ਰਾਜ ਦੀ ਸਹਿਕਾਰੀ ਲਹਿਰ ਅਤੇ ਖੇਤੀਬਾੜੀ ਆਧਾਰਤ ਅਰਥਚਾਰੇ ਨੂੰ ਮਜ਼ਬੂਤ ਕਰਨ ਵਾਲਾ ਕਦਮ ਦੱਸਿਆ
ਚੰਡੀਗੜ੍ਹ, 2 ਜੁਲਾਈ (BTTNEWS)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਾਰਕਫੈੱਡ ਵੱਲੋਂ ਤਿਆਰ ਕੀਤੇ ਸ਼ਹਿਦ ਕੋਟੇਡ ‘ਕੌਰਨ ਫਲੇਕਸ’ ਲਾਂਚ ਕੀਤੇ।
ਇੱਥੇ ਸਹਿਕਾਰਤਾ ਦਿਵਸ ਮੌਕੇ ਸ਼ਨਿੱਚਰਵਾਰ ਨੂੰ ਕੌਰਨ ਫਲੇਕਸ ਲਾਂਚ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਨੂੰ ਸੂਬੇ ਵਿੱਚ ਉੱਚ ਗੁਣਵੱਤਾ ਵਾਲੇ ਉਤਪਾਦ ਬਣਾਉਣ ਲਈ ਮਾਰਕਫੈੱਡ ਦੀ ਇੱਕ ਇਤਿਹਾਸਕ ਅਤੇ ਮਾਰਗ ਦਰਸ਼ਕ ਪਹਿਲ ਗਰਦਾਨਿਆ। ਉਨ੍ਹਾਂ ਕਿਹਾ ਕਿ ਆਪਣੀ ਗੁਣਵੱਤਾ ਅਤੇ ਸਵਾਦ ਕਾਰਨ ਮਾਰਕਫੈੱਡ ਦੇ ਉਤਪਾਦ ਵਿਸ਼ਵ ਭਰ ਵਿੱਚ ਪ੍ਰਸਿੱਧ ਹਨ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਨੂੰ ਮਿਆਰੀ ਵਸਤਾਂ ਮੁਹੱਈਆ ਕਰਵਾਉਣ ਲਈ ਮਾਰਕਫੈੱਡ ਨੇ ਹੁਣ ਸ਼ਹਿਦ ਕੋਟੇਡ ‘ਕੌਰਨ ਫਲੇਕਸ’ ਲਾਂਚ ਕੀਤੇ ਹਨ, ਜੋ ਕਿਸਾਨਾਂ ਅਤੇ ਖਪਤਕਾਰਾਂ ਦੋਵਾਂ ਲਈ ਲਾਹੇਵੰਦ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਬ੍ਰਾਂਡ ਅਤੇ ਅਥਾਹ ਸੰਭਾਵਨਾਵਾਂ ਕਾਰਨ ਮਾਰਕਫੈੱਡ ਸੂਬੇ ਦੇ ਅਰਥਚਾਰੇ ਨੂੰ ਵੱਡਾ ਹੁਲਾਰਾ ਦੇਣ ਲਈ ਅਜਿਹੀਆਂ ਪਹਿਲਕਦਮੀਆਂ ਰਾਹੀਂ ਸਾਰੀਆਂ ਸੰਭਾਵਨਾਵਾਂ ਤਲਾਸ਼ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਜਨਤਕ ਖੇਤਰ ਦੇ ਅਦਾਰੇ ਮਾਰਕਫੈੱਡ ਨੇ ਆਪਣੀਆਂ ਮਿਆਰੀ ਖੁਰਾਕੀ ਵਸਤਾਂ ਨਾਲ ਵਿਸ਼ਵ ਮੰਡੀ ਵਿੱਚ ਅਮਿੱਟ ਛਾਪ ਛੱਡੀ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਨਵਾਂ ਲਾਂਚ ਕੀਤਾ ਗਿਆ ਗੁਣਵੱਤਾ ਭਰਪੂਰ ਉਤਪਾਦ ਵਿਸ਼ਵ ਭਰ ਵਿੱਚ ਵਸਦੇ ਪੰਜਾਬੀਆਂ ਦੀਆਂ ਮਿਆਰੀ ਖੁਰਾਕੀ ਜ਼ਰੂਰਤਾਂ ਨੂੰ ਪੂਰਾ ਕਰੇਗਾ। ਭਗਵੰਤ ਮਾਨ ਨੇ ਉਮੀਦ ਜ਼ਾਹਿਰ ਕੀਤੀ ਕਿ ਇਹ ਸਵਾਦਲਾ ਉਤਪਾਦ ਸਿਰਫ਼ ਸੂਬੇ ਵਿੱਚ ਹੀ ਨਹੀਂ, ਸਗੋਂ ਦੇਸ਼ ਭਰ ਵਿੱਚ ਅਤੇ ਇੱਥੋਂ ਤੱਕ ਕਿ ਵਿਦੇਸ਼ਾਂ ਵਿੱਚ ਵੀ ਖਪਤਕਾਰਾਂ ਦੇ ਵੱਡੇ ਹਿੱਸੇ ਨੂੰ ਪਸੰਦ ਆਏਗਾ।
ਮੁੱਖ ਮੰਤਰੀ ਨੇ ਇਸ ਪਹਿਲਕਦਮੀ ਲਈ ਮਾਰਕਫੈੱਡ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸੂਬੇ ਦੀ ਸਹਿਕਾਰੀ ਲਹਿਰ ਅਤੇ ਖੇਤੀਬਾੜੀ ਆਧਾਰਤ ਅਰਥਚਾਰੇ ਨੂੰ ਮਜ਼ਬੂਤ ਕਰਨ ਵੱਲ ਇਕ ਵੱਡੀ ਪੁਲਾਂਘ ਹੈ। ਉਨ੍ਹਾਂ ਕਿਹਾ ਕਿ ਮਾਰਕਫੈੱਡ ਦੇ ਉਤਪਾਦਾਂ ਨੇ ਪਹਿਲਾਂ ਹੀ ਦੇਸ਼ ਵਿਆਪੀ ਬਾਜ਼ਾਰ ਵਿੱਚ ਆਪਣੀ ਵਿਲੱਖਣ ਪਛਾਣ ਬਣਾਈ ਹੋਈ ਹੈ ਅਤੇ ਹੁਣ ਇਸ ਉਤਪਾਦ ਰਾਹੀਂ ਅਦਾਰਾ ਆਪਣੀ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਦੇ ਯੋਗ ਹੋਵੇਗਾ। ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਪੈਦਾ ਹੋਈਆਂ ਵਸਤਾਂ ਤੋਂ ਤਿਆਰ ਇਹ ਉਤਪਾਦ ਜਲਦੀ ਹੀ ਹੋਰ ਉਤਪਾਦਾਂ ਵਾਂਗ ਲੋਕਾਂ ਵਿੱਚ ਹਰਮਨ ਪਿਆਰਾ ਹੋਵੇਗਾ।