ਪੰਜਾਬ ਵਿੱਚ 18 ਅਪਰੈਲ ਤੋਂ ਬਲਾਕ ਸਿਹਤ ਮੇਲੇ ਲਗਾਏ ਜਾਣਗੇ: ਡਾ. ਵਿਜੇ ਸਿੰਗਲਾ

bttnews
0

 ਸੰਚਾਰੀ ਅਤੇ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਲਈ ਜਾਗਰੂਕਤਾ ਵਧਾਉਣ `ਤੇ ਜ਼ੋਰ ਦਿੱਤਾ

ਪੰਜਾਬ ਵਿੱਚ 18 ਅਪਰੈਲ ਤੋਂ ਬਲਾਕ ਸਿਹਤ ਮੇਲੇ ਲਗਾਏ ਜਾਣਗੇ: ਡਾ. ਵਿਜੇ ਸਿੰਗਲਾ
ਚੰਡੀਗੜ੍ਹ, 15 ਅਪ੍ਰੈਲ, (BTTNEWS)- ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਵਿਜੇ ਸਿੰਗਲਾ ਨੇ ਅੱਜ ਐਲਾਨ ਕੀਤਾ ਕਿ ਸੂਬੇ ਵਿੱਚ 18 ਅਪ੍ਰੈਲ ਤੋਂ ਸਿਹਤ ਮੇਲੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਸੂਬਾ ਵਾਸੀ ਸੰਚਾਰੀ ਅਤੇ ਗੈਰ-ਸੰਚਾਰੀ ਬਿਮਾਰੀਆਂ ਦੀ ਦੋਹਰੀ ਮਾਰ ਝੱਲ ਰਹੇ ਹਨ ਅਤੇ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਬਿਮਾਰੀਆਂ ਦੀ ਰੋਕਥਾਮ ਜਲਦੀ ਜਾਂਚ ਕਰਕੇ, ਸਿਹਤ ਸਿੱਖਿਆ ਪ੍ਰਦਾਨ ਕਰਕੇ, ਸਮੇਂ ਸਿਰ ਰੈਫਰਲ ਅਤੇ ਪ੍ਰਬੰਧਨ ਨਾਲ ਕੀਤੀ ਜਾ ਸਕਦੀ ਹੈ। ਡਾ. ਸਿੰਗਲਾ ਨੇ ਕਿਹਾ ਕਿ ਇਸ ਤੋਂ ਇਲਾਵਾ ਜਾਗਰੂਕਤਾ ਦੀ ਘਾਟ ਅਤੇ ਸਿਹਤ ਪ੍ਰਤੀ ਮਾੜੀਆਂ ਆਦਤਾਂ ਕਈ ਬਿਮਾਰੀਆਂ ਦੇ ਮੁੱਖ ਕਾਰਨ ਪਾਏ ਗਏ ਹਨ।

ਇਨ੍ਹਾਂ ਸਿਹਤ ਮੇਲਿਆਂ ਦੇ ਆਯੋਜਨ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਅੱਗੇ ਦੱਸਿਆ ਕਿ ਜਲਦੀ ਜਾਂਚ ਅਤੇ ਰੋਕਥਾਮ ਨਾਲ ਬੀਮਾਰੀਆਂ ਦੀ ਦਰ ਅਤੇ ਰੋਕਥਾਮਯੋਗ ਮੌਤ ਦਰ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਇਹ ਮੇਲੇ ਬਲਾਕ ਪੱਧਰ `ਤੇ ਆਯੋਜਿਤ ਕੀਤੇ ਜਾਣਗੇ ਜਿੱਥੇ ਸਿਹਤ ਸੇਵਾਵਾਂ ਦੇ ਨਾਲ-ਨਾਲ ਵੱਖ-ਵੱਖ ਬਿਮਾਰੀਆਂ ਅਤੇ ਉਨ੍ਹਾਂ ਤੋਂ ਬਚਾਅ ਦੇ ਉਪਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

ਸਿਹਤ ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਮੇਲੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਅਤੇ ਪ੍ਰੋਗਰਾਮਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਹੱਤਵਪੂਰਨ ਸਿੱਧ ਹੋਣਗੇ।ਇਨ੍ਹਾਂ ਮੇਲਿਆਂ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਤੋਂ ਇਲਾਵਾ ਸਰਕਾਰ ਦੇ ਹੋਰ ਕਈ ਵਿਭਾਗ ਜਿਵੇਂ ਖੁਰਾਕ  ਅਤੇ ਸਪਲਾਈਜ਼ ਵਿਭਾਗ, ਯੁਵਕ ਮਾਮਲੇ ਅਤੇ ਖੇਡ ਵਿਭਾਗ, ਆਯੂਸ਼ ਵਿਭਾਗ, ਸਕੂਲ ਸਿੱਖਿਆ ਵਿਭਾਗ, ਮਹਿਲਾ ਅਤੇ ਬਾਲ ਵਿਕਾਸ ਵਿਭਾਗ, ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਚਾਇਤੀ ਰਾਜ ਸੰਸਥਾ ਅਤੇ ਸ਼ਹਿਰੀ ਵਿਕਾਸ ਵਿਭਾਗ ਹਿੱਸਾ ਲੈਣਗੇ।

ਕੈਬਨਿਟ ਮੰਤਰੀ ਨੇ ਵੱਖ-ਵੱਖ ਸੰਚਾਰੀ ਅਤੇ ਗੈਰ-ਸੰਚਾਰੀ ਬਿਮਾਰੀਆਂ ਦੀ ਰੋਕਥਾਮ ਲਈ ਲੋਕਾਂ ਵਿੱਚ ਸਿਹਤ ਸਬੰਧੀ ਜਾਗਰੂਕਤਾ ਵਧਾਉਣ ਦੀ ਲੋੜ `ਤੇ ਜ਼ੋਰ ਦਿੱਤਾ ਅਤੇ ਇਹ ਮੇਲੇ ਸਿਹਤ ਵਿਵਹਾਰ ਵਿੱਚ ਸਕਾਰਾਤਮਕ ਤਬਦੀਲੀਆਂ ਲਿਆਉਣ ਲਈ ਨਵੀਨਤਾਕਾਰੀ ਮਾਸ ਮੀਡੀਆ ਅਤੇ ਮਿਡ-ਮੀਡੀਆ ਗਤੀਵਿਧੀਆਂ ਰਾਹੀਂ ਲਾਭਪਾਤਰੀਆਂ ਨੂੰ ਪ੍ਰੇਰਿਤ ਕਰਨਗੇ।

ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਇਨ੍ਹਾਂ ਸਿਹਤ ਮੇਲਿਆਂ ਦੇ ਸਫਲ ਆਯੋਜਨ ਸਬੰਧੀ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਵਿਸਥਾਰਤ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਇਹ ਪਰਿਕਲਪਨਾ ਕੀਤੀ ਗਈ ਹੈ ਕਿ ਇਹ ਸਿਹਤ ਮੇਲੇ ਅਜਿਹੇ ਲੋਕਾਂ ਨੂੰ ਵੱਡੇ ਪੱਧਰ `ਤੇ ਆਕਰਸ਼ਿਤ ਕਰਨਗੇ, ਜੋ ਮੁਫ਼ਤ ਜ਼ਰੂਰੀ ਪੈਥੋਲੋਜੀਕਲ ਟੈਸਟਾਂ ਅਤੇ ਦਵਾਈਆਂ ਦੇ ਨਾਲ ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਾਪਤ ਕਰਨ ਦੇ ਚਾਹਵਾਨ ਹਨ।

ਪ੍ਰਮੁੱਖ ਸਕੱਤਰ ਨੇ ਅੱਗੇ ਕਿਹਾ ਕਿ ਇਹ ਮੇਲੇ ਲੋਕਾਂ ਨੂੰ ਸਰਕਾਰ ਦੁਆਰਾ ਚਲਾਏ ਜਾ ਰਹੇ ਵੱਖ-ਵੱਖ ਸਿਹਤ ਪ੍ਰੋਗਰਾਮਾਂ ਬਾਰੇ ਜਾਣਕਾਰੀ ਦੇਣ ਵਿੱਚ ਵੀ ਮਦਦ ਕਰਨਗੇ ਅਤੇ ਲੈਬਾਟਰੀ ਸੇਵਾਵਾਂ, ਕੰਸਲਟੇਸ਼ਨ, ਦਵਾਈ ਅਤੇ ਇਲਾਜ, ਰੈਫਰਲ ਆਦਿ ਵੱਖ-ਵੱਖ ਸਹੂਲਤਾਂ ਇੱਕ ਥਾਂ `ਤੇ ਉਪਲਬਧ ਹੋਣਗੀਆਂ।

Post a Comment

0Comments

Post a Comment (0)