- ਅਹੁਦੇਦਾਰਾਂ ਦੀ ਚੋਣ ਕਰਵਾ ਕੇ ਕਵਿਤਾ ਸ਼ਰਮਾਂ ਨੂੰ ਬਣਾਇਆ ਗਿਆ ਬਲਾਕ ਪ੍ਰਧਾਨ -
ਨਵਾਂਸ਼ਹਿਰ ਵਿਖੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਅਤੇ ਨਵੇਂ ਚੁਣੇ ਗਏ ਅਹੁਦੇਦਾਰ ਹਰਗੋਬਿੰਦ ਕੌਰ ਨਾਲ । |
ਨਵਾਂਸ਼ਹਿਰ/ਸ੍ਰੀ ਮੁਕਤਸਰ ਸਾਹਿਬ , 1 ਜੂਨ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਨਵਾਂਸ਼ਹਿਰ ਦੀ ਮੀਟਿੰਗ ਜ਼ਿਲਾ ਪ੍ਰਧਾਨ ਪੂਨਾ ਰਾਣੀ ਜੀਤਪੁਰ ਦੀ ਪ੍ਰਧਾਨਗੀ ਹੇਠ ਹੋਈ । ਜਿਸ ਕਰਕੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ । ਇਸ ਮੌਕੇ ਬਲਾਕ ਨਵਾਂਸ਼ਹਿਰ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕਰਵਾਈ ਗਈ ਤੇ 25 ਅਹੁਦੇਦਾਰ ਚੁਣੇ ਗਏ । ਜਿਸ ਦੌਰਾਨ ਕਵਿਤਾ ਸ਼ਰਮਾਂ ਨੂੰ ਬਲਾਕ ਦਾ ਪ੍ਰਧਾਨ ਬਣਾਇਆ ਗਿਆ । ਜਦੋਂ ਕਿ ਸੀਤਾ ਸਲੇਮਪੁਰੀ ਨੂੰ ਸੀਨੀਅਰ ਮੀਤ ਪ੍ਰਧਾਨ , ਹਰਜੀਤ ਕੌਰ ਸਲੋਹ ਅਤੇ ਤਲਵੰਤ ਕੌਰ ਨੂੰ ਸੀਨੀਅਰ ਮੀਤ ਪ੍ਰਧਾਨ , ਅਮਨਦੀਪ ਸ਼ਰਮਾਂ ਨੂੰ ਜਨਰਲ ਸਕੱਤਰ , ਕਮਲਦੀਪ ਕੌਰ ਤੇ ਕਮਲੇਸ਼ ਰਾਣੀ ਨੂੰ ਸਹਾਇਕ ਸਕੱਤਰ , ਮੀਨਾਕਸ਼ੀ ਨੂੰ ਜਥੇਬੰਦਕ ਸਕੱਤਰ , ਜਸਵਿੰਦਰ ਕੌਰ ਨੂੰ ਪ੍ਰੈਸ ਸਕੱਤਰ ਤੇ ਦਵਿੰਦਰ ਕੌਰ ਨੂੰ ਪ੍ਰਚਾਰ ਸਕੱਤਰ ਬਣਾਇਆ ਗਿਆ । ਇਸ ਤੋਂ ਇਲਾਵਾ 14 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ।
ਮੀਟਿੰਗ ਦੌਰਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਨਵਾਂਸ਼ਹਿਰ ਵਿਖੇ ਚੱਲ ਰਹੇ ਆਂਗਣਵਾੜੀ ਸੈਂਟਰਾਂ ਦਾ ਕਿਰਾਇਆ ਪਿਛਲੇਂ ਚਾਰ ਸਾਲਾਂ ਤੋਂ ਨਹੀਂ ਦਿੱਤਾ ਗਿਆ । ਜਿਸ ਕਰਕੇ ਇਹ ਕਿਰਾਇਆ ਦਿੱਤਾ ਜਾਵੇ । ਆਂਗਣਵਾੜੀ ਵਰਕਰਾਂ ਕੋਲੋਂ ਆਨਲਾਈਨ ਕੰਮ ਨਾ ਕਰਵਾਇਆ ਜਾਵੇ । ਸ਼ਹਿਰ ਵਿਚ ਜੋ ਆਂਗਣਵਾੜੀ ਕੇਂਦਰ ਹਨ ਉਹਨਾਂ ਦਾ ਕੰਮ ਇਕ ਹਜ਼ਾਰ ਦੀ ਅਬਾਦੀ ਦੇ ਹਿਸਾਬ ਨਾਲ ਕਰਵਾਇਆ ਜਾਵੇ ਅਤੇ ਨਵੇਂ ਆਂਗਣਵਾੜੀ ਸੈਂਟਰ ਖੋਲ੍ਹੇ ਜਾਣ ।
ਇਸੇ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਪੰਜਾਬ ਸਰਕਾਰ ਆਂਗਣਵਾੜੀ ਸੈਂਟਰਾਂ ਵਿਚੋਂ 2017 ਦੇ ਖੋਹੇ ਹੋਏ ਬੱਚੇ ਵਾਪਸ ਕਰਵਾਏ । ਸੂਬੇ ਅੰਦਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਨੂੰ ਭਰਿਆ ਜਾਵੇ ਅਤੇ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਉਹਨਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ 1 ਜੂਨ ਨੂੰ ਯੂਨੀਅਨ ਦੇ ਵਫ਼ਦ ਦੀ ਚੰਡੀਗੜ੍ਹ ਵਿਖੇ ਵਿਭਾਗ ਦੇ ਡਾਇਰੈਕਟਰ ਨਾਲ ਮੀਟਿੰਗ ਹੋ ਰਹੀ ਹੈ ।