ਤਰਨਤਾਰਨ/ਸ੍ਰੀ ਮੁਕਤਸਰ ਸਾਹਿਬ , 26 ਮਈ(ਸੁਖਪਾਲ ਸਿੰਘ ਢਿੱਲੋਂ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਤਰਨਤਾਰਨ ਦੀ ਮੀਟਿੰਗ ਜ਼ਿਲਾ ਪ੍ਰਧਾਨ ਜਸਵਿੰਦਰ ਕੌਰ ਦੀ ਪ੍ਰਧਾਨਗੀ ਹੇਠ ਹੋਈ । ਜਿਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ । ਮੀਟਿੰਗ ਦੌਰਾਨ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਸਲੇ ਵਿਚਾਰੇ ਗਏ । ਇਸ ਮੌਕੇ ਵਰਕਰਾਂ ਤੇ ਹੈਲਪਰਾਂ ਨੂੰ ਸਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਮੰਨੇ । ਉਹਨਾਂ ਕਿਹਾ ਕਿ 25 ਨਵੰਬਰ 2021 ਨੂੰ ਹੋਈ ਮੀਟਿੰਗ ਜਿਸ ਦੀ ਕਾਰਵਾਈ 3 ਜਨਵਰੀ 2022 ਨੂੰ ਜਾਰੀ ਕੀਤੀ ਗਈ , ਉਸ ਮੀਟਿੰਗ ਵਿੱਚ ਕੀਤੇ ਗਏ ਫੈਸਲੇ ਅੱਜ ਤੱਕ ਲਾਗੂ ਨਹੀਂ ਕੀਤੇ ਗਏ । ਉਹਨਾਂ ਫੈਸਲਿਆਂ ਨੂੰ ਤੁਰੰਤ ਲਾਗੂ ਕੀਤਾ ਜਾਵੇ । ਜਿਵੇਂ ਕਿ ਹੈਲਪਰ ਨੂੰ ਪ੍ਰਮੋਸ਼ਨ ਸਮੇਂ ਉਮਰ ਹੱਦ ਵਿੱਚ ਛੋਟ ਦੇਣਾ , ਵਰਕਰ ਤੇ ਹੈਲਪਰ ਦੀ ਮੌਤ ਹੋਣ ਤੇ ਉਸ ਦੇ ਆਸ਼ਰਿਤ ਨੂੰ ਨੌਕਰੀ ਦੇਣ ਦਾ ਸਰਟੀਫਿਕੇਟ ਸੀ ਡੀ ਪੀ ੳ ਵੱਲੋਂ ਜਾਰੀ ਕਰਨਾ , ਵਰਕਰ ਤੇ ਹੈਲਪਰ ਨੂੰ ਜਰਨਲ ਬਦਲੀ ਕਰਵਾਉਣ ਲਈ ਖੁੱਲ ਦੇਣਾ , ਮਿੰਨੀ ਆਂਗਣਵਾੜੀ ਵਰਕਰ ਨੂੰ ਖਾਲੀ ਪਏ ਪੂਰੇ ਆਂਗਣਵਾੜੀ ਸੈਂਟਰ ਵਿੱਚ ਜੋਂ ਉਸ ਦੇ ਏਰੀਏ ਵਿੱਚ ਹੋਵੇ (ਜੇਕਰ ਹੈਲਪਰ ਪ੍ਰਮੋਸ਼ਨ ਲਈ ਮੌਜੂਦ ਨਾ ਹੋਵੇ) ਬਦਲੀ ਐਡਜੈਸਟਮਿੰਟ ਦਾ ਹੱਕ ਦੇਣਾ , ਆਂਗਣਵਾੜੀ ਸੈਂਟਰਾਂ ਵਿੱਚ ਦਿੱਤਾ ਜਾ ਰਿਹਾ ਰਾਸ਼ਨ ਵੜੀਆਂ , ਮੂੰਗੀ , ਵੇਸਣ , ਸੋਇਆ ਆਟਾ ਆਦਿ ਬੰਦ ਕਰਨਾ ਤੇ ਪਹਿਲਾਂ ਦੀ ਤਰ੍ਹਾਂ ਕਣਕ , ਚਾਵਲ , ਖੰਡ , ਘਿਉ , ਸੁੱਕਾ ਦੁੱਧ , ਪੰਜੀਰੀ ਆਦਿ ਦੇਣਾ ਅਤੇ ਤਿੰਨ ਜ਼ਿਲ੍ਹਿਆਂ ਵਿੱਚ ਐਨ ਜੀ ਓ ਰਾਹੀਂ ਦਿੱਤਾ ਜਾ ਰਿਹਾ ਰਾਸ਼ਨ ਬੰਦ ਕਰਕੇ ਵਿਭਾਗ ਰਾਹੀਂ ਦੇਣਾ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਦੇ ਸੈਂਟਰ ਅਤੇ ਸਟੇਟ ਦੇ ਦੋਵੇਂ ਬਿੱਲ ਇੱਕੋ ਵਾਰੀ ਪਾਸ ਕਰਵਾਏ ਜਾਣ । ਆਂਗਣਵਾੜੀ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ। ਸਮਾਰਟ ਫ਼ੋਨ ਅਤੇ ਰੀਚਾਰਜ਼ ਭੱਤਾ ਦੇ ਕੇ ਹੀ ਆਨਲਾਈਨ ਫੋਟੋਆਂ ਜਾਂ ਹੋਰ ਫ਼ੋਨ ਨਾਲ ਸਬੰਧਿਤ ਕੰਮ ਕਰਵਾਏ ਜਾਣ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਦੀ ਭਰਤੀ ਤੁਰੰਤ ਕੀਤੀ ਜਾਵੇ । ਕਿਉਂਕਿ ਸੈਂਟਰਾਂ ਦਾ ਕੰਮ ਚਲਾਉਣ ਵਿੱਚ ਬਹੁਤ ਮੁਸ਼ਕਲਾਂ ਆ ਰਹੀਆਂ ਹਨ । ਕਰੈੱਚ ਵਰਕਰਾਂ ਤੇ ਹੈਲਪਰਾਂ ਦੀਆਂ ਪਿਛਲੇਂ ਤਿੰਨ ਸਾਲਾਂ ਦੀਆਂ ਤਨਖਾਹਾਂ ਤਰੁੰਤ ਰਲੀਜ਼ ਕੀਤੀਆਂ ਜਾਣ । ਆਂਗਣਵਾੜੀ ਸੈਂਟਰਾਂ ਦਾ ਕਿਰਾਇਆ ਹਰ ਮਹੀਨੇ ਸਮੇਂ ਸਿਰ ਅਤੇ ਪੂਰਾ ਦਿੱਤਾ ਜਾਵੇ ਅਤੇ ਇਹ ਕਿਰਾਇਆ ਆਂਗਣਵਾੜੀ ਵਰਕਰਾਂ ਦੇ ਖਾਤੇ ਵਿੱਚ ਪਾਇਆ ਜਾਵੇ । ਕਿਉਂਕਿ ਮਕਾਨ ਮਾਲਕ ਇਹ ਕਿਰਾਇਆ ਆਂਗਣਵਾੜੀ ਵਰਕਰਾਂ ਕੋਲੋਂ ਹਰ ਮਹੀਨੇ ਲੈ ਲੈਂਦੇ ਹਨ । ਜਦੋਂ ਵਿਭਾਗ ਮਕਾਨ ਮਾਲਕ ਦੇ ਖਾਤੇ ਵਿੱਚ ਰਕਮ ਪਾ ਦਿੰਦਾ ਹੈ ਤਾਂ ਉਹ ਵਰਕਰਾਂ ਨੂੰ ਇਹ ਰਕਮ ਦੇਣ ਤੋਂ ਆਨਾ ਕਾਨੀ ਕਰਦੇ ਹਨ ਅਤੇ ਇਹ ਲੜਾਈ ਝਗੜੇ ਦਾ ਕਾਰਨ ਬਣਦਾ ਹੈ ਤੇ ਅਕਸਰ ਹੀ ਮਕਾਨ ਮਾਲਕ ਆਪਣੀ ਥਾਂ ਖਾਲੀ ਕਰਵਾ ਲੈਂਦੇ ਹਨ । ਇਸ ਸਮੇਂ ਜਤਿੰਦਰ ਕੌਰ ਚੋਹਲਾ ਸਾਹਿਬ , ਰਜਵੰਤ ਕੌਰ ਝਬਾਲ , ਨਰਿੰਦਰ ਕੌਰ ਭਿੱਖੀਵਿੰਡ , ਸੁਖਵਿੰਦਰ ਕੌਰ ਵਲਟੋਹਾ , ਰਾਜਵੀਰ ਕੌਰ ਨੌਸ਼ਿਹਰਾ, ਗੁਰਪ੍ਰੀਤ ਕੌਰ ਗੋਹਲਵੜ , ਗੁਰਮੀਤ ਕੌਰ , ਪਰਮਿੰਦਰ ਕੌਰ , ਰਣਜੀਤ ਕੌਰ ਤਰਨਤਾਰਨ , ਕੰਵਲਜੀਤ ਕੌਰ ਢੋਟੀਆਂ , ਗੁਰਪ੍ਰੀਤ ਕੌਰ ਮੌਰੀ , ਬੇਅੰਤ ਕੌਰ ਪੱਟੀ , ਲਖਵੀਰ ਕੌਰ , ਪੂਨਮ , ਮਨਜੀਤ ਕੌਰ , ਹਰਜੀਤ ਕੌਰ , ਲਖਵਿੰਦਰ ਕੌਰ ਤੇ ਦਵਿੰਦਰ ਕੌਰ ਆਦਿ ਆਗੂ ਹਾਜ਼ਰ ਸਨ ।
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਤਰਨਤਾਰਨ ਦੀ ਮੀਟਿੰਗ ਹੋਈ , ਵਿਚਾਰੇ ਗਏ ਵਰਕਰਾਂ ਤੇ ਹੈਲਪਰਾਂ ਦੇ ਮਸਲੇ
May 26, 2022
0