ਕਾਂਗਰਸ ਦੀ ਸਰਕਾਰ ਨੇ ਵਰਕਰਾਂ ਤੇ ਹੈਲਪਰਾਂ ਨੂੰ ਝੂਠੇ ਲਾਰਿਆਂ ਵਿੱਚ ਰੱਖਿਆ - ਹਰਗੋਬਿੰਦ ਕੌਰ
ਮੋਰਿੰਡਾ , 21ਨਵੰਬਰ (ਸੁਖਪਾਲ ਸਿੰਘ ਢਿੱਲੋਂ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਅੱਜ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ ਦੇ ਪਿੰਡਾਂ ਵਿੱਚ ਰੋਸ ਮਾਰਚ ਕੀਤਾ ਤੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਕੀਤੇ ਗਏ ਵਿਤਕਰੇ ਤੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਜਾਣੂੰ ਕਰਵਾਇਆ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦਾ ਵੱਡਾ ਕਾਫ਼ਲਾ ਮੋਰਿੰਡਾ ਤੋਂ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦਾ ਹੋਇਆ ਤੁਰਿਆ ਤੇ ਫੇਰ ਇਹ ਕਾਫ਼ਲਾ ਪਿੰਡ ਕਾਝਲਾਂ , ਕਲਾਰਾ , ਚਕਲਾ , ਰਾਮਗੜ੍ਹ , ਲੁਫੇੜੀ , ਰੁੜਕੀ , ਪਿੱਪਲ ਮਾਜਰਾ , ਭੂਰੜੇ , ਸੰਧੂਆ , ਸੈਦਪੁਰ , ਚਮਕੌਰ ਸਾਹਿਬ , ਸਲਾਹਪੁਰ , ਧੁੰਮੇਵਾਲ , ਵਜੀਦਪੁਰ , ਰਸੀਦ ਪੁਰ , ਕੋਟਲਾ , ਟੱਪਰੀਆ ਅਮਰ ਸਿੰਘ , ਖੋਖਰਾ , ਬਹਿਰਾਮਪੁਰ ਬੇਟ , ਸੱਲੋਮਾਜਰਾ , ਮੁੰਡੀਆਂ , ਗੱਗੋ , ਸੇਧਰਾਮ , ਤਾਲਾਪੁਰ , ਤਹਿਰ , ਕੋਟਲੀ , ਦੁੱਗਰੀ , ਬੂਰਮਾਜਰਾ , ਧਨੋਰੀ , ਗੋਪਾਲਪੁਰ ਤੇ ਸਹੇੜੀ ਆਦਿ ਪਿੰਡਾਂ ਵਿੱਚ ਪੁੱਜਿਆ । ਵੱਖ-ਵੱਖ ਪਿੰਡਾਂ ਵਿੱਚ ਬੋਲਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਨੇ 2017 ਤੋਂ ਲੈ ਕੇ ਹੁਣ ਤੱਕ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਮਤਰੇਈ ਤੇ ਵਾਲਾ ਸਲੂਕ ਕੀਤਾ ਹੈ ਤੇ ਉਹਨਾਂ ਨੂੰ ਅੱਖੋਂ ਪਰੋਖੇ ਰੱਖਿਆ ਹੈ ਤੇ ਉਹਨਾਂ ਦੀ ਇੱਕ ਵੀ ਮੰਗ ਨਹੀਂ ਮੰਨੀ ਤੇ ਉਲਟਾ ਝੂਠੇ ਲਾਰਿਆਂ ਵਿੱਚ ਰੱਖ ਕੇ ਖੱਜਲ ਖੁਆਰ ਕੀਤਾ ਹੈ , ਪਰ ਜਥੇਬੰਦੀ ਸੂਬੇ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਹੱਕ ਲੈਣ ਲਈ ਸੰਘਰਸ਼ ਜਾਰੀ ਰੱਖੇਗੀ । ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੇ ਇਸ ਕਾਫ਼ਲੇ ਨੂੰ ਪਿੰਡਾਂ ਦੇ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਤੇ ਨਾਅਰੇਬਾਜ਼ੀ ਵੀ ਕੀਤੀ ।
ਇਸ ਮੌਕੇ ਰੀਮਾ ਰਾਣੀ ਰੋਪੜ , ਬਲਜੀਤ ਕੌਰ ਕੁਰਾਲੀ , ਗੁਰਮੀਤ ਕੌਰ ਬਠਿੰਡਾ , ਗੁਰਮੀਤ ਕੌਰ ਜੈਤੋ ਫਰੀਦਕੋਟ , ਮਨਜੀਤ ਕੌਰ ਸਿੱਧਵਾਂ ਬੇਟ , ਪ੍ਰਕਾਸ਼ ਕੌਰ ਮਮਦੋਟ , ਸ਼ੀਲਾ ਦੇਵੀ ਫਾਜ਼ਿਲਕਾ , ਇੰਦਰਜੀਤ ਕੌਰ ਖੂਹੀਆਂ ਸਰਵਰ , ਸੁਰਿੰਦਰ ਕੌਰ ਮਲੇਰਕੋਟਲਾ , ਹਰਬੰਸ ਕੌਰ ਮੋਰਿੰਡਾ , ਕੁਲਦੀਪ ਕੌਰ ਚਮਕੌਰ ਸਾਹਿਬ , ਰਾਜ ਕੌਰ ਘੱਲ ਖੁਰਦ , ਮਨਜੀਤ ਕੌਰ ਫਿਰੋਜ਼ਪੁਰ , ਜਸਵਿੰਦਰ ਕੌਰ ਦੋਦਾ , ਰੀਟਾ ਰਾਣੀ ਮੌੜ , ਮਨਮੀਤ ਕੌਰ ਨਥਾਣਾ , ਹਰਬੰਸ ਕੌਰ ਨਿਹਾਲ ਸਿੰਘ ਵਾਲਾ ਤੇ ਨਰਿੰਦਰ ਕੌਰ ਸ੍ਰੀ ਮੁਕਤਸਰ ਸਾਹਿਬ ਆਦਿ ਆਗੂ ਮੌਜੂਦ ਸਨ ।