ਬਲਵੀਰ ਕੌਰ ਮਾਨਸਾ ਨੂੰ ਪੰਜਵੀਂ ਵਾਰ ਬਣਾਇਆ ਗਿਆ ਜ਼ਿਲਾ ਪ੍ਰਧਾਨ
ਮਾਨਸਾ/ਸ੍ਰੀ ਮੁਕਤਸਰ ਸਾਹਿਬ , 28 ਮਈ (ਸੁਖਪਾਲ ਸਿੰਘ ਢਿੱਲੋਂ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਮਾਨਸਾ ਦੀ ਮੀਟਿੰਗ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਹੋਈ । ਜਿਸ ਦੌਰਾਨ ਜ਼ਿਲਾ ਮਾਨਸਾ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਕਰਵਾਈ ਗਈ ਤੇ ਬਲਵੀਰ ਕੌਰ ਮਾਨਸਾ ਨੂੰ ਪੰਜਵੀਂ ਵਾਰ ਜ਼ਿਲਾ ਪ੍ਰਧਾਨ ਬਣਾਇਆ ਗਿਆ । ਜਦੋਂ ਕਿ ਗੁਰਮੇਲ ਕੌਰ ਰਾਏਪੁਰ ਨੂੰ ਸੀਨੀਅਰ ਮੀਤ ਪ੍ਰਧਾਨ , ਬਲਵਿੰਦਰ ਕੌਰ ਖਿਆਲਾ ਤੇ ਕਮਲਜੀਤ ਕੌਰ ਸਰਦੂਲਗੜ੍ਹ ਨੂੰ ਮੀਤ ਪ੍ਰਧਾਨ , ਜਸਵੰਤ ਕੌਰ ਫਰਵਾਹੀ ਨੂੰ ਜਨਰਲ ਸਕੱਤਰ , ਵੀਰਪਾਲ ਕੌਰ ਉੜਤ ਅਤੇ ਜਸਵੀਰ ਕੌਰ ਰੱਲਾ ਨੂੰ ਸਹਾਇਕ ਸਕੱਤਰ , ਮਲਕੀਤ ਕੌਰ ਬੁਰਜ ਨੂੰ ਕੈਸ਼ੀਅਰ , ਸਿਮਰਜੀਤ ਕੌਰ ਬੁਢਲਾਡਾ ਨੂੰ ਪ੍ਰੈੱਸ ਸਕੱਤਰ ਅਤੇ ਰਾਣੀ ਕੌਰ ਮਾਨਸਾ ਨੂੰ ਜਥੇਬੰਦਕ ਸਕੱਤਰ ਬਣਾਇਆ ਗਿਆ । ਇਸ ਤੋਂ ਇਲਾਵਾ 14 ਮੈਂਬਰੀ ਕਮੇਟੀ ਬਣਾਈ ਗਈ ।
ਇਸ ਮੌਕੇ ਵਰਕਰਾਂ ਤੇ ਹੈਲਪਰਾਂ ਨੂੰ ਸਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਉਹਨਾਂ ਦੀਆਂ ਮੰਗਾਂ ਮੰਨੇ । ਉਹਨਾਂ ਕਿਹਾ ਕਿ 25 ਨਵੰਬਰ 2021 ਨੂੰ ਹੋਈ ਮੀਟਿੰਗ ਜਿਸ ਦੀ ਕਾਰਵਾਈ 3 ਜਨਵਰੀ 2022 ਨੂੰ ਜਾਰੀ ਕੀਤੀ ਗਈ , ਉਸ ਮੀਟਿੰਗ ਵਿੱਚ ਕੀਤੇ ਗਏ ਫੈਸਲੇ ਅੱਜ ਤੱਕ ਲਾਗੂ ਨਹੀਂ ਕੀਤੇ ਗਏ । ਉਹਨਾਂ ਫੈਸਲਿਆਂ ਨੂੰ ਤੁਰੰਤ ਲਾਗੂ ਕੀਤਾ ਜਾਵੇ । ਜਿਵੇਂ ਕਿ ਹੈਲਪਰ ਨੂੰ ਪ੍ਰਮੋਸ਼ਨ ਸਮੇਂ ਉਮਰ ਹੱਦ ਵਿੱਚ ਛੋਟ ਦੇਣਾ , ਵਰਕਰ ਤੇ ਹੈਲਪਰ ਨੂੰ ਜਰਨਲ ਬਦਲੀ ਕਰਵਾਉਣ ਲਈ ਖੁੱਲ ਦੇਣਾ , ਮਿੰਨੀ ਆਂਗਣਵਾੜੀ ਵਰਕਰ ਨੂੰ ਖਾਲੀ ਪਏ ਪੂਰੇ ਆਂਗਣਵਾੜੀ ਸੈਂਟਰ ਵਿੱਚ ਜੋਂ ਉਸ ਦੇ ਏਰੀਏ ਵਿੱਚ ਹੋਵੇ (ਜੇਕਰ ਹੈਲਪਰ ਪ੍ਰਮੋਸ਼ਨ ਲਈ ਮੌਜੂਦ ਨਾ ਹੋਵੇ) ਬਦਲੀ ਐਡਜੈਸਟਮਿੰਟ ਦਾ ਹੱਕ ਦੇਣਾ , ਆਂਗਣਵਾੜੀ ਸੈਂਟਰਾਂ ਵਿੱਚ ਦਿੱਤਾ ਜਾ ਰਿਹਾ ਰਾਸ਼ਨ ਵੜੀਆਂ , ਮੂੰਗੀ , ਵੇਸਣ , ਸੋਇਆ ਆਟਾ ਆਦਿ ਬੰਦ ਕਰਨਾ ਤੇ ਪਹਿਲਾਂ ਦੀ ਤਰ੍ਹਾਂ ਕਣਕ , ਚਾਵਲ , ਖੰਡ , ਘਿਉ , ਸੁੱਕਾ ਦੁੱਧ , ਪੰਜੀਰੀ ਆਦਿ ਦੇਣਾ ਅਤੇ ਤਿੰਨ ਜ਼ਿਲ੍ਹਿਆਂ ਵਿੱਚ ਐਨ ਜੀ ਓ ਰਾਹੀਂ ਦਿੱਤਾ ਜਾ ਰਿਹਾ ਰਾਸ਼ਨ ਬੰਦ ਕਰਕੇ ਵਿਭਾਗ ਰਾਹੀਂ ਦੇਣਾ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਮਾਣ ਭੱਤੇ ਦੇ ਸੈਂਟਰ ਅਤੇ ਸਟੇਟ ਦੇ ਦੋਵੇਂ ਬਿੱਲ ਇੱਕੋ ਵਾਰੀ ਪਾਸ ਕਰਵਾਏ ਜਾਣ ।
ਆਂਗਣਵਾੜੀ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਅਤੇ ਆਂਗਣਵਾੜੀ ਸੈਂਟਰਾਂ ਦੇ ਖੋਹੇ ਗਏ ਬੱਚੇ ਵਾਪਸ ਸੈਂਟਰਾਂ ਵਿਚ ਭੇਜੇ ਜਾਣ । ਸਮਾਰਟ ਫ਼ੋਨ ਅਤੇ ਰੀਚਾਰਜ਼ ਭੱਤਾ ਦੇ ਕੇ ਹੀ ਆਨਲਾਈਨ ਫੋਟੋਆਂ ਜਾਂ ਹੋਰ ਫ਼ੋਨ ਨਾਲ ਸਬੰਧਿਤ ਕੰਮ ਕਰਵਾਏ ਜਾਣ ।
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਦੀ ਭਰਤੀ ਤੁਰੰਤ ਕੀਤੀ ਜਾਵੇ । ਕਿਉਂਕਿ ਸੈਂਟਰਾਂ ਦਾ ਕੰਮ ਚਲਾਉਣ ਵਿੱਚ ਬਹੁਤ ਮੁਸ਼ਕਲਾਂ ਆ ਰਹੀਆਂ ਹਨ । ਕਰੈੱਚ ਵਰਕਰਾਂ ਤੇ ਹੈਲਪਰਾਂ ਦੀਆਂ ਪਿਛਲੇਂ ਤਿੰਨ ਸਾਲਾਂ ਦੀਆਂ ਤਨਖਾਹਾਂ ਤਰੁੰਤ ਰਲੀਜ਼ ਕੀਤੀਆਂ ਜਾਣ ।
ਆਂਗਣਵਾੜੀ ਸੈਂਟਰਾਂ ਦਾ ਕਿਰਾਇਆ ਹਰ ਮਹੀਨੇ ਸਮੇਂ ਸਿਰ ਅਤੇ ਪੂਰਾ ਦਿੱਤਾ ਜਾਵੇ ਅਤੇ ਇਹ ਕਿਰਾਇਆ ਆਂਗਣਵਾੜੀ ਵਰਕਰਾਂ ਦੇ ਖਾਤੇ ਵਿੱਚ ਪਾਇਆ ਜਾਵੇ । ਕਿਉਂਕਿ ਮਕਾਨ ਮਾਲਕ ਇਹ ਕਿਰਾਇਆ ਆਂਗਣਵਾੜੀ ਵਰਕਰਾਂ ਕੋਲੋਂ ਹਰ ਮਹੀਨੇ ਲੈ ਲੈਂਦੇ ਹਨ । ਜਦੋਂ ਵਿਭਾਗ ਮਕਾਨ ਮਾਲਕ ਦੇ ਖਾਤੇ ਵਿੱਚ ਰਕਮ ਪਾ ਦਿੰਦਾ ਹੈ ਤਾਂ ਉਹ ਵਰਕਰਾਂ ਨੂੰ ਇਹ ਰਕਮ ਦੇਣ ਤੋਂ ਆਨਾ ਕਾਨੀ ਕਰਦੇ ਹਨ ਅਤੇ ਇਹ ਲੜਾਈ ਝਗੜੇ ਦਾ ਕਾਰਨ ਬਣਦਾ ਹੈ ਤੇ ਅਕਸਰ ਹੀ ਮਕਾਨ ਮਾਲਕ ਆਪਣੀ ਥਾਂ ਖਾਲੀ ਕਰਵਾ ਲੈਂਦੇ ਹਨ ।