ਸੁਤੰਤਰਤਾ ਦੀ 75ਵੀਂ ਵਰ੍ਹੇਗੰਢ ਮੌਕੇ ਪਹਿਲੇ ਪੜਾਅ ਵਿੱਚ 75 ਕਲੀਨਿਕ ਹੋਣਗੇ ਕਾਰਜਸ਼ੀਲ
ਗ਼ੈਰ-ਕਾਰਜਸ਼ੀਲ ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕਾਂ ਵਿੱਚ ਤਬਦੀਲ ਕਰਨ ਦੀ ਦਿੱਤੀ ਸਹਿਮਤੀ
ਚੰਡੀਗੜ੍ਹ, 20 ਮਈ (BTTNEWS)- ਪੰਜਾਬ ਵਾਸੀਆਂ ਨੂੰ ਮੁਫ਼ਤ ਵਿੱਚ ਬਿਹਤਰੀਨ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਆਪਣੀ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ‘ਮੁਹੱਲਾ ਕਲੀਨਿਕ’ ਦੀ ਸ਼ੁਰੂਆਤ ਇਸ ਸਾਲ 15 ਅਗਸਤ ਨੂੰ ਕਰਨਗੇ। ਪਹਿਲੇ ਪੜਾਅ ਵਿੱਚ ਅਜਿਹੇ 75 ਕਲੀਨਿਕ ਸ਼ੁਰੂ ਹੋਣਗੇ, ਜੋ ਇਸ ਵਰ੍ਹੇ ਆ ਰਹੀ ਸੁਤੰਤਰਤਾ ਦਿਵਸ ਦੀ 75ਵੀਂ ਵਰ੍ਹੇਗੰਢ ਦੇ ਇਤਿਹਾਸਕ ਮੌਕੇ ਨੂੰ ਸਮਰਪਿਤ ਹੋਣਗੇ।
ਇੱਥੇ ਆਪਣੇ ਅਧਿਕਾਰਕ ਗ੍ਰਹਿ ਵਿਖੇ ਸੀਨੀਅਰ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੀ ਤਰਜ਼ ਉਤੇ ਸ਼ਹਿਰੀ ਤੇ ਪੇਂਡੂ ਇਲਾਕਿਆਂ ਵਿੱਚ ਇਹ ਕਲੀਨਿਕ ਸਥਾਪਤ ਹੋਣ ਨਾਲ ਸਾਡੀ ਸਰਕਾਰ ਦੇ ਵੱਡੇ ਚੋਣ ਵਾਅਦਿਆਂ ਵਿੱਚੋਂ ਇਕ ਮੁਕੰਮਲ ਹੋਵੇਗਾ।
ਵਿਚਾਰ-ਚਰਚਾ ਵਿੱਚ ਭਾਗ ਲੈਂਦਿਆਂ ਮੁੱਖ ਮੰਤਰੀ ਨੇ ਸੂਬੇ ਭਰ ਦੇ ਗ਼ੈਰ-ਕਾਰਜਸ਼ੀਲ ਸੇਵਾ ਕੇਂਦਰਾਂ ਨੂੰ ਮੁਹੱਲਾ ਕਲੀਨਿਕਾਂ ਵਿੱਚ ਤਬਦੀਲ ਕਰਨ ਨੂੰ ਵੀ ਸਹਿਮਤੀ ਦਿੱਤੀ। ਇਸ ਲਈ ਸੇਵਾ ਕੇਂਦਰਾਂ ਦੀਆਂ ਇਮਾਰਤਾਂ ਨੂੰ ਇਕੋ ਤਰ੍ਹਾਂ ਦੀ ਦਿੱਖ ਦਿੱਤੀ ਜਾਵੇ, ਜਿਸ ਵਿੱਚ ਡਾਕਟਰ ਦਾ ਕਮਰਾ, ਰਿਸੈਪਸ਼ਨ-ਕਮ-ਵੇਟਿੰਗ ਏਰੀਆ, ਫਾਰਮੇਸੀ ਵਰਗੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਨਾਲ ਸਟਾਫ਼ ਤੇ ਆਉਣ ਵਾਲੇ ਮਰੀਜ਼ਾਂ ਲਈ ਵੱਖਰੇ ਪਖਾਨਿਆਂ ਦੀ ਸੁਵਿਧਾ ਦਿੱਤੀ ਜਾਵੇਗੀ। ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਸਕੱਤਰ ਨੂੰ ਸੇਵਾ ਕੇਂਦਰਾਂ ਨੂੰ ਅੰਦਰੋਂ ਵਧੀਆ ਦਿੱਖ ਦੇਣ ਲਈ ਰੂਪ-ਰੇਖਾ ਉਲੀਕਣ ਦਾ ਆਦੇਸ਼ ਦਿੱਤਾ ਤਾਂ ਜੋ ਇਨ੍ਹਾਂ ਨੂੰ ਆਸਾਨੀ ਨਾਲ ਮੁਹੱਲਾ ਕਲੀਨਿਕਾਂ ਵਿੱਚ ਤਬਦੀਲ ਕੀਤਾ ਜਾ ਸਕੇ।
ਮੁੱਖ ਮੰਤਰੀ ਨੇ ਸਾਰਿਆਂ ਦੀ ਆਸਾਨ ਪਹੁੰਚ ਲਈ ਪੰਜ ਤੋਂ ਛੇ ਨੇੜਲੇ ਪਿੰਡਾਂ ਦਾ ਇਕ ਕਲੱਸਟਰ ਬਣਾ ਕੇ ਉਨ੍ਹਾਂ ਲਈ ਕਿਤੇ ਵਿਚਕਾਰ ਪੈਂਦੀ ਥਾਂ ਉਤੇ ਮੁਹੱਲਾ ਕਲੀਨਿਕ ਸਥਾਪਤ ਕਰਨ ਦਾ ਵੀ ਸੁਝਾਅ ਦਿੱਤਾ। ਇਸ ਨਾਲ ਮੁਹੱਲਾ ਕਲੀਨਿਕਾਂ ਦੇ ਘੇਰੇ ਵਿੱਚ ਪੈਂਦੇ ਪੇਂਡੂ ਇਲਾਕਿਆਂ ਦੇ ਵੱਡੀ ਗਿਣਤੀ ਲੋਕਾਂ ਨੂੰ ਮਦਦ ਮਿਲੇਗੀ।
ਮੀਟਿੰਗ ਦੌਰਾਨ ਸੀਨੀਅਰ ਆਰਕੀਟੈਕਟ ਨੇ ਸੰਖੇਪ ਪੇਸ਼ਕਾਰੀ ਰਾਹੀਂ ਮੁੱਖ ਮੰਤਰੀ ਨੂੰ ਇਨ੍ਹਾਂ ਮੁਹੱਲਾ ਕਲੀਨਿਕਾਂ ਦੇ ਪ੍ਰਸਤਾਵਿਤ ਡਿਜ਼ਾਇਨ ਤੇ ਰੂਪ-ਰੇਖਾ ਦੇ ਵੱਖ-ਵੱਖ ਪਹਿਲੂਆਂ ਬਾਰੇ ਜਾਣੂੰ ਕਰਵਾਇਆ।
ਇਸ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਦੇ ਸਕੱਤਰ ਨੇ ਮੁੱਖ ਮੰਤਰੀ ਨੂੰ ਪੇਂਡੂ ਇਲਾਕਿਆਂ ਵਿੱਚ ਪਹਿਲਾਂ ਤੋਂ ਹੀ ਮੌਜੂਦ 3000 ਸਬ-ਸੈਂਟਰਾਂ ਦੇ ਨੈਟਵਰਕ ਬਾਰੇ ਜਾਣਕਾਰੀ ਦਿੱਤੀ ਜਿਸ ਨੂੰ ਕਮਿਊਨਿਟੀ ਹੈਲਥ ਅਫਸਰਾਂ ਦੀ ਅਗਵਾਈ ਵਿੱਚ ਸਿਖਲਾਈ ਪ੍ਰਾਪਤ ਪੈਰਾ-ਮੈਡੀਕਲ ਸਟਾਫ ਦੁਆਰਾ ਕਾਰਗਰ ਢੰਗ ਚਲਾਇਆ ਜਾ ਰਿਹਾ ਹੈ। ਇਸ ਲਈ ਉਨ੍ਹਾਂ ਨੇ ਇਨ੍ਹਾਂ ਸਬ-ਸੈਂਟਰਾਂ ਨੂੰ ਵੀ ਮੁਹੱਲਾ ਕਲੀਨਿਕਾਂ ਵਿੱਚ ਤਬਦੀਲ ਕਰਨ ਦੀ ਤਜਵੀਜ਼ ਪੇਸ਼ ਕੀਤੀ ਅਤੇ ਇਸ ਤਰ੍ਹਾਂ ਇਸ ਦੀ ਪਹੁੰਚ ਅਤੇ ਸੇਵਾਵਾਂ ਪ੍ਰਦਾਨ ਕਰਨ ਦੀ ਸਮਰੱਥਾ ਹੋਰ ਵਿਸ਼ਾਲ ਕੀਤੀ ਜਾ ਸਕਦੀ ਹੈ ਤਾਂ ਜੋ ਪਿੰਡਾਂ ਵਿੱਚ ਵਸਦੇ ਵੱਧ ਤੋਂ ਵੱਧ ਲੋਕ ਸੂਬਾ ਸਰਕਾਰ ਦੀ ਸਿਹਤ ਸੰਭਾਲ ਬਾਰੇ ਵਿਲੱਖਣ ਪਹਿਲਕਦਮੀ ਤੋਂ ਲਾਭ ਉਠਾ ਸਕਣ।
