ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਰੋਪੜ ਦੀ ਮੀਟਿੰਗ ਹੋਈਸਰਬਸੰਮਤੀ ਨਾਲ ਚੋਣ ਕਰਕੇ ਰੀਮਾ ਰਾਣੀ ਬਾਹਮਣ ਮਾਜਰਾ ਨੂੰ ਬਣਾਇਆ ਗਿਆ ਜ਼ਿਲਾ ਰੋਪੜ ਦਾ ਪ੍ਰਧਾਨ
ਰੋਪੜ/ਸ੍ਰੀ ਮੁਕਤਸਰ ਸਾਹਿਬ , 29 ਅਪ੍ਰੈਲ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਜ਼ਿਲਾ ਰੋਪੜ ਦੀ ਮੀਟਿੰਗ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਪ੍ਰਧਾਨਗੀ ਹੇਠ ਵਿਖੇ ਹੋਈ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਯੂਨੀਅਨ ਨੂੰ ਹੋਰ ਮਜ਼ਬੂਤ ਕਰਨ ਲਈ ਯੂਨੀਅਨ ਨਾਲ ਇੱਕ ਢਾਲ ਬਣਕੇ ਖੜਿਆ ਜਾਵੇ । ਕਿਉਂਕਿ ਏਕੇ ਤੋਂ ਬਿਨਾਂ ਸੰਘਰਸ਼ ਜਿੱਤੇ ਨਹੀਂ ਜਾਂਦੇ । ਉਹਨਾਂ ਕਿਹਾ ਕਿ ਯੂਨੀਅਨ ਨੇ ਹੁਣ ਤੱਕ ਜਿੰਨੇ ਵੀ ਸੰਘਰਸ਼ ਜਿੱਤੇ ਹਨ ਪ੍ਰਾਪਤੀਆਂ ਕੀਤੀਆਂ ਹਨ ਉਹ ਵਰਕਰਾਂ ਤੇ ਹੈਲਪਰਾਂ ਦੀ ਸ਼ਕਤੀ ਦੀ ਦੇਣ ਹੈ । ਹਰਗੋਬਿੰਦ ਕੌਰ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਸੂਬੇ ਅੰਦਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਖਾਲੀ ਪਈਆਂ ਹਜ਼ਾਰਾਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇ । ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਅਤੇ ਹੈਲਪਰਾਂ ਨੂੰ ਪੱਕਾ ਕੀਤਾ ਜਾਵੇ । ਸਾਲ 2017 ਤੋਂ ਆਂਗਣਵਾੜੀ ਸੈਂਟਰਾਂ ਦੇ ਖੋਹੇ ਹੋਏ ਬੱਚੇ ਵਾਪਸ ਕੀਤੇ ਜਾਣ । ਇਸੇ ਦੌਰਾਨ ਸਰਬਸੰਮਤੀ ਨਾਲ ਜ਼ਿਲਾ ਰੋਪੜ ਦੇ ਅਹੁਦੇਦਾਰਾਂ ਦੀ ਚੋਣ ਕਰਵਾਈ ਗਈ । ਜਿਸ ਦੌਰਾਨ ਰੀਮਾ ਰਾਣੀ ਬਾਹਮਣ ਮਾਜਰਾ ਨੂੰ ਜ਼ਿਲਾ ਰੋਪੜ ਦਾ ਪ੍ਰਧਾਨ ਬਣਾਇਆ ਗਿਆ । ਜਦੋਂ ਕਿ ਪ੍ਰੇਮ ਲਤਾ ਟਿੱਬਾ ਟੱਪਰੀਆਂ ਨੂੰ ਸੀਨੀਅਰ ਮੀਤ ਪ੍ਰਧਾਨ , ਹਰਬੰਸ ਕੌਰ ਬੱਲਾ ਨੂੰ ਮੀਤ ਪ੍ਰਧਾਨ , ਮਨਿੰਦਰ ਕੌਰ ਚੰਦਪੁਰ ਨੂੰ ਜਨਰਲ ਸਕੱਤਰ , ਕੁਲਜੀਤ ਕੌਰ ਪਪਰਾਲੀ ਤੇ ਦਵਿੰਦਰ ਕੌਰ ਬਟਾਰਲਾ ਨੂੰ ਸਹਾਇਕ ਸਕੱਤਰ , ਕੰਵਲਜੀਤ ਕੌਰ ਅਟੱਲਗੜ੍ਹ ਨੂੰ ਵਿੱਤ ਸਕੱਤਰ , ਰਣਜੀਤ ਕੌਰ ਮੋਰਿੰਡਾ ਨੂੰ ਸਹਾਇਕ ਵਿੱਤ ਸਕੱਤਰ , ਸੰਤੋਸ਼ ਕੁਮਾਰੀ ਧਨੋਰੀ ਨੂੰ ਪ੍ਰਚਾਰ ਸਕੱਤਰ , ਕੁਲਦੀਪ ਕੌਰ ਪਿੱਪਲ ਮਾਜਰਾ ਨੂੰ ਪ੍ਰੈਸ ਸਕੱਤਰ ਤੇ ਸੁਰੇਸ਼ ਕੁਮਾਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਐਡੀਟਰ ਬਣਾਇਆ ਗਿਆ ।