ਪਿੰਡ ਫੱਤਣਵਾਲਾ ਵਿਖੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪੁਤਲਾ ਫੂਕਦੀਆਂ ਹੋਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ।
ਸ੍ਰੀ ਮੁਕਤਸਰ ਸਾਹਿਬ , 16 ਦਸੰਬਰ ( ਢਿੱਲੋਂ )-
ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ 18 ਪਿੰਡਾਂ ਵਿੱਚ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਦੇ ਪੁੱਤਲੇ ਫੂਕੇ ਗਏ ਤੇ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ । ਵਰਕਰਾਂ ਤੇ ਹੈਲਪਰਾਂ ਨੇ ਇਹ ਪੁੱਤਲੇ ਪਿੰਡ ਫੱਤਣਵਾਲਾ , ਹਰੀਕੇ ਕਲਾਂ , ਸਰਾਏਨਾਗਾ , ਕੋਟਲੀ ਸੰਘਰ , ਚੜੇਵਾਨ , ਖੱਪਿਆਂਵਾਲੀ , ਰਣਜੀਤਗੜ੍ਹ , ਦਿਹਾਤੀ ਸ੍ਰੀ ਮੁਕਤਸਰ ਸਾਹਿਬ , ਸੰਗੂਧੋਣ , ਡੋਹਕ , ਲੁਬਾਣਿਆਂਵਾਲੀ , ਵਾਰਡ ਨੰਬਰ ਇੱਕ ਤੇ ਵਾਰਡ ਨੰਬਰ ਚਾਰ ਸ੍ਰੀ ਮੁਕਤਸਰ ਸਾਹਿਬ , ਮਹਾਂਬੱਧਰ , ਰਹੂੜਿਆਂ ਵਾਲੀ , ਚੱਕ ਰਾਮਨਗਰ , ਗੋਨੇਆਣਾ ਤੇ ਜਵਾਹਰੇ ਵਾਲਾ ਵਿਖੇ ਫੂਕੇ । ਜਥੇਬੰਦੀ ਦਾ ਸਰਕਾਰ ਤੇ ਦੋਸ਼ ਹੈ ਕਿ ਉਹਨਾਂ ਦੀਆਂ ਮੰਗਾਂ ਨੂੰ ਪਿਛਲੇਂ ਪੰਜ ਸਾਲਾਂ ਤੋਂ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ । ਜਿਸ ਕਰਕੇ ਜਥੇਬੰਦੀ ਨੂੰ ਸੰਘਰਸ਼ ਦੇ ਰਾਹ ਤੁਰਨਾ ਪੈ ਰਿਹਾ ਹੈ । ਵੱਖ-ਵੱਖ ਥਾਵਾਂ ਤੇ ਬੋਲਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ , ਜ਼ਿਲਾ ਪ੍ਰਧਾਨ ਛਿੰਦਰਪਾਲ ਕੌਰ ਥਾਂਦੇਵਾਲਾ , ਬਲਾਕ ਮਲੋਟ ਦੀ ਪ੍ਰਧਾਨ ਕਿਰਨਜੀਤ ਕੌਰ ਭੰਗਚੜ੍ਹੀ , ਬਲਾਕ ਗਿੱਦੜਬਾਹਾ ਦੀ ਪ੍ਰਧਾਨ ਜਸਵਿੰਦਰ ਕੌਰ ਬੱਬੂ ਦੋਦਾ ਤੇ ਬਲਾਕ ਲੰਬੀ ਦੀ ਪ੍ਰਧਾਨ ਕੁਲਦੀਪ ਕੌਰ ਪੰਜਾਵਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਆਂਗਣਵਾੜੀ ਸੈਂਟਰਾਂ ਦੇ ਖੋਹੇ ਹੋਏ ਬੱਚੇ ਵਾਪਸ ਕੀਤੇ ਜਾਣ ਤੇ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ । ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ ਅਤੇ ਬਾਕੀ ਮੰਗਾਂ ਮੰਨੀਆਂ ਜਾਣ ।