ਤਰਨਤਾਰਨ 03 ਜੂਨ (ਗੁਰਕੀਰਤ ਸਿੰਘ / ਸੁਰਜੀਤ ਸਿੰਘ ਭੁੱਚਰ)- ਵਹਿਮਾਂ-ਭਰਮਾਂ ਤੇ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਸੰਘਰਸ਼ਸੀਲ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਤਰਨਤਾਰਨ ਦੀ ਵਿਸ਼ੇਸ਼ ਮੀਟਿੰਗ ਨਰਿੰਦਰ ਸੇਖਚੱਕ ਦੀ ਪ੍ਰਧਾਨਗੀ ਹੇਠ ਗਾਂਧੀ ਪਾਰਕ ਤਰਨਤਾਰਨ ਵਿਖੇ ਹੋਈ, ਜਿਸ ਵਿੱਚ ਜੋਨ ਮੁੱਖੀ ਰਜਵੰਤ ਬਾਗੜੀਆਂ, ਮਾਸਟਰ ਤਸਵੀਰ ਸਿੰਘ, ਗੁਰਪ੍ਰੀਤ ਗੰਡੀਵਿੰਡ,ਮਾਸਟਰ ਤਰਸੇਮ ਸਿੰਘ ਲਾਲੂਘੁੰਮਣ,ਹਰਨੰਦ ਸਿੰਘ ਬੱਲਿਆਂਵਾਲਾ,ਜਸਵੰਤ ਸਿੰਘ ਪੱਧਰੀ, ਕੁਲਵਿੰਦਰ ਸਿੰਘ ਬਾਗੜੀਆਂ, ਡਾਕਟਰ ਸੁਖਦੇਵ ਸਿੰਘ ਲਹੁਕਾ,ਮਾਸਟਰ ਕੁਲਵੰਤ ਸਿੰਘ, ਲੈਕਚਰਾਰ ਨਛੱਤਰ ਸਿੰਘ ਆਦਿ ਨੇ ਭਾਗ ਲਿਆ।
ਇਸ ਮੋਕੇ ਜੋਨ ਮੁੱਖੀ ਰਜਵੰਤ ਬਾਗੜੀਆਂ ਅਤੇ ਇਕਾਈ ਦੇ ਮੁਖੀ ਨਰਿੰਦਰ ਸੇਖਚੱਕ ਨੇ ਆਮ ਜਨਤਾ ਨੂੰ ਧੋਖਾਧੜੀ ਵਾਲੀਆਂ ਕਾਲਾਂ,ਸੋਸ਼ਲ ਮੀਡੀਆ ਪੋਸਟਾਂ, ਨਕਲੀ ਰਿਸ਼ਤੇਦਾਰ ਬਣਕੇ ਖਾਤੇ ਵਿੱਚ ਪੈਸੇ ਪਾਉਣ ਦੇ ਨਾਂ ਹੇਠ ਠੱਗੀ ਮਾਰਨ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਬਿਨਾਂ ਸੋਚੇ ਸਮਝੇ ਆਪਣੇ ਬੈਂਕ ਖਾਤਿਆਂ ਬਾਰੇ ਕਿਸੇ ਨੂੰ ਵੀ ਜਾਣਕਾਰੀ ਨਹੀਂ ਦੇਣੀ ਚਾਹੀਦੀ ,ਨਾ ਹੀ ਓ ਟੀ ਪੀ ਅਤੇ ਏ ਟੀ ਐਮ ਬਾਰੇ ਜਾਣਕਾਰੀ ਦਿੱਤੀ ਜਾਵੇ।
ਉਨ੍ਹਾਂ ਕਿਹਾ ਕਿ ਸ਼ਾਤਿਰ ਕਿਸਮ ਦੇ ਲੋਕਾਂ ਵਲੋਂ ਠੱਗੀ ਦੇ ਨਿੱਤ ਨਵੇਂ ਢੰਗ ਵਰਤੇ ਜਾਂਦੇ ਹਨ, ਜੇਕਰ ਅਸੀਂ ਹਰ ਗੱਲ ਨੂੰ ਤਰਕ ਦੀ ਕਸੌਟੀ ਤੇ ਪਰਖਣ ਤੋਂ ਬਾਅਦ ਮੰਨਦੇ ਹਾਂ ਤਾਂ ਫਿਰ ਅਸੀਂ ਕਿਸੇ ਵੀ ਤਰ੍ਹਾਂ ਦੀ ਠੱਗੀ ਤੋਂ ਬਚ ਸਕਦੇ ਹਾਂ।।
ਮੀਟਿੰਗ ਦੌਰਾਨ ਪਿਛਲੇ ਦੋ ਮਹੀਨਿਆਂ ਦੀਆਂ ਸਰਗਰਮੀਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਭਵਿੱਖ ਦੇ ਟੀਚਿਆਂ ਸੰਬੰਧੀ ਚਰਚਾ ਕੀਤੀ ਗਈ, ਸਟੇਟ ਹੈਡਕੁਆਰਟਰ ਬਰਨਾਲਾ ਵਿਖੇ ਪੰਜ ਜੂਨ ਨੂੰ ਕਰਵਾਏ ਜਾ ਰਹੇ ਸਲਾਨਾ ਇਜਲਾਸ ਵਿਚ ਜਾਣ ਦਾ ਪ੍ਰੋਗਰਾਮ ਤਹਿ ਕੀਤਾ ।