ਪਟਵਾਰੀ ਉਮੀਦਵਾਰਾਂ ਦਾ ਭਵਿੱਖ ਹਨੇਰੇ ਵਿੱਚ
ਚੰਡੀਗੜ੍ਹ , 5 ਜਨਵਰੀ (ਸੁਖਪਾਲ ਸਿੰਘ ਢਿੱਲੋਂ)- ਸਰਕਾਰ ਨੇ ਅਧੀਨ ਸੇਵਾਵਾਂ ਚੋਣ ਬੋਰਡ ਮੋਹਾਲੀ ਵੱਲੋਂ 1152 ਪਟਵਾਰੀ, ਜਿਲ੍ਹਾਦਾਰ ਅਤੇ ਨਹਿਰੀ ਪਟਵਾਰੀ ਅਸਾਮੀਆਂ ਭਰਨ ਲਈ ਜਨਵਰੀ 2021 ਵਿਚ ਇਸ਼ਤਿਹਾਰ ਜਾਰੀ ਕੀਤਾ ਸੀ, ਪਰ ਲਗਭਗ ਇਕ ਸਾਲ ਪੂਰਾ ਹੋਣ ਤੋਂ ਬਾਅਦ ਵੀ ਚੁਣੇ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਨਹੀਂ ਸੌਂਪੇ ਗਏ, ਕਿਉਕਿ ਅਧੀਨ ਸੇਵਾਵਾਂ ਚੋਣ ਬੋਰਡ ਵਲੋਂ ਅਜੇ ਤਕ ਚੁਣੇ ਹੋਏ ਉਮੀਦਵਾਰਾਂ ਦੀ ਸੂਚੀ ਤਿਆਰ ਨਹੀਂ ਕੀਤੀ ਗਈ। ਇਸ ਭਰਤੀ ਲਈ ਬੋਰਡ ਵਲੋਂ ਦੋ ਪੇਪਰ ਲਏ ਗਏ ਸਨ ਜਿਸਦਾ ਨਤੀਜਾ 17 ਸਤੰਬਰ ਨੂੰ ਘੋਸ਼ਿਤ ਕੀਤਾ ਗਿਆ ਸੀ। ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਦੀ ਕਾਊਂਸਲਿੰਗ 9 ਦਸੰਬਰ ਤੋਂ 20 ਦਸੰਬਰ ਤਕ ਕਰਾਈ ਗਈ ਪਰ ਉਸ ਤੋਂ ਬਾਅਦ ਬੋਰਡ ਨੇ ਉਮੀਦਵਾਰਾਂ ਦੀ ਸੂਚੀ ਨਹੀਂ ਤਿਆਰ ਕੀਤੀ, ਕਿਉਕਿ ਬੋਰਡ ਦੇ ਸਕੱਤਰ ਅਮਨਦੀਪ ਬਾਂਸਲ ਛੁੱਟੀ ਤੇ ਚਲੇ ਗਏ ਸਨ, ਹੁਣ ਬੋਰਡ ਦੇ ਸਕੱਤਰ ਲਈ ਸ਼੍ਰੀ ਕਮਲ ਕੁਮਾਰ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ। ਪਰ ਪਟਵਾਰੀ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਵਿਚ ਬੇਚੈਨੀ ਦਾ ਮਾਹੌਲ ਪੈਦਾ ਹੋ ਗਿਆ ਹੈ, ਕਿਉਕਿ ਜਿਵੇਂ ਜਿਵੇਂ ਸਮਾਂ ਲੰਘ ਰਿਹਾ ਹੈ,ਪੰਜਾਬ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ ਅਤੇ ਕਿਸੇ ਵੀ ਸਮੇਂ ਭਾਰਤੀ ਚੋਣ ਕਮਿਸ਼ਨ ਚੋਣਾਂ ਦਾ ਐਲਾਨ ਕਰ ਸਕਦਾ ਹੈ। ਚੋਣਾਂ ਦਾ ਐਲਾਨ ਹੁੰਦੇ ਹੀ ਚੋਣ ਜਾਬਤਾ ਲਾਗੂ ਹੋ ਜਾਵੇਗਾ ਜਿਸ ਨਾਲ ਉਮੀਦਵਾਰਾਂ ਨੂੰ ਲੰਬਾ ਸਮਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ। ਪਟਵਾਰੀ ਲਿਖਤੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਵਲੋਂ ਵਾਰ ਵਾਰ ਕੈਬਿਨਟ ਮੰਤਰੀ ਆਰੁਣਾ ਚੌਧਰੀ ਨਾਲ ਵੀ ਮੁਲਾਕਾਤ ਕੀਤੀ ਗਈ, ਜਿਨ੍ਹਾਂ ਨੇ ਭਰਤੀ ਨੂੰ ਜਲਦੀ ਮੁਕੰਮਲ ਕਰਨ ਦਾ ਭਰੋਸਾ ਦਿੱਤਾ, ਪਰ ਉਮੀਦਵਾਰਾਂ ਦੇ ਹੱਥ ਅਜੇ ਤਕ ਖਾਲੀ ਹਨ। ਅੱਜ ਤਾਰੀਕ 05 ਜਨਵਰੀ 2022 ਨੂੰ ਪਟਵਾਰੀ ਉਮੀਦਵਾਰ psssb board ਦੇ ਗੇਟ ਮੂਹਰੇ ਇਕੱਤਰ ਹੋਏ ਪਰ ਬੋਰਡ ਦੀ ਢਿੱਲੀ ਕਾਰਗੁਜ਼ਾਰੀ ਦੇਖ ਕੇ ਉਮੀਦਵਾਰ ਹੋਰ ਪਰੇਸ਼ਾਨ ਹੋ ਗਏ ਉਮੀਦਵਾਰਾਂ ਨੇ ਜਮ ਕੇ ਧਰਨਾ ਪ੍ਰਦਰਸ਼ਨ ਕੀਤਾ ਤੇ ਬੋਰਡ ਦਾ ਘਿਰਾਓ ਕੀਤਾ। ਤਕਰੀਬਨ 3 ਘੰਟੇ ਬਾਅਦ ਬੋਰਡ ਦੇ ਚੇਅਰਮੈਨ ਅਤੇ ਉਮੀਦਵਾਰਾਂ ਦੇ ਇਕ ਵਫਦ (ਜਿਸ ਦੇ ਪ੍ਰਧਾਨਗੀ ਜੋਗਿੰਦਰ ਸਿੰਘ ਕਰ ਰਹੇ ਸਨ)ਦੀ ਆਪਸ ਵਿੱਚ ਮੀਟਿੰਗ ਹੋਈ ਜਿਸ ਵਿਚ ਚੇਅਰਮੈਨ ਸਾਹਿਬ ਨੇ ਭਰੋਸਾ ਦਿਵਾਇਆ ਕਿ ਭਰਤੀ ਦੀਆਂ ਬਚਦੀਆਂ ਹੋਈਆਂ ਕਾਰਵਾਈਆਂ ਅਗਲੇ 3 ਦਿਨਾਂ ਦੇ ਅੰਦਰ ਪੂਰੀਆਂ ਕਰ ਦਿੱਤੀਆਂ ਜਾਣਗੀਆਂ। ਚੇਅਰਮੈਨ ਸਾਹਿਬ ਦੇ ਭਰੋਸੇ ਤੋਂ ਬਾਅਦ ਉਮੀਦਵਾਰਾਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਉਮੀਦਵਾਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਾਨੂੰ ਜਲਦੀ ਤੋਂ ਜਲਦੀ ਨਿਯੁਕਤੀ ਪੱਤਰ ਦਿੱਤੇ ਜਾਣ।