ਸ੍ਰੀ ਮੁਕਤਸਰ ਸਾਹਿਬ ਵਿਖੇ ਨਾਇਬ ਤਹਿਸੀਲਦਾਰ ਜਗਮੇਲ ਸਿੰਘ ਸ਼ੇਰਗਿੱਲ ਨੂੰ ਪਾਰਟੀ ’ਚ ਸ਼ਾਮਲ ਕਰਨ ਸਮੇਂ ਜਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਂਮ, ਲੋਕ ਸਭਾ ਇੰਚਾਰਜ਼ ਜਸ਼ਨ ਬਰਾੜ ਅਤੇ ਆਪ ਉਮੀਦਵਾਰ ਜਗਦੀਪ ਸਿੰਘ ‘ਕਾਕਾ ਬਰਾੜ’। |
ਸ੍ਰੀ ਮੁਕਤਸਰ ਸਾਹਿਬ, 24 ਦਸੰਬਰ :
ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ‘ਕਾਕਾ ਬਰਾੜ’ ਦੇ ਗ੍ਰਹਿ ਵਿਖੇ ਜਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਂਮ ਦੀ ਅਗਵਾਈ ਹੇਠ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਜਿਸ ’ਚ ਲੋਕ ਸਭਾ ਇੰਚਾਰਜ਼ ਜਸ਼ਨ ਬਰਾੜ ਲੱਖੇਵਾਲੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਦੌਰਾਨ ਸਾਬਕਾ ਨਾਇਬ ਤਹਿਸੀਲਦਾਰ ਜਗਮੇਲ ਸਿੰਘ ਸ਼ੇਰਗਿੱਲ ਨੂੰ ਘਰ ਵਾਪਸੀ ਕਰਵਾਈ ਗਈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਲੋਕ ਸਭਾ ਇੰਚਾਰਜ਼ ਜਸ਼ਨ ਬਰਾੜ ਲੱਖੇਵਾਲੀ, ਜਿਲ੍ਹਾ ਪ੍ਰਧਾਨ ਜਗਦੇਵ ਸਿੰਘ ਬਾਂਮ ਅਤੇ ‘ਆਪ’ ਉਮੀਦਵਾਰ ਜਗਦੀਪ ਸਿੰਘ ‘ਕਾਕਾ ਬਰਾੜ’ ਨੇ ਆਖਿਆ ਕਿ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਸਾਬਕਾ ਨਾਇਬ ਤਹਿਸੀਲਦਾਰ ਜਗਮੇਲ ਸਿੰਘ ਸ਼ੇਰਗਿੱਲ ਕਿਸੇ ਕਾਰਨਾਂ ਕਰਕੇ ਸ਼੍ਰੋਮਣੀ ਅਕਾਲੀ ਦਲ ਬਾਦਲ ’ਚ ਸ਼ਾਮਲ ਹੋ ਗਏ ਸਨ ਪ੍ਰੰਤੂ ਉਨ੍ਹਾਂ ਨੂੰ ਅਕਾਲੀ ਦਲ ਦੀਆਂ ਨੀਤੀਆਂ ਪਸੰਦ ਨਹੀਂ ਆਈਆਂ ਜਿਸ ਕਾਰਨ ਉਨ੍ਹਾਂ ਨੇ ਘਰ ਵਾਪਸੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਆਉਣ ਨਾਲ ਪਾਰਟੀ ਨੂੰ ਬਲ ਮਿਲਿਆ ਅਤੇ ਆਉਣ ਵਾਲੇ ਦਿਨਾਂ ’ਚ ਘਰ ਘਰ ਜਾਕੇ ਪਾਰਟੀ ਦੀਆਂ ਨੀਤੀਆਂ ਬਾਰੇ ਜਾਗਰੂਕ ਕਰਨਗੇ। ਇਸ ਮੌਕੇ ਪਾਰਟੀ ’ਚ ਸ਼ਾਮਲ ਹੋਏ ਜਗਮੇਲ ਸਿੰਘ ਸ਼ੇਰਗਿੱਲ ਨੇ ਆਖਿਆ ਕਿ ਕੁਝ ਮਨ ਮੁਟਾਵ ਕਰਕੇ ਉਨ੍ਹਾਂ ਨੇ ‘ਆਪ’ ਛੱਡਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ ਪ੍ਰੰਤੂ ਉਨ੍ਹਾਂ ਨੂੰ ਬਣਦਾ ਸਤਿਕਾਰ ਨਹੀਂ ਮਿਲਿਆ ਜਿਸ ਕਾਰਨ ਉਹ ਘਰ ਵਾਪਸੀ ਕਰ ਰਹੇ ਹਨ। ਉਨ੍ਹਾਂ ਪਾਰਟੀ ਦੇ ਆਗੂਆਂ ਨੂੰ ਵਿਸ਼ਵਾਸ ਦੁਆਇਆ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਪਹਿਲਾ ਪਾਰਟੀ ਲਈ ਮਿਹਨਤ ਕੀਤੀ ਉਸੇ ਤਰ੍ਹਾਂ ਮਿਹਨਤ ਜਾਰੀ ਰਹੇਗੀ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਦਿਨ ਰਾਤ ਮਿਹਨਤ ਕਰਨਗੇ। ਇਸ ਮੌਕੇ ਨਾਇਬ ਤਹਿਸੀਲਦਾਰ ਜਗਮੇਲ ਸਿੰਘ ਸ਼ੇਰਗਿੱਲ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਬੱਬਲੂ ਬਰਾੜ, ਨੰਬਰਦਾਰ ਰਾਜਬੀਰ ਸਿੰਘ, ਸ਼ਕਤੀ ਖੂੰਗਰ, ਜਤਿੰਦਰ ਖੰਨਾ, ਸਾਹਿਲ ਕੁੱਬਾ ਆਦਿ ਹਾਜ਼ਰ ਸਨ।