ਨਸ਼ਾ ਤਸਕਰੀ ਦਾ ਖਾਤਮਾ ਤੇ ਰੰਗਲਾ ਪੰਜਾਬ ਬਣਾਉਣਾ ਸਾਡਾ ਸੁਪਨਾ: ਐਸ ਐਸ ਪੀ ਮੁਕਤਸਰ
ਸ੍ਰੀ ਮੁਕਤਸਰ ਸਾਹਿਬ, 05 ਅਪ੍ਰੈਲ (BTTNEWS)- “ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਲਈ ਜਿਲਾ ਸ੍ਰੀ ਮੁਕਤਸਰ ਵਿੱਚ ਕੋਈ ਥਾਂ ਨਹੀ ਹੋਵੇਗੀ, ਨਸ਼ੀਲੇ ਪਦਾਰਥਾਂ ਦਾ ਇਸ ਜਿਲਾ ਵਿੱਚ ਮੁਕੰਮਲ ਖਾਤਮਾ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਨਰੋਏ ਪੰਜਾਬ ਦੀ ਸਿਰਜਣਾ ਇਹ ਸਾਡਾ ਸਾਰਿਆਂ ਦਾ ਸੁਪਨਾ ਹੈ” ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਬੀਤੇ ਦਿਨੀ ਪੰਜਾਬ ਸਰਕਾਰ ਵੱਲੋਂ ਬਤੌਰ ਜਿਲਾ ਪੁਲਿਸ ਮੁਖੀ ਤਾਇਨਾਤ ਕੀਤੇ ਗਏ ਧਰੂਮਨ ਐਚ ਨਿੰਬਲੇ ਆਈ ਪੀ ਐਸ ਵੱਲੋਂ ਆਪਣੀ ਇੱਕ ਮੀਟਿੰਗ ਦੌਰਾਨ ਕੀਤਾ ਗਿਆ ਸੀ।ਉਹਨਾਂ ਨੇ ਆਪਣੇ ਇਸ ਕਥਨ ਨੂੰ ਪੂਰਿਆਂ ਕਰਨ ਲਈ ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਸਮੁੱਚੀ ਪੁਲਿਸ ਨੂੰ ਹਰ ਤਰਾਂ ਦੇ ਸਮਾਜ ਵਿਰੋਧੀ ਅਨਸਰਾਂ ਤੇ ਸ਼ਿਕੰਜਾ ਕਸਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ। ਬੀਤੇ 24 ਘੰਟਿਆਂ ਦੌਰਾਨ ਜਿਲਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਆਪਣੀ ਮੁਸ਼ਤੈਦੀ ਅਤੇ ਪੇਸ਼ੇਵਰਾਨਾ ਢੰਗ ਤਰੀਕਿਆਂ ਦੀ ਵਰਤੋਂ ਕਰਦਿਆਂ ਵੱਖ ਵੱਖ ਕਿਸਮ ਦੇ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਨੂੰ ਕਾਬੂ ਕਰਕੇ ਇਹਨਾਂ ਪਾਸੋ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਵਾਹਨ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹਨਾਂ ਕਾਬੂ ਕੀਤੇ ਗਏ ਵਿਅਕਤੀਆਂ ਵਿੱਚੋਂ ਜਸਵੰਤ ਸਿੰਘ ਉਰਫ ਜੱਸਾ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਈਨਾ ਖੇੜਾ ਪਾਸੋਂ 21 ਕਿਲੋ 500 ਗ੍ਰਾਮ ਹਰੇ ਪੋਸਤ ਦੀ ਖੇਤੀ,ਜਸ਼ਨਪ੍ਰੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਲੱਖੇਵਾਲੀ ਪਾਸੋਂ 10 ਗ੍ਰਾਮ ਹੀਰੋਇਨ ਅਤੇ ਬੁਲਟ ਮੋਟਰਸਾਈਕਲ, ਸੁਬਾਸ਼ ਕੁਮਾਰ ਉਰਫ ਪਾਸੀ ਪੁੱਤਰ ਹਰੀ ਚੰਦ ਵਾਸੀ ਗਿੱਦੜਬਾਹਾ ਪਾਸੋਂ 300 ਗ੍ਰਾਮ ਗਾਂਜਾ( pre rolled cones 54 boxes) ਸਮੇਤ 1400 ਰੁਪਏ ਡਰੱਗ ਮਨੀ, ਬੂਟਾ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਈਨਾ ਖੇੜਾ ਪਾਸੋਂ 480 ਲੀਟਰ ਲਾਹਨ ਅਤੇ ਭੁਪਿੰਦਰ ਸਿੰਘ ਪੁੱਤਰ ਖੇਮ ਸਿੰਘ ਤੇ ਮਨੋਜ ਕੁਮਾਰ ਪੁੱਤਰ ਸੁਰਿੰਦਰ ਸਿੰਘ ਵਾਸੀ ਮਲੋਟ ਪਾਸੋ ਚੋਰੀ ਸ਼ੁਦਾ ਮੋਟਰਸਾਈਕਲ ਮਾਰਕਾ ਸਪਲੈਂਡਰ ਰੰਗ ਕਾਲਾ ਸ਼ਾਮਿਲ ਹਨ। ਇਹਨਾਂ ਸਾਰੇ ਗੈਰ ਸਮਾਜੀ ਅਨਸਰਾਂ ਪਾਸੋਂ ਮੁਕਾਮੀ ਪੁਲਿਸ ਵੱਲੋਂ ਸਖਤੀ ਅਤੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।ਇੱਥੇ ਇਹ ਵਿਸ਼ੇਸ ਤੌਰ ਤੇ ਜਿਕਰਯੋਗ ਹੈ ਕਿ ਇਹਨਾਂ ਵਿੱਚੋਂ ਬੂਟਾ ਸਿੰਘ ਦੇ ਵਿਰੁੱਧ 04 ਮੁੱਕਦਮੇ,ਮਨੋਜ ਕੁਮਾਰ ਦੇ ਵਿਰੁੱਧ 01 ਮੁੱਕਦਮਾ ਤੇ ਸੁਭਾਸ਼ ਕੁਮਾਰ ਦੇ ਵਿਰੁੱਧ 02 ਮੁੱਕਦਮੇ ਵੱਖ ਵੱਖ ਧਾਰਾਵਾਂ ਤਹਿਤ ਪਹਿਲਾਂ ਵੀ ਦਰਜ ਹਨ ਅਤੇ ਇਹਨਾਂ ਸਾਰੇ ਕਾਬੂ ਕੀਤੇ ਗਏ ਦੋਸ਼ੀਆਂ ਦੇ ਇਸ ਪਰਕਾਰ ਦੇ ਕਾਲੇ ਧੰਦੇ ਦੀ ਕਮਾਈ ਅਤੇ ਇਸ ਵਿੱਚ ਸ਼ਾਮਿਲ ਇਹਨਾਂ ਦੇ ਸੰਗੀ ਸਾਥੀਆਂ ਬਾਰੇ ਜਾਣਕਾਰੀ ਇੱਕਠੀ ਕੀਤੀ ਜਾ ਰਹੀ ਹੈ ਤਾਂ ਜੋ ਇਸ ਪਰਕਾਰ ਦੇ ਸਮਾਜ ਵਿਰੋਧੀ ਅਨਸਰਾਂ ਦਾ ਸਮਾਜ ਵਿੱਚੋਂ ਪੂਰੀ ਤਰਾਂ ਨਾਲ ਸਫਾਇਆ ਕੀਤੀ ਜਾ ਸਕੇ।ਜਿਲਾ ਪੁਲਿਸ ਮੁਖੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਮਾਜ ਦੇ ਹਰੇਕ ਵਰਗ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਉਹਨਾਂ ਪਾਸ ਕਿਸੇ ਕਿਸਮ ਦੀ ਸਮਾਜ ਵਿਰੋਧੀ ਗਤੀਵਿਧੀ ਦੀ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਪਬਲਿਕ ਦੋਸਤੀ ਦੀ ਸ਼ੁਰੂਆਤ ਵਜੋਂ ਬਿਨਾਂ ਦੇਰੀ ਉਹਨਾਂ ਨਾਲ ਸਾਂਝੀ ਕਰ ਸਕਦਾ ਹੈ।