ਚੰਡੀਗੜ੍ਹ :
ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਅਤੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕਿਸਾਨ-ਅੰਦੋਲਨ 'ਚ ਔਰਤਾਂ ਅਤੇ ਨੌਜਵਾਨਾਂ ਦੀ ਸਰਗਰਮ ਸ਼ਮੂਲੀਅਤ ਨੇ ਸੰਘਰਸ਼ ਨੂੰ ਮਜ਼ਬੂਤ ਕੀਤਾ, ਇਸੇ ਕਰਕੇ ਤਾਨਾਸ਼ਾਹ ਸਰਕਾਰ ਨੂੰ ਝੁਕਾਉਣ ਵਿੱਚ ਅਸੀਂ ਕਾਮਯਾਬ ਹੋਏ ਹਾਂ। ਕਿਸਾਨ-ਆਗੂਆਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੇ ਕੇਂਦਰ ਸਰਕਾਰ ਦੇ 3 ਖੇਤੀ ਕਾਨੂੰਨਾਂ ਖ਼ਿਲਾਫ਼ ਸ਼ੁਰੂ ਕੀਤੇ ਦੇਸ਼-ਵਿਆਪੀ ਕਿਸਾਨ-ਅੰਦੋਲਨ 'ਚ ਇਤਿਹਾਸਕ ਭੂਮਿਕਾ ਨਿਭਾਈ ਹੈ। ਹਾਲਾਂਕਿ ਵੱਖ-ਵੱਖ ਕਿਸਾਨ-ਵਿਰੋਧੀ ਤਾਕਤਾਂ ਨੇ ਨੌਜਵਾਨਾਂ ਨੂੰ ਅੰਦੋਲਨ ਨਾਲੋਂ ਤੋੜਨ ਲਈ ਸਾਜ਼ਿਸ਼ਾਂ ਅਨੇਕਾਂ ਘੜੀਆਂ ਸਨ, ਪ੍ਰੰਤੂ ਨੌਜਵਾਨਾਂ ਨੇ ਸਾਰੀਆਂ ਸਾਜ਼ਿਸ਼ਾਂ ਨੂੰ ਬੇਨਕਾਬ ਵੀ ਕੀਤਾ ਹੈ ਅਤੇ ਲਗਾਤਾਰ ਸੁਚੇਤ ਵੀ ਹੋ ਰਹੇ ਹਨ। ਇਸੇ ਕਰਕੇ ਨੌਜਵਾਨ ਕਿਸਾਨ ਅੰਦੋਲਨ ਦੀ ਢਾਲ ਤੇ ਤਲਵਾਰ ਬਣੇ ਹਨ।
ਕਿਸਾਨ-ਆਗੂਆਂ ਨੇ ਕਿਹਾ ਕਿ ਇਕੱਠਾਂ ਵਿੱਚ ਕਿਸਾਨ ਔਰਤਾਂ ਦੀ ਸਰਗਰਮ ਸ਼ਮੂਲੀਅਤ ਨੇ ਸਾਬਿਤ ਕਰ ਦਿੱਤਾ ਕਿ ਉਹ ਕਿਸੇ ਵੀ ਤਰ੍ਹਾਂ ਮਾਨਸਿਕ ਅਤੇ ਸਰੀਰਕ ਲੜਾਈਆਂ ਵਿੱਚ ਪਿੱਛੇ ਰਹਿਣ ਵਾਲੀਆਂ ਨਹੀਂ, ਬਲਕਿ ਬਰਾਬਰ ਦੀ ਹੈਸੀਅਤ ਵਿੱਚ ਸ਼ਾਮਿਲ ਹੁੰਦੀਆਂ ਹਨ। ਉਹ ਆਪਣੀ ਜਗ੍ਹਾ ਹਾਸਿਲ ਕਰਨ ਲਈ ਜਾਗਰੂਕ ਵੀ ਹਨ ਅਤੇ ਸਟੇਜਾਂ ਤੋਂ ਵਿਚਾਰਧਾਰਕ ਤੇ ਜਥੇਬੰਦਕ ਅਗਵਾਈ ਦੇਣ ਦੇ ਸਮਰੱਥ ਵੀ। ਇਨ੍ਹਾਂ ਵੱਡੀਆਂ ਸਟੇਜਾਂ ਤੋਂ ਔਰਤਾਂ ਦੇ ਬੋਲਣ ਅਤੇ ਉਨ੍ਹਾਂ ਨੂੰ ਸੁਣਨ ਦੀ ਰਵਾਇਤ ਭਵਿੱਖ ਵਿੱਚ ਅੰਦੋਲਨਾਂ ਦੀ ਮਜ਼ਬੂਤੀ ਅਤੇ ਔਰਤਾਂ ਨੂੰ ਸੰਘਰਸ਼ਾਂ ਵਿਚ ਹੋਰ ਸਰਗਰਮ ਥਾਂ ਦੇਣ ਦਾ ਆਧਾਰ ਬਣੇਗੀ। ਔਰਤਾਂ ਨੇ ਆਪਣੇ ਨਾਲ ਹੋਣ ਵਾਲੇ ਸਮਾਜਿਕ ਵਿਤਕਰਿਆਂ ਨੂੰ ਵੀ ਉਭਾਰਿਆ ਹੈ ਅਤੇ ਅੰਦੋਲਨਾਂ ਰਾਹੀਂ ਹਰ ਤਰ੍ਹਾਂ ਦੀ ਬੇਇਨਸਾਫ਼ੀ ਖ਼ਿਲਾਫ਼ ਲੜਨ ਦੀ ਦ੍ਰਿੜ੍ਹਤਾ ਦਾ ਪ੍ਰਗਟਾਵਾ ਕੀਤਾ ਹੈ।