ਸ੍ਰੀ ਮੁਕਤਸਰ ਸਾਹਿਬ , 7 ਮਈ (ਸੁਖਪਾਲ ਸਿੰਘ ਢਿੱਲੋਂ)- :ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਅੱਜ ਪਿੰਡ ਲੱਖੇਵਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਵਿਖੇ ਕਬਾੜ ਨਾਲ ਭਰੇ ਪਏ ਇੱਕੋ ਕਮਰੇ ਵਿੱਚ ਚੱਲ ਰਹੇ ਤਿੰਨ ਆਂਗਣਵਾੜੀ ਸੈਂਟਰਾਂ ਦਾ ਨਰੀਖਣ ਕੀਤਾ । ਇਸ ਮੌਕੇ ਆਂਗਣਵਾੜੀ ਵਰਕਰਾਂ ਬਲਜੀਤ ਕੌਰ , ਹਰਪ੍ਰੀਤ ਕੌਰ ਤੇ ਸੁਖਵਿੰਦਰ ਕੌਰ ਨੇ ਮੰਤਰੀ ਨੂੰ ਦੱਸਿਆ ਕਿ ਉਹ ਬਹੁਤ ਤੰਗ ਹੋ ਰਹੀਆਂ ਹਨ ਤੇ ਉਹਨਾਂ ਨੂੰ ਇਥੇ ਕੋਈ ਸਹੂਲਤ ਨਹੀਂ ਮਿਲ ਰਹੀ । ਇਥੋਂ ਤੱਕ ਕਿ ਪੀਣ ਵਾਲਾ ਪਾਣੀ ਵੀ ਨਹੀਂ ਮਿਲ ਰਿਹਾ । ਉਹਨਾਂ ਲਈ ਆਧੁਨਿਕ ਸਹੂਲਤਾਂ ਵਾਲੇ ਆਂਗਣਵਾੜੀ ਸੈਂਟਰ ਬਣਾ ਕੇ ਦਿੱਤੇ ਜਾਣ । ਮੰਤਰੀ ਨੇ ਕਮਰੇ ਦੀ ਹਾਲਤ ਵੇਖਣ ਤੋਂ ਬਾਅਦ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਮਸਲੇ ਦਾ ਜਲਦੀ ਹੱਲ ਕਰਨਗੇ । ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਤੇ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨ ਛਿੰਦਰਪਾਲ ਕੌਰ ਥਾਂਦੇਵਾਲਾ ਵੀ ਇਸ ਮੌਕੇ ਮੌਜੂਦ ਸਨ । ਉਹਨਾਂ ਨੇ ਮੰਤਰੀ ਦੇ ਧਿਆਨ ਵਿੱਚ ਇਹ ਮਾਮਲਾ ਲਿਆਉਂਦਿਆਂ ਕਿਹਾ ਕਿ ਕੁੱਝ ਹੋਰ ਥਾਵਾਂ ਤੇ ਵੀ ਅਜਿਹੇ ਮਸਲੇ ਹਨ ਤੇ ਇਹਨਾਂ ਨੂੰ ਹੱਲ ਕੀਤਾ ਜਾਵੇ ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਬਾੜ ਨਾਲ ਭਰੇ ਇੱਕੋ ਕਮਰੇ ਵਿੱਚ ਚੱਲ ਰਹੇ ਤਿੰਨ ਆਂਗਣਵਾੜੀ ਸੈਂਟਰਾਂ ਦਾ ਕੀਤਾ ਨਰੀਖਣ
May 07, 2022
0