ਮਾਲਵਾ ਸਮੂਹ ਵਿਧਾਇਕਾਂ ਨੂੰ ਇਸ ਮੁੱਦੇ ’ਤੇ ਇਕਮਤ ਹੋਣ ਦੀ ਅਪੀਲ
ਸ੍ਰੀ ਮੁਕਤਸਰ ਸਾਹਿਬ, 28 ਜੂਨ -ਐਮਐਲਏ ਬਣਨ ਦੇ ਬਾਅਦ ਪਹਿਲੀ ਵਾਰ ਵਿਧਾਨ ਸਭਾ ’ਚ ਮਿਲੇ ਸਮੇਂ ਦੀ ਸਹੀ ਵਰਤੋਂ ਕਰਦਿਆਂ ਜਗਦੀਪ ਸਿੰਘ ‘ਕਾਕਾ ਬਰਾੜ’ ਨੇ ਆਪਣੇ ਇਲਾਕੇ ਦੇ ਪਾਣੀ ਦੇ ਮੁੱਦੇ ਨੂੰ ਬਾਖੂਬੀ ਉਠਾਇਆ ਅਤੇ ਇਸ ਪਾਸੇ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣ ਦੀ ਮੰਗ ਕਰਦਿਆਂ ਹੋਇਆ ਮਾਲਵਾ ਬਿਲਟ ਦੇ ਸਮੁੱਚੇ ਵਿਧਾਇਕਾਂ ਨੂੰ ਪਾਰਟੀ ਬਾਜੀ ਤੋਂ ਉਪਰ ਉੱਠ ਕੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਇਕਮਤ ਹੋਣ ਦੀ ਅਪੀਲ ਕੀਤੀ। ਵਿਧਾਨ ਸਭਾ ’ਚ ਪਹਿਲੀ ਵਾਰ ਸਦਨ ’ਚ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜਿਨ੍ਹੇ ਵੀ ਮੈਂਬਰ ਖਾਸਕਰ ਮਾਲਵਾ ਇਲਾਕੇ ਦੇ ਹਨ, ਉਨ੍ਹਾਂ ਲਈ ਸਭ ਤੋਂ ਵੱਡਾ ਮੁੱਦਾ ਪਾਣੀ ਦਾ ਹੈ। ਉਨ੍ਹਾਂ ਦੱਸਿਆ ਕਿ ਨਹਿਰਾਂ ’ਚੋਂ ਹੋ ਕੇ ਕਾਲਾ ਪਾਣੀ ਮਾਲਵਾ ਖੇਤਰ ’ਚ ਵਾਟਰ ਵਰਕਸਾਂ ’ਚ ਜਾਂਦਾ ਹੈ ਅਤੇ ਇਹੀ ਪਾਣੀ ਲੋਕਾਂ ਦੇ ਪੀਣ ਲਈ ਪ੍ਰਯੋਗ ਹੁੰਦਾ ਹੈ। ਇਸ ਕਾਲੇ ਪਾਣੀ ਦੇ ਕਾਰਨ ਵੱਖ ਵੱਖ ਪ੍ਰਕਾਰ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ, ਜਿਸਦੇ ਚਲਦਿਆਂ ਸਮੁੱਚੇ ਮਾਲਵਾ ਇਲਾਕੇ ’ਚ ਆਉਣ ਵਾਲੇ ਵਿਧਾਨ ਸਭਾ ਹਲਕਿਆਂ ਦੇ ਵਿਧਾਇਕਾਂ ਨੂੰ ਚਾਹੇ ਉਹ ਸਰਕਾਰ ’ਚ ਹੈ ਜਾਂ ਵਿਰੋਧੀ ਧਿਰ ’ਚ ਸਭ ਨੂੰ ਹੱਲ ਕੱਢਣ ਲਈ ਇਕਮਤ ਹੋਣਾ ਚਾਹੀਦਾ ਹੈ। ਉਨ੍ਹਾਂ ਮੁੱਖ ਮੰਤਰੀ ਵੱਲੋਂ ਬੁੱਢੇ ਨਾਲੇ ਦੇ ਲਈ ਰੱਖੀ ਪ੍ਰਵੀਜ਼ਨ ਦੇ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਖੇਤਰ ਸ੍ਰੀ ਮੁਕਤਸਰ ਸਾਹਿਬ ’ਚ ਜ਼ਮੀਨੀ ਪਾਣੀ ਪੀਣ ਯੋਗ ਨਾ ਹੋਣ ਦੇ ਚਲਦਿਆਂ ਜਦ ਲੋਕਾਂ ਨੇ ਉਨ੍ਹਾਂ ਨੂੰ ਵਿਧਾਨ ਸਭਾ ਤੱਕ ਪਹੁੰਚਾਇਆ ਹੈ ਤਾਂ ਉਨ੍ਹਾਂ ਦੇ ਇਸ ਗੰਭੀਰ ਮੁੱਦੇ ਨੂੰ ਪਹਿਲ ਦੇ ਅਧਾਰ ’ਤੇ ਚੁੱਕਦਿਆਂ ਇਸਦਾ ਹੱਲ ਕਰਵਾਉਣ ਮੇਰੀ ਮੁੱਢਲੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਮੁਕਤਸਰ ਖੇਤਰ ਦੀ ਤਰਾਸਦੀ ਹੈ ਕਿ ਇੱਥੇ ਬੀਤੇ ਕਈ ਸਾਲਾਂ ਤੋਂ ਸੀਵਰ ਮਿਕਸ ਪਾਣੀ ਆ ਰਿਹਾ ਹੈ ਪਰ ਪਿਛਲੀ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ, ਜੇਕਰ ਦਿੱਤਾ ਹੁੰਦਾ ਤਾਂ ਹਾਲਾਤ ਇਸ ਕਦਰ ਨਾ ਹੁੰਦੇ। ਉਨ੍ਹਾਂ ਸਰਕਾਰ ਤੋਂ ਪਹਿਲ ਦੇ ਅਧਾਰ ’ਤੇ ਇਸ ਪਾਸੇ ਧਿਆਨ ਦੇ ਕੇ ਸਮੱਸਿਆ ਦਾ ਹੱਲ ਕਰਵਾਉਣ ਦੀ ਅਵਾਜ਼ ਚੁੱਕੀ।