ਵਿਚਾਰ-ਵਟਾਂਦਰੇ ਨੂੰ ਸਮੇਟਦਿਆਂ ਮੁੱਖ ਮੰਤਰੀ ਨੇ ਸਿਹਤ ਸਕੱਤਰ ਨੂੰ ਠੇਕੇ ਦੇ ਆਧਾਰ 'ਤੇ ਉਨ੍ਹਾਂ ਡਾਕਟਰਾਂ/ਪੈਰਾਮੈਡੀਕਲ ਦੀਆਂ ਸੇਵਾਵਾਂ ਲੈਣ ਲਈ ਤੁਰੰਤ ਪ੍ਰਕਿਰਿਆ ਸ਼ੁਰੂ ਕਰਨ ਲਈ ਆਖਿਆ, ਜੋ ਮੁਹੱਲਾ ਕਲੀਨਿਕਾਂ ਵਿੱਚ ਇਸ ਨੇਕ ਉਪਰਾਲੇ ਲਈ ਆਪਣੀਆਂ ਸੇਵਾਵਾਂ ਦੇਣ ਦੇ ਇੱਛੁਕ ਹਨ। ਭਗਵੰਤ ਮਾਨ ਨੇ ਸਿਹਤ ਸਕੱਤਰ ਨੂੰ ਕਲੀਨੀਕਲ ਟੈਸਟਾਂ ਲਈ ਏਜੰਸੀ ਦੀਆਂ ਸੇਵਾਵਾਂ ਲੈਣ ਲਈ ਕਾਰਜ ਯੋਜਨਾ ਤਿਆਰ ਕਰਨ ਦੇ ਵੀ ਨਿਰਦੇਸ਼ ਦਿੱਤੇ ਜਿਸ ਬਾਰੇ ਸਕੱਤਰ ਸਿਹਤ ਨੇ ਦੱਸਿਆ ਕਿ ਲੋੜੀਂਦੇ ਸਟਾਫ ਦੀ ਭਰਤੀ ਦੀ ਪ੍ਰਕਿਰਿਆ ਪਹਿਲਾਂ ਹੀ ਚੱਲ ਰਹੀ ਹੈ ਅਤੇ ਕਲੀਨਿਕਲ ਟੈਸਟਾਂ ਲਈ ਏਜੰਸੀ ਦੀਆਂ ਸੇਵਾਵਾਂ ਹਾਸਲ ਕਰਨ ਲਈ ਟੈਂਡਰ ਪ੍ਰਕਿਰਿਆ 31 ਮਈ ਤੱਕ ਮੁਕੰਮਲ ਕਰ ਲਈ ਜਾਵੇਗੀ।
ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਪ੍ਰਮੁੱਖ ਵਿਅਕਤੀਆਂ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਵਿਜੇ ਸਿੰਗਲਾ, ਮੁੱਖ ਸਕੱਤਰ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂੰ ਪ੍ਰਸਾਦ, ਵਧੀਕ ਮੁੱਖ ਸਕੱਤਰ-ਕਮ-ਵਿੱਤ ਕਮਿਸ਼ਨਰ ਅਨੁਰਾਗ ਅਗਰਵਾਲ, ਸਕੱਤਰ ਸਿਹਤ ਅਜੋਏ ਸ਼ਰਮਾ, ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੀਲਿਮਾ ਅਤੇ ਐਮ.ਡੀ. ਕੌਮੀ ਪੇਂਡੂ ਸਿਹਤ ਮਿਸ਼ਨ ਟੀ.ਪੀ.ਐਸ. ਫੂਲਕਾ ਸ਼ਾਮਲ ਸਨ।