-ਲੋਕਾਂ ਨੂੰ ਸ਼ਾਂਤੀ ਬਰਕਰਾਰ ਰੱਖਣ ਦੀ ਕੀਤੀ ਅਪੀਲ
-ਧਮਾਕੇ ’ਚ ਮਾਰੇ ਗਏ ਪੀੜਤਾਂ ਦੀ ਦੁਖਦਾਈ ਮੌਤ ’ਤੇ ਪ੍ਰਗਟਾਇਆ ਦੁੱਖ
ਚੰਡੀਗੜ, 23 ਦਸੰਬਰ:
ਅੱਜ ਬਾਅਦ ਦੁਪਹਿਰ ਕੋਰਟ ਕੰਪਲੈਕਸ ਲੁਧਿਆਣਾ ਵਿੱਚ ਹੋਏ ਬੰਬ ਧਮਾਕੇ ਵਿੱਚ ਦੋ ਨਾਗਰਿਕਾਂ ਦੇ ਮਾਰੇ ਜਾਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ ਦੇ ਪ੍ਰਸ਼ਾਸਕ ਸ੍ਰੀ ਬਨਵਾਰੀਲਾਲ ਪੁਰੋਹਿਤ ਨੇ ਕਿਹਾ, “ਇਹ ਬਹੁਤ ਹੀ ਚਿੰਤਾਜਨਕ ਅਤੇ ਮੰਦਭਾਗੀ ਘਟਨਾ ਹੈ। ਮੈਂ ਮਿ੍ਰਤਕਾਂ ਦੇ ਪਰਿਵਾਰਾਂ ਪ੍ਰਤੀ ਦਿਲੀ ਹਮਦਰਦੀ ਪ੍ਰਗਟਉਂਦਾ ਹਾਂ ਅਤੇ ਸਾਰੇ ਜਖਮੀਆਂ ਦੇ ਜਲਦ ਠੀਕ ਹੋਣ ਲਈ ਅਰਦਾਸ ਕਰਦਾ ਹਾਂ।”
ਉਨਾਂ ਕਿਹਾ ਕਿ ਮੈਂ ਇਸ ਗ਼ੈਰ-ਮਨੁੱਖੀ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਜਿਸ ਨਾਲ ਸ਼ਹਿਰ ਦੇ ਵਿੱਚੋ-ਵਿੱਚ ਦੋ ਨਾਗਰਿਕਾਂ ਦੀ ਮੌਤ ਹੋਈ ਹੈ। ਉਨਾਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਅਪੀਲ ਕੀਤੀ । ਉਨਾਂ ਕਿਹਾ ਕਿ ਅਜਿਹੀਆਂ ਗ਼ੈਰ-ਸਮਾਜਿਕ ਗਤੀਵਿਧੀਆਂ ਨਾਲ ਸੂਬੇ ਦੀ ਸ਼ਾਂਤੀ, ਏਕਤਾ, ਅਖੰਡਤਾ ਤੇ ਭਾਈਚਾਰਕ-ਸਾਂਝ ਭੰਗ ਨਹੀਂ ਹੋਣੀ ਚਾਹੀਦੀ । ਉਨਾਂ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਮਿਲਣ ਤੱਕ ਸਾਨੂੰ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜਕੇ ਖੜਨ ਦੀ ਲੋੜ ਹੈ।