ਆਂਗਣਵਾੜੀ ਵਰਕਰਾਂ ਦੇ ਮਾਣ ਭੱਤੇ ਵਿੱਚ ਵਾਧਾ ਕਰਨ ਦਾ ਦਿੱਤਾ ਭਰੋਸਾ
ਸ੍ਰੀ ਮੁਕਤਸਰ ਸਾਹਿਬ , 26 ਨਵੰਬਰ (ਸੁਖਪਾਲ ਸਿੰਘ ਢਿੱਲੋਂ) : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਵਫ਼ਦ ਨੇ ਅੱਜ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸ੍ਰੀ ਮੁਕਤਸਰ ਸਾਹਿਬ ਵਿਖੇ ਪੁੱਜੇ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਮੀਟਿੰਗ ਕੀਤੀ ਤੇ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ । ਵਫ਼ਦ ਨੇ ਮੰਗ ਕੀਤੀ ਕਿ ਸੂਬੇ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ ਤੇ ਹੋਰ ਮੰਗਾਂ ਮੰਨੀਆਂ ਜਾਣ । ਵਫ਼ਦ ਦੀ ਗੱਲ ਸੁਣਨ ਤੋਂ ਬਾਅਦ ਉੱਪ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਾਣ ਭੱਤਾ ਦਿੱਤਾ ਜਾਵੇਗਾ । ਉਹਨਾਂ ਕਿਹਾ ਇਸ ਸਬੰਧੀ ਜਲਦੀ ਹੀ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਕਰਵਾਈ ਜਾਵੇਗੀ । ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਛਿੰਦਰਪਾਲ ਕੌਰ , ਸੁਖਵਿੰਦਰ ਕੌਰ ਸੰਗੂਧੌਣ , ਚਰਨਜੀਤ ਕੌਰ ਮੁਕਤਸਰ , ਰਾਜਪਾਲ ਕੌਰ ਚੜੇਵਾਨ , ਅੰਮ੍ਰਿਤਪਾਲ ਕੌਰ ਥਾਂਦੇਵਾਲਾ ਮੌਜੂਦ ਸਨ ।