ਚੰਡੀਗੜ੍ਹ, 4 ਅਪ੍ਰੈਲ, (BTTNEWS)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ’ਤੇ ਮੰਡੀ ਬੋਰਡ ਦੇ ਮੁਹਾਲੀ ਸਥਿਤ ਹੈੱਡਕੁਆਰਟਰ ਵਿਖੇ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਤਾਂ ਕਿ ਇਕ ਅਪ੍ਰੈਲ ਤੋਂ ਸ਼ੁਰੂ ਹੋਏ ਹਾੜ੍ਹੀ ਦੇ ਮੰਡੀਕਰਨ ਸੀਜ਼ਨ ਦੌਰਾਨ ਖਰੀਦ ਕਾਰਜਾਂ ਸਬੰਧੀ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਦਰਪੇਸ਼ ਮੁਸ਼ਕਲਾਂ ਦਾ ਫੌਰੀ ਹੱਲ ਕੱਢਿਆ ਜਾ ਸਕੇ।
ਮੰਡੀ ਬੋਰਡ ਨੇ ਕਿਸਾਨਾਂ ਅਤੇ ਆੜ੍ਹਤੀਆਂ ਦੀ ਸਮੱਸਿਆਵਾਂ ਨੂੰ ਤੁਰੰਤ ਸੁਲਝਾਉਣ ਲਈ ਸੰਪਰਕ ਨੰਬਰ ਵੀ ਜਾਰੀ ਕੀਤੇ ਹਨ।
ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਣ ਲਈ ਪੰਜਾਬ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਣਕ ਦੀ ਨਿਰਵਿਘਨ ਖਰੀਦ ਲਈ ਢੁਕਵੇਂ ਬੰਦੋਬਸਤ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ ਅਤੇ ਇਸ ਸਬੰਧ ਵਿਚ ਡਿਪਟੀ ਕਮਿਸ਼ਨਰਾਂ ਅਤੇ ਖਰੀਦ ਏਜੰਸੀਆਂ ਨੂੰ ਲੋੜੀਂਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ।
ਬੁਲਾਰੇ ਨੇ ਦੱਸਿਆ ਕਿ ਮੰਡੀ ਬੋਰਡ ਅਤੇ ਫੂਡ ਤੇ ਸਿਵਲ ਸਪਲਾਈਜ਼ ਵਿਭਾਗ ਦੇ ਕਰਮਚਾਰੀ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਕੰਟਰੋਲ ਰੂਮ ਵਿਚ ਹਾਜ਼ਰ ਰਹਿਣਗੇ ਤਾਂ ਕਿ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕੋਈ ਪ੍ਰੇਸ਼ਾਨੀ ਆਉਣ ਉਤੇ ਤੁਰੰਤ ਸੁਲਝਾਇਆ ਜਾ ਸਕੇ। ਬੁਲਾਰੇ ਨੇ ਅੱਗੇ ਦੱਸਿਆ ਕਿ ਕਿਸਾਨ ਅਤੇ ਆੜ੍ਹਤੀ ਸੰਪਰਕ ਨੰਬਰ 0172-5101659, 5101643, 5101605 ਅਤੇ 5101650 ਉਤੇ ਰਾਬਤਾ ਕਾਇਮ ਕਰ ਸਕਦੇ ਹਨ।