ਹੋਲੇ ਮੁਹੱਲੇ ਤੇ ਗਏ ਇਕਲੌਤੇ ਪੁੱਤਰ ਦੀ, ਘਰ ਆਈ ਲਾਸ਼
March 20, 2022
0
ਤਰਨਤਾਰਨ 20 ਮਾਰਚ ( ਗੁਰਕੀਰਤ ਸਿੰਘ)- ਤਰਨਤਾਰਨ ਜਿਲੇ ਦੇ ਪਿੰਡ ਚੀਮਾਂ ਖੁਰਦ ਵਿੱਚ ਉਸ ਵੇਲੇ ਅਫਸੋਸ ਦੀ ਲਹਿਰ ਦੌੜ ਗਈ, ਜਦੋਂ ਅਨੰਦਪੁਰ ਸਾਹਿਬ ਹੋਲੇ ਮੁਹੱਲੇ ਤੇ ਗਏ ਨੌਜਵਾਨ ਜਗਦੀਪ ਸਿੰਘ ਸਪੁੱਤਰ ਅਮਰੀਕ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ। ਜਗਦੀਪ ਸਿੰਘ ਦੇ ਨਾਲ ਮੌਜੂਦ ਨੌਜਵਾਨ ਗੁਰਦੇਵ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ 15 ਨੌਜਵਾਨ ਪਿੰਡ ਤੋਂ 15 ਮਾਰਚ ਦਿਨ ਮੰਗਲਵਾਰ ਦੇ ਅਨੰਦਪੁਰ ਸਾਹਿਬ ਗਏ ਹੋਏ ਸਨ , ਤੇ ਬੀਤੀ ਰਾਤ ਵਾਪਿਸ ਮੁੜ ਰਹੇ ਸਨ , ਉਨਾਂ ਕਿਹਾ ਕਿ ਜਗਦੀਪ ਟਰੈਕਟਰ ਦੇ ਮਗਰਾਟ ਤੇ ਬੈਠਾ ਹੋਇਆ ਸੀ, ਅਚਾਨਕ ਫਤਿਆਬਾਦ ਵਾਲੇ ਪੁਲ ਤੇ ਟਰੈਕਟਰ ਇੱਕ ਖੱਡੇ ਵਿੱਚ ਵੱਜਾ ਤੇ ਜਗਦੀਪ ਹੇਠਾ ਡਿੱਗ ਗਿਆ । ਜਿਸ ਤੋਂ ਬਾਅਦ ਉਹ ਕਾਫੀ ਜਖਮੀਂ ਹੋ ਗਿਆ। ਗੁਰਦੇਵ ਸਿੰਘ ਨੇ ਕਿਹਾ ਕਿ ਜਗਦੀਪ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ । ਤਹਾਨੂੰ ਦੱਸ ਦੇਈਏ ਕੇ ਜਗਦੀਪ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਤੇ ਅਮਰਕੋਟ ਵਿੱਚ ਖਾਲਸਾ ਫੋਟੋ ਸਟੇਟ ਤੇ ਕੰਮ ਕਰਦਾ ਸੀ। ਜਗਦੀਪ ਸਿੰਘ ਦੀ ਮੌਤ ਤੋਂ ਬਾਅਦ ਹੁਣ ਪਰਿਵਾਰ ਵਿੱਚ ਕੋਈ ਵੀ ਵਾਰਿਸ ਨਹੀਂ ਬਚਿਆ।