- ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਪ੍ਰਿੰਸੀਪਲ ਸਕੱਤਰ ਤੇ ਡਾਇਰੈਕਟਰ ਦੇ ਨਾਂ ਦਿੱਤੇ ਮੰਗ ਪੱਤਰ -
ਚੰਡੀਗੜ੍ਹ , 7 ਫਰਵਰੀ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦਾ ਵਫ਼ਦ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਅੱਜ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੀ ਡਿਪਟੀ ਡਾਇਰੈਕਟਰ ਰੁਪਿੰਦਰ ਕੌਰ ਨੂੰ ਮਿਲਿਆ ਤੇ ਵਿਭਾਗ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਸਕੱਤਰ ਦੇ ਨਾਂ ਮੰਗ ਪੱਤਰ ਦਿੱਤੇ ।
25 ਨਵੰਬਰ 2021 ਨੂੰ ਡਾਇਰੈਕਟਰ ਦੀ ਪ੍ਰਧਾਨਗੀ ਹੇਠ ਜੋ ਮੀਟਿੰਗ ਹੋਈ ਸੀ ਉਸ ਦੀ ਪਰਸੀਡਿੰਗ 3 ਜਨਵਰੀ 2022 ਨੂੰ ਜਾਰੀ ਕਰ ਦਿੱਤੀ ਗਈ ਸੀ । ਪਰ ਅਜੇ ਤੱਕ ਪੱਤਰ ਜਾਰੀ ਨਹੀਂ ਕੀਤੇ ਗਏ । ਜਥੇਬੰਦੀ ਦੀ ਮੰਗ ਹੈ ਕਿ ਹੇਠਲੇ ਪੱਧਰ ਤੱਕ ਇਹ ਪੱਤਰ ਜਾਰੀ ਕੀਤੇ ਜਾਣ । ਇਸੇ ਦਿਨ ਦੀ ਮੀਟਿੰਗ ਵਿੱਚ ਡਾਇਰੈਕਟਰ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਬਲਾਕ ਨਵਾਂ ਸ਼ਹਿਰ ਵਿਖੇ ਆਂਗਣਵਾੜੀ ਕੇਂਦਰਾਂ ਦਾ ਕਿਰਾਇਆ ਤਿੰਨ ਸਾਲਾਂ ਤੋਂ ਨਹੀਂ ਮਿਲਿਆ । ਡਾਇਰੈਕਟਰ ਨੇ ਛੇਤੀ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ । ਕਰੈਚ ਵਰਕਰਾਂ ਤੇ ਹੈਲਪਰਾਂ ਜਿੰਨਾ ਨੂੰ 2017 ਵਿੱਚ ਰੈਡ ਕਰਾਸ ਤੋਂ ਵਾਪਸ ਲੈ ਕੇ ਆਈ ਸੀ ਡੀ ਐੱਸ ਸਕੀਮ ਵਿੱਚ ਸ਼ਾਮਲ ਕੀਤਾ ਗਿਆ ਸੀ ਨੂੰ ਪਿਛਲੇਂ 38 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ । ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਣ ਤੇ ਇਹਨਾਂ ਕਰੈੱਚ ਕੇਂਦਰਾਂ ਨੂੰ ਆਂਗਣਵਾੜੀ ਸੈਂਟਰਾਂ ਵਿੱਚ ਤਬਦੀਲ ਕੀਤਾ ਜਾਵੇ । ਵਰਕਰਾਂ ਹੈਲਪਰਾਂ ਦੀ ਆਸ਼ਰਿਤ ਨੂੰ ਨੌਕਰੀ ਅਤੇ ਹੈਲਪਰ ਤੋਂ ਵਰਕਰ ਦੀ ਪ੍ਰਮੋਸ਼ਨ ਤੁਰੰਤ ਕੀਤੀ ਜਾਵੇ । ਪਿੰਡ ਬੱਲੂਆਣਾ ਦੀ ਆਂਗਣਵਾੜੀ ਹੈਲਪਰ ਦਲਜੀਤ ਕੌਰ ਜਿਸ ਦੀ ਕਰੋਨਾ ਨਾਲ ਡਿਊਟੀ ਦੌਰਾਨ ਮੌਤ ਹੋ ਗਈ ਹੈ ਦੇ ਪਰਿਵਾਰ ਨੂੰ 50 ਲੱਖ ਰੁਪਏ ਦਾ ਬੀਮਾ ਦਿੱਤਾ ਜਾਵੇ । ਇਸ ਤੋਂ ਇਲਾਵਾ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਕੋਲੋਂ ਹੋਰਨਾਂ ਵਿਭਾਗਾਂ ਦਾ ਕੰਮ ਨਾ ਲੈਣ ਦੀ ਵੀ ਮੰਗ ਰੱਖੀ ਗਈ । ਇਸ ਸਮੇਂ ਡਿਪਟੀ ਡਾਇਰੈਕਟਰ ਰੁਪਿੰਦਰ ਕੌਰ ਨੇ ਕਿਹਾ ਕਿ ਕਰੋਨਾ ਨਾਲ ਮਰਨ ਵਾਲੀ ਆਂਗਣਵਾੜੀ ਹੈਲਪਰ ਦਲਜੀਤ ਕੌਰ ਦੀ ਫਾਈਲ ਬਣਾ ਕੇ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਹੈ ਜਦੋਂ ਕਿ ਬਾਕੀ ਮੰਗਾਂ ਵੀ ਜਲਦੀ ਹੱਲ ਹੋ ਜਾਣਗੀਆਂ । ਉਹਨਾਂ ਕਿਹਾ ਕਿ ਡਾਇਰੈਕਟਰ ਦੀ ਡਿਊਟੀ ਚੋਣਾਂ ਵਿੱਚ ਲੱਗੀ ਹੋਣ ਕਰਕੇ ਕੁੱਝ ਦੇਰੀ ਹੋ ਰਹੀ ਹੈ ।