ਫਾਇਲ ਫੋਟੋ। |
ਸ੍ਰੀ ਮੁਕਤਸਰ ਸਾਹਿਬ, 29 ਜੁਲਾਈ (BTTNEWS)- ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਵੱਲੋਂ ਸਥਨਾਕ ਜ਼ਿਲਾ ਬਾਲ ਸੁਰੱਖਿਆ ਅਫਸਰ ਸ਼ਿਵਾਨੀ ਨਾਗਪਾਲ ਵਿਰੁੱਧ ਪੜਤਾਲ ਸ਼ੁਰੂ ਹੋ ਚੁੱਕੀ ਹੈ। ਮਾਮਲੇ ਵਿਚ ਆਪਣਾ ਪੱਖ ਰੱਖਣ ਲਈ ਜ਼ਿਲਾ ਪ੍ਰੋਗਰਾਮ ਅਫਸਰ ਨੇ ਸ਼ਿਕਾਇਤ ਕਰਤਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਚੇਅਰਮੈਨ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੂੰ ਆਉਂਦੀ 31 ਜੁਲਾਈ ਸੋਮਵਾਰ ਨੂੰ ਸਵੇਰੇ 10:00 ਵਜੇ ਆਪਣੇ ਦਫਤਰ ਬੁਲਾਇਆ ਹੈ। ਢੋਸੀਵਾਲ ਨੇ ਦੱਸਿਆ ਹੈ ਕਿ ਪ੍ਰਿੰਸੀਪਲ ਸ਼ਵੇਤਾ ਦਾਬੜਾ ਤੇ ਹੋਰਨਾਂ ਵੱਲੋਂ ਸਿੱਖਿਆ ਦੇ ਅਧਿਕਾਰ ਐਕਟ ਅਤੇ ਬਾਲ ਸੁਰੱਖਿਆ ਐਕਟ ਦੀਆਂ ਧੱਜੀਆਂ ਉਡਾਉਂਦੇ ਹੋਏ ਗੈਰ ਕਾਨੂੰਨੀ ਢੰਗ ਨਾਲ ਗੁਗਲਾਨੀ ਪਲੇਅ ਵੈਅ ਐਂਡ ਪਬਲਿਕ ਸਕੂਲ ਸਬੰਧੀ ਉਨ੍ਹਾਂ ਨੇ ਪੰਜਾਬ ਰਾਜ ਬਾਲ ਰੱਖਿਆ ਕਮਿਸ਼ਨ ਅਤੇ ਸਿੱਖਿਆ ਵਿਭਾਗ ਨੂੰ ਸ਼ਿਕਾਇਤ ਕੀਤੀ ਸੀ। ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼ਿਵਾਨੀ ਨਾਗਪਾਲ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਗਈ ਸੀ। ਪਰੰਤੂ ਇਸ ਅਧਿਕਾਰੀ ਨੇ ਸਰਕਾਰੀ ਨਿਯਮਾਂ ਦੇ ਵਿਰੁੱਧ ਚੱਲਦੇ ਹੋਏ ਅਤੇ ਅਬਨਾਰਮਲ ਪ੍ਰੈਕਟਿਸ ਅਪਨਾਉਂਦੇ ਹੋਏ ਸ਼ਿਕਾਇਤ ਕਰਤਾ ਭਾਵ ਪ੍ਰਧਾਨ ਢੋਸੀਵਾਲ ਨੂੰ ਪੜਤਾਲ ਵਿਚ ਸ਼ਾਮਲ ਹੀ ਨਹੀਂ ਕੀਤਾ। ਸਗੋਂ ਦੋਸ਼ੀ ਸਕੂਲ ਪ੍ਰਬੰਧਕਾਂ ਅਤੇ ਸੰਚਾਲਕਾਂ ਨੂੰ ਸਿੱਧੇ ਰੂਪ ’ਚ ਬਚਾਉਂਦੇ ਹੋਏ ਇਕ ਪਾਸੜ ਪੜਤਾਲ ਰਿਪੋਰਟ ਕਮਿਸ਼ਨ ਨੂੰ ਭੇਜ ਦਿਤੀ। ਐਨਾ ਹੀ ਨਹੀਂ ਪੜਤਾਲ ਰਿਪੋਰਟ ਭੇਜਣ ਤੋਂ ਕਈ ਦਿਨ ਬਾਅਦ ਮੈਡਮ ਨਾਗਪਾਲ ਨੇ ਢੋਸੀਵਾਲ ਨੂੰ ਪੜਤਾਲ ਵਿਚ ਸ਼ਾਮਲ ਕੀਤਾ। ਢੋਸੀਵਾਲ ਨੇ ਅੱਗੇ ਦੱਸਿਆ ਹੈ ਕਿ ਉਹਨਾਂ ਵੱਲੋਂ ਬੀਤੀ 08 ਜੂਨ ਨੂੰ ਆਪਣਾ ਲਿਖਤੀ ਪੱਖ ਮੈਡਮ ਨਾਗਪਾਲ ਨੂੰ ਦਿਤਾ ਗਿਆ ਸੀ, ਪਰੰਤੂ ਉਨ੍ਹਾਂ ਨੂੰ ਸ਼ੱਕ ਹੈ ਕਿ ਉਕਤ ਅਧਿਕਾਰੀ ਨੇ ਇਸ ਪੱਤਰ ਨੂੰ ਵੀ ਅਣਗੌਲਿਆਂ ਕਰਕੇ ਰੱਦੀ ਦੀ ਟੋਕਰੀ ਵਿਚ ਸੁੱਟ ਦਿਤਾ ਹੋਵੇਗਾ। ਪ੍ਰਧਾਨ ਢੋਸੀਵਾਲ ਨੇ ਇਸ ਇਕ ਤਰਫ਼ਾ ਪੜਤਾਲ ਅਤੇ ਬਾਲ ਸੁਰੱਖਿਆ ਐਕਟ ਦੀਆਂ ਧੱਜੀਆਂ ਉਡਾਉਣ ਵਾਲੇ ਗੁਗਲਾਨੀ ਪਲੇਅ ਵੇਅ ਐਂਡ ਪਬਲਿਕ ਸਕੂਲ ਦੀ ਪ੍ਰਿੰਸੀਪਲ ਤੇ ਹੋਰਨਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਲਈ ਬਾਲ ਰੱਖਿਆ ਕਮਿਸ਼ਨ ਕੋਲ ਦੁਬਾਰਾ ਸ਼ਿਕਾਇਤ ਕੀਤੀ ਹੈ। ਜਿਕਰੋਯਗ ਹੈ ਕਿ ਸਿੱਖਿਆ ਵਿਭਾਗ ਵੱਲੋਂ ਉਕਤ ਸਕੂਲ ਦੀ ਮਾਨਤਾ ਰੱਦ ਕਰ ਦਿਤੀ ਗਈ ਹੈ, ਪਰੰਤੂ ਛੇ ਸਾਲ ਤੱਕ ਗੈਰ ਕਾਨੂੰਨੀ ਢੰਗ ਨਾਲ ਸਕੂਲ ਚਲਾਉਣ ਵਾਲੇ ਸਕੂਲ ਪ੍ਰਿੰਸੀਪਲ ਤੇ ਹੋਰਨਾਂ ਵੱਲੋਂ ਪਰੂਵਡ ਓਫੈਂਸ ਦੇ ਬਾਵਜੂਦ ਵੀ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਢੋਸੀਵਾਲ ਨੇ ਮੰਗ ਕੀਤੀ ਹੈ ਕਿ ਸਰਕਾਰੀ ਨਿਯਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਇੱਕ ਤਰਫ਼ਾ ਪੜਤਾਲ ਕਰਨ ਵਾਲੀ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਸ਼ਿਵਾਨੀ ਨਾਗਪਾਲ ਅਤੇ ਗੈਰ ਕਾਨੂੰਨੀ ਢੰਗ ਨਾਲ ਸਕੂਲ ਚਲਾਉਣ ਵਾਲੇ ਉਕਤ ਦੋਸ਼ੀਆਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।