-ਸਰਕਾਰੀ ਸਕੂਲਾਂ ਦੇ 15 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਲਈ 92.95 ਕਰੋੜ ਰੁਪਏ ਜਾਰੀ
-ਸਕੂਲ ਪ੍ਰਬੰਧਕ ਕਮੇਟੀਆਂ 600 ਰੁਪਏ ਪ੍ਰਤੀ ਵਿਦਿਆਰਥੀਆਂ ਦੇ ਹਿਸਾਬ ਨਾਲ ਨਿਯਮਾਂ ਅਨੁਸਾਰ ਵਰਦੀਆਂ ਖ਼ਰੀਦਣਗੀਆਂ
ਚੰਡੀਗੜ੍ਹ, 19 ਮਈ (BTTNEWS)- ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ 15 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਦੇਣ ਲਈ 92.95 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।
ਸਿੱਖਿਆ ਮੰਤਰੀ ਨੇ ਸਮੂਹ ਜ਼ਿਲਾ ਸਿੱਖਿਆ ਅਧਿਕਾਰੀਆਂ ਤੇ ਬਲਾਕ ਪ੍ਰਾਇਮਰੀ ਅਫਸਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਨਿਯਮਾਂ ਅਨੁਸਾਰ ਵਰਦੀਆਂ ਖ਼ਰੀਦਣ ਅਤੇ ਕਿਸੇ ਵੀ ਵਿਸ਼ੇਸ਼ ਦੁਕਾਨ ਤੋਂ ਵਰਦੀਆਂ ਖ਼ਰੀਦਣ ਸਬੰਧੀ ਲਿਖਤੀ ਜਾਂ ਜ਼ੁਬਾਨੀ ਆਦੇਸ਼ ਨਾ ਦਿੱਤੇ ਜਾਣ ਅਤੇ ਜੇਕਰ ਇਸ ਮਾਮਲੇ ਵਿੱਚ ਕੋਈ ਕੋਤਾਹੀ ਸਾਹਮਣੇ ਆਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਮੀਤ ਹੇਅਰ ਨੇ ਦੱਸਿਆ ਕਿ ਪਹਿਲੀ ਤੋਂ ਅੱਠਵੀਂ ਕਲਾਸ ਤੱਕ ਦੀਆਂ ਸਮੂਹ ਲੜਕੀਆਂ ਅਤੇ ਪਹਿਲੀ ਤੋਂ ਅੱਠਵੀਂ ਕਲਾਸ ਤੱਕ ਦੇ ਸਮੂਹ ਐਸ.ਸੀ./ਐਸ.ਟੀ./ਬੀ.ਪੀ.ਐਲ. ਲੜਕਿਆਂ ਨੂੰ ਮੁਫ਼ਤ ਵਰਦੀ ਮਿਲੇਗੀ ਜਿਨ੍ਹਾਂ ਦੀ ਕੁੱਲ ਗਿਣਤੀ 15,491,92 ਹੈ ਅਤੇ ਪ੍ਰਤੀ ਵਿਦਿਆਰਥੀ 600 ਰੁਪਏ ਦੇ ਹਿਸਾਬ ਨਾਲ ਵਰਦੀਆਂ ਖ਼ਰੀਦਣ ਲਈ ਸਕੂਲ ਪ੍ਰਬੰਧਕ ਕਮੇਟੀਆਂ (ਐਸ.ਐਮ.ਸੀ.) ਨੂੰ ਕੁੱਲ 92.95 ਰੁਪਏ ਜਾਰੀ ਕਰ ਦਿੱਤੇ ਗਏ ਹਨ।
ਸਿੱਖਿਆ ਮੰਤਰੀ ਨੇ ਅੱਗੇ ਵੇਰਵੇ ਜਾਰੀ ਕਰਦਿਆਂ ਦੱਸਿਆ ਕਿ ਮੁਫਤ ਵਰਦੀ ਹਾਸਲ ਕਰਨ ਵਾਲੇ ਕੁੱਲ ਲਾਭਪਾਤਰੀ ਵਿਦਿਆਰਥੀਆਂ ਵਿੱਚੋਂ 8,45,429 ਲੜਕੀਆਂ ਲਈ 50.72 ਕਰੋੜ ਰੁਪਏ, 5,45,993 ਐਸ.ਸੀ. ਲੜਕਿਆਂ ਲਈ 32.75 ਕਰੋੜ ਰੁਪਏ ਅਤੇ 1,57,770 ਬੀ.ਪੀ.ਐਲ. ਲੜਕਿਆਂ ਲਈ 9.46 ਕਰੋੜ ਰੁਪਏ ਜਾਰੀ ਕੀਤੇ ਗਏ ਹਨ